ਮਾਜਰਾ ਸਥਿਤ ਸ਼ਿਵਾਲਿਕ ਕਚਰਾ ਪਲਾਂਟ ਖ਼ਿਲਾਫ਼ ਹੋਇਆ ਪੰਜਾਬ, ਹਿਮਾਚਲ, ਹਰਿਆਣਾ ਦੇ ਸੰਘਰਸ਼ੀ ਯੋਧਿਆਂ ਦਾ ਭਾਰੀ ਇਕੱਠ
ਭਰਤਗੜ੍ਹ/ਨਾਲਾਗੜ੍ਹ, 26 ਅਗਸਤ (ਜਸਬੀਰ ਸਿੰਘ ਬਾਵਾ)- ਪੰਜਾਬ ਦੀ ਸਰਹੱਦ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡ ਮਾਜਰਾ ‘ਚ ਚੱਲ ਰਹੇ ਸ਼ਿਵਾਲਿਕ ਵੇਸਟ ਮੈਨੇਜਮੈਂਟ,ਕਚਰਾ ਪਲਾਂਟ ਦੇ ਵਿਰੋਧ ‘ਚ ਚੱਲ ਰਹੇ ਸੰਘਰਸ਼ ਨੇ ਉਸ ਸਮੇਂ ਵੱਡਾ ਰੂਪ ਧਾਰ ਲਿਆ, ਜਦੋਂ ਪੰਜਾਬ, ਹਿਮਾਚਲ ਅਤੇ ਹਰਿਆਣਾ ਤੋਂ ਵੱਖ-ਵੱਖ ਸੰਘਰਸ਼ਕਾਰੀ ਯੋਧਿਆਂ, ਨਿਹੰਗ ਸਿੰਘ ਜਥੇਬੰਦੀਆਂ, ਗਊ ਰੱਖਿਆ ਦਲ, ਟੈਕਸੀ ਯੂਨੀਅਨਾਂ ਅਤੇ ਹੋਰ ਸਮਾਜਿਕ ਸੰਗਠਨਾਂ ਦੇ ਨੁਮਾਇੰਦੇ ਵੱਡੀ ਗਿਣਤੀ ‘ਚ ਮਾਜਰੇ ਦੀਆਂ ਸੰਘਰਸ਼ ਕਰ ਰਹੀਆਂ ਮਹਿਲਾਵਾਂ ਦੇ ਹੱਕ ‘ਚ ਪਹੁੰਚੇ। ਸੰਘਰਸ਼ਕਾਰੀਆਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਲੜਾਈ ਕਿਸੇ ਰਿਆਇਤ ਲਈ ਨਹੀਂ, ਸਗੋਂ ਪੰਜਾਬ ਦੀ ਸਰਹੱਦ ਨਾਲ ਲੱਗੇ ਖੇਤਰ ਵਿਚ ਕਚਰਾ ਪਲਾਂਟ ਅਤੇ ਕਥਿਤ ਤੌਰ ‘ਤੇ ਪ੍ਰਦੂਸ਼ਣ ਫੈਲਾਉਣ ਵਾਲੇ ਕੈਮੀਕਲ ਉਦਯੋਗਾਂ ਨੂੰ ਬੰਦ ਕਰਵਾਉਣ ਲਈ ਹੈ।
ਭਰਤਗੜ੍ਹ/ਨਾਲਾਗੜ੍ਹ, 26 ਅਗਸਤ (ਜਸਬੀਰ ਸਿੰਘ ਬਾਵਾ)- ਪੰਜਾਬ ਦੀ ਸਰਹੱਦ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡ ਮਾਜਰਾ ‘ਚ ਚੱਲ ਰਹੇ ਸ਼ਿਵਾਲਿਕ ਵੇਸਟ ਮੈਨੇਜਮੈਂਟ,ਕਚਰਾ ਪਲਾਂਟ ਦੇ ਵਿਰੋਧ ‘ਚ ਚੱਲ ਰਹੇ ਸੰਘਰਸ਼ ਨੇ ਉਸ ਸਮੇਂ ਵੱਡਾ ਰੂਪ ਧਾਰ ਲਿਆ, ਜਦੋਂ ਪੰਜਾਬ, ਹਿਮਾਚਲ ਅਤੇ ਹਰਿਆਣਾ ਤੋਂ ਵੱਖ-ਵੱਖ ਸੰਘਰਸ਼ਕਾਰੀ ਯੋਧਿਆਂ, ਨਿਹੰਗ ਸਿੰਘ ਜਥੇਬੰਦੀਆਂ, ਗਊ ਰੱਖਿਆ ਦਲ, ਟੈਕਸੀ ਯੂਨੀਅਨਾਂ ਅਤੇ ਹੋਰ ਸਮਾਜਿਕ ਸੰਗਠਨਾਂ ਦੇ ਨੁਮਾਇੰਦੇ ਵੱਡੀ ਗਿਣਤੀ ‘ਚ ਮਾਜਰੇ ਦੀਆਂ ਸੰਘਰਸ਼ ਕਰ ਰਹੀਆਂ ਮਹਿਲਾਵਾਂ ਦੇ ਹੱਕ ‘ਚ ਪਹੁੰਚੇ। ਸੰਘਰਸ਼ਕਾਰੀਆਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਲੜਾਈ ਕਿਸੇ ਰਿਆਇਤ ਲਈ ਨਹੀਂ, ਸਗੋਂ ਪੰਜਾਬ ਦੀ ਸਰਹੱਦ ਨਾਲ ਲੱਗੇ ਖੇਤਰ ਵਿਚ ਕਚਰਾ ਪਲਾਂਟ ਅਤੇ ਕਥਿਤ ਤੌਰ ‘ਤੇ ਪ੍ਰਦੂਸ਼ਣ ਫੈਲਾਉਣ ਵਾਲੇ ਕੈਮੀਕਲ ਉਦਯੋਗਾਂ ਨੂੰ ਬੰਦ ਕਰਵਾਉਣ ਲਈ ਹੈ। ਸਬੰਧਿਤ ਨੁਮਾਇੰਦਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ‘ਤੇ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਸਮੇਂ ‘ਚ ਸਖ਼ਤ ਫ਼ੈਸਲੇ ਲਏ ਜਾ ਸਕਦੇ ਹਨ, ਜਿਨ੍ਹਾਂ ਵਿਚ ਸੂਬਾਈ ਸਰਹੱਦਾਂ ‘ਤੇ ਰੋਸ ਪ੍ਰਦਰਸ਼ਨ ਵੀ ਸ਼ਾਮਲ ਹੋ ਸਕਦੇ ਹਨ। ਸੰਘਰਸ਼ਕਾਰੀਆਂ ਮੁਤਾਬਿਕ ਭਰਤਗੜ੍ਹ-ਨਾਲਾਗੜ੍ਹ ਰਾਜ ਮਾਰਗ ‘ਤੇ ਹਿਮਾਚਲ ਦੇ ਪਹਿਲੇ ਪਿੰਡ ਦਭੋਟਾ ਦੇ ਬਿਲਕੁਲ ਨਾਲ ਲੱਗਦੇ ਪਿੰਡ ਮਾਜਰਾ ‘ਚ ਸ਼ਿਵਾਲਿਕ ਕਚਰਾ ਪਲਾਂਟ ਦੇ ਨਾਂਅ ‘ਤੇ ਹਿਮਾਚਲ ਦੀਆਂ ਵੱਖ-ਵੱਖ ਉਦਯੋਗਾਂ ਦਾ ਕਚਰਾ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕਚਰੇ ਦੀ ਸੰਭਾਲ ਤੇ ਨਿਪਟਾਰੇ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਬਰਸਾਤ ਦੇ ਦਿਨਾਂ ਵਿਚ ਕਚਰੇ ਤੇ ਕਥਿਤ ਰਸਾਇਣਿਕ ਪਦਾਰਥਾਂ ਦਾ ਪਾਣੀ ਸਰਸਾ ਨਦੀ ਵਿਚ ਜਾਣ ਕਾਰਨ ਹੇਠਲੇ ਇਲਾਕਿਆਂ ਵਿਚ ਪ੍ਰਦੂਸ਼ਣ ਦਾ ਖ਼ਤਰਾ ਵੱਧ ਰਿਹਾ ਹੈ। ਸੰਘਰਸ਼ਕਾਰੀਆਂ ਨੇ ਕਿਹਾ ਕਿ ਸਰਸਾ ਰਾਹੀਂ ਇਹ ਪਾਣੀ ਪੰਜਾਬ ਵਿਚ ਦਾਖ਼ਲ ਹੋ ਕੇ ਸਤਲੁਜ ਤੱਕ ਪਹੁੰਚਦਾ ਹੈ, ਜਿਸ ਕਾਰਨ ਪੰਜਾਬ ਦੇ ਹੇਠਲੇ ਇਲਾਕਿਆਂ ਵਿਚ ਵੀ ਵਾਤਾਵਰਨ, ਪਾਣੀ, ਖੇਤੀਬਾੜੀ ਅਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਹੋ ਰਹੀਆਂ ਹਨ। ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਾਬਾ ਅੱਛਰ ਸਿੰਘ ਮਹਾਂਕਾਲ, ਗੋਰਕਸ਼ਾ ਦਲ ਹਰਿਆਣਾ ਦੇ ਆਗੂ, ਚਮਕੌਰ ਸਾਹਿਬ ਮੋਰਚਾ ਦੇ ਮੁੱਖ ਆਗੂ ਖੁਸ਼ਵਿੰਦਰ ਸਿੰਘ ਜੰਡਪੁਰ, ਭਗਵੰਤ ਸਿੰਘ ਮਟੌਰ, ਵੱਖ-ਵੱਖ ਟੈਕਸੀ ਯੂਨੀਅਨਾਂ ਦੇ ਆਗੂ ਅਤੇ ਦਬੋਟਾ, ਭਾਂਗਲਾ, ਨਾਲਾਗੜ੍ਹ ਸਮੇਤ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸੰਘਰਸ਼ਕਾਰੀ ਮੌਜੂਦ ਸਨ। ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਵੀ ਹਿਮਾਚਲ ਦੇ ਸੰਘਰਸ਼ਕਾਰੀਆਂ ਨਾਲ ਖੜ੍ਹਨ ਅਤੇ ਉਨ੍ਹਾਂ ਦੇ ਹਰ ਪ੍ਰੋਟੈਸਟ ਵਿਚ ਸਾਥ ਦੇਣ ਦਾ ਭਰੋਸਾ ਦਿੱਤਾ। ਸੰਘਰਸ਼ਕਾਰੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਚਮਕੌਰ ਸਾਹਿਬ ਮੋਰਚਾ ਦੇ ਆਗੂ ਖੁਸ਼ਵਿੰਦਰ ਸਿੰਘ ਜੰਡਪੁਰ, ਬਾਬਾ ਅੱਛਰ ਸਿੰਘ ਮਹਾਕਾਲ ਤੇ ਭਗਵੰਤ ਸਿੰਘ ਮਟੌਰ ਨੇ ਕਿਹਾ ਕਿ ਹਿਮਾਚਲ ਦੀਆਂ ਫ਼ੈਕਟਰੀਆਂ ਵਲੋਂ ਪੰਜਾਬ ਦੀ ਸਰਹੱਦ ਨੇੜੇ ਕਥਿਤ ਤੌਰ ‘ਤੇ ਕੈਮੀਕਲ ਅਤੇ ਹੋਰ ਕਚਰਾ ਲਿਆਂਦੇ ਜਾਣ ਦੇ ਮਾਮਲੇ ਵਿਚ ਸਖ਼ਤ ਕਾਰਵਾਈ ਦੀ ਲੋੜ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਿਮਾਚਲ ਸਰਕਾਰ ਵਲੋਂ ਅਜਿਹੀਆਂ ਇਕਾਈਆਂ ਖ਼ਿਲਾਫ਼ ਲੋੜੀਂਦੀ ਸਖ਼ਤੀ ਨਹੀਂ ਕੀਤੀ ਜਾ ਰਹੀ ਹੈ। ਧਰਨੇ ‘ਤੇ ਬੈਠੀਆਂ ਮਾਜਰੇ ਦੀਆਂ ਮਹਿਲਾਵਾਂ ਨੇ ਆਪਣੇ ਇਲਾਕੇ ‘ਚ ਲੋਕਾਂ ਨੂੰ ਦਰਪੇਸ਼ ਸਿਹਤ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਕਈ ਪਰਿਵਾਰਾਂ ਦੇ ਮੈਂਬਰ ਬਿਮਾਰੀਆਂ ਤੋਂ ਪੀੜਤ ਹਨ। ਉਨ੍ਹਾਂ ਵੱਖ-ਵੱਖ ਕਿਸਮ ਦੀਆਂ ਐਲਰਜੀਆਂ ਅਤੇ ਚਮੜੀ ਨਾਲ ਸਬੰਧਿਤ ਗੰਭੀਰ ਸਮੱਸਿਆਵਾਂ ਦਾ ਵੀ ਦਾਅਵਾ ਕੀਤਾ। ਸੰਘਰਸ਼ਕਾਰੀਆਂ ਨੇ ਮੰਗ ਕੀਤੀ ਕਿ ਇਲਾਕੇ ਦੇ ਪਾਣੀ, ਮਿੱਟੀ ਅਤੇ ਹਵਾ ਦੀ ਸਰਕਾਰੀ ਪੱਧਰ ‘ਤੇ ਵਿਗਿਆਨਕ ਜਾਂਚ ਕਰਵਾਈ ਜਾਵੇ ਅਤੇ ਜੇਕਰ ਪ੍ਰਦੂਸ਼ਣ ਦੀ ਪੁਸ਼ਟੀ ਹੁੰਦੀ ਹੈ ਤਾਂ ਜ਼ਿੰਮੇਵਾਰ ਇਕਾਈਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਸੰਘਰਸ਼ਕਾਰੀਆਂ ਨੇ ਕਿਹਾ ਕਿ ਇਹ ਲੜਾਈ ਸਿਰਫ਼ ਮਾਜਰੇ ਦੇ ਲੋਕਾਂ ਦੀ ਨਹੀਂ, ਸਗੋਂ ਪੰਜਾਬ ਅਤੇ ਹਿਮਾਚਲ ਦੇ ਸਰਹੱਦੀ ਇਲਾਕਿਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ, ਪਾਣੀ, ਖੇਤੀਬਾੜੀ ਤੇ ਵਾਤਾਵਰਨ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਉਦਯੋਗਿਕ ਇਕਾਈਆਂ ਦੇ ਹਿਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਢੇਰੋਵਾਲ ਨੇੜੇ ਆਰਸੀਵੀ ਨਾਮਕ ਸਪਿਰਿਟ ਤੇ ਈਥਾਨੋਲ ਫ਼ੈਕਟਰੀ ਲਗਾਉਣ ਦੀਆਂ ਕੋਸ਼ਿਸ਼ਾਂ ਦਾ ਵੀ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਜਲਦ ਹੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਧਰਨੇ ‘ਤੇ ਬੈਠੀਆਂ ਬੀਬੀਆਂ ਅਤੇ ਸੰਘਰਸ਼ਕਾਰੀਆਂ ਨੇ ਧਰਨਾ ਸਥਲ ਤੋਂ ਸ਼ਿਵਾਲਿਕ ਕਚਰਾ ਪਲਾਂਟ ਤੱਕ ਰੋਸ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਹਿਮਾਚਲ ਸਰਕਾਰ ਅਤੇ ਕਥਿਤ ਵਾਤਾਵਰਨ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਬਾਰਡਰ ਬੰਦ ਕਰਨ ਵਰਗੇ ਸਖ਼ਤ ਕਦਮ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਨਰੇਸ਼ ਕੁਮਾਰ, ਤਰਲੋਚਨ ਸਿੰਘ, ਰਾਜੇਸ਼ ਸ਼ਰਮਾ, ਸਿੱਧੂ ਰਾਮ, ਕੁਲਬੀਰ ਸਿੰਘ ਬੰਗਾ, ਇੰਸਪੈਕਟਰ ਗੁਰਬਚਨ ਸਿੰਘ ਬਹਿਸ, ਰਿਟਾਇਰਡ ਡੀਐਫਸੀ ਹਰਭਜਨ ਸਿੰਘ, ਹਰਪ੍ਰੀਤ ਸਿੰਘ, ਆਜ਼ਾਦ ਟੈਕਸੀ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕਮਲਜੀਤ ਸਿੰਘ ਸੋਨੂ, ਬਸੀ, ਕਨੌਲੀ, ਸੂਬੇਦਾਰ ਰੋਸ਼ਨ ਲਾਲ ਸਮੇਤ ਭਾਰੀ ਗਿਣਤੀ ‘ਚ ਸੰਘਰਸ਼ਕਾਰੀ ਮੌਜੂਦ ਸਨ।