ਰੂਪਨਗਰ,02 ਜੂਨ (ਯਸ਼ਵੰਤ ਬੱਸੀ)-ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਰੂਪਨਗਰ ਨਾਲ ਸੰਬੰਧਿਤ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਨੇ ਰੂਪਨਗਰ ਵਿਖੇ ਸਰਕਾਰ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਬੰਦ ਲਿਫਾਫੇ ਵਿੱਚ ਡੀ .ਏ .ਤੇ ਸਕੇਲਾਂ ਸਬੰਧੀ ਪੇਸ਼ ਕੀਤੀ ਗਈ ਰਿਪੋਰਟ ਦੀਆਂ ਕਾਪੀਆਂ ਨੂੰ ਸਾੜਿਆ ਗਿਆ। ਇਸ ਮੌਕੇ ਯੂਨੀਅਨ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਖੇ ਜੋ ਗੁਪਤ ਰਿਪੋਰਟ ਪੇਸ਼ ਕੀਤੀ ਗਈ ਹੈ, ਉਹ ਰਿਪੋਰਟ ਝੂਠ ਦਾ ਪੁਲੰਦਾ ਹੈ ।ਸਰਕਾਰ ਵੱਲੋਂ ਮੁਲਾਜਮਾਂ ਦਾ ਬਣਦਾ ਹੱਕ ਦੇਣ ਦੀ ਬਿਜਾਏ ਤਨਖਾਹ ਸਕੇਲ ਘਟਾਉਣ ਲਈ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ,ਜੋ ਕਿ ਮੁਲਾਜ਼ਮਾਂ ਨਾਲ਼ ਸ਼ਰੇਆਮ ਬੇਇਨਸਾਫ਼ੀ ਹੈ। ਆਗੂਆਂ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਨੇ ਮੁਲਾਜ਼ਮਾਂ ਨਾਲ ਅਦਾਲਤ ਚ ਜਾ ਕੇ ਧੋਖਾ ਕੀਤਾ ਹੈ ,ਜਿਸ ਦਾ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਮਨਿਸਟੀਰੀਅਲ ਕਰਮਚਾਰੀਆਂ ਦੀਆਂ ਅਹਿਮ ਮੰਗਾਂ ਜਿਵੇਂ ਕਿ ਡੀ.ਏ.ਦੀਆਂ ਕਿਸਤਾਂ ਜਾਰੀ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਕੱਚੇ ਮੁਲਾਜ਼ਮ ਪੱਕੇ ਕਰਨਾ, ਛੇਵੇਂ ਪੇ ਕਮਿਸ਼ਨ ਅਨੁਸਾਰ ਏ.ਸੀ.ਪੀ. ਸਕੀਮ ਲਾਗੂ ਕਰਨਾ ਆਦਿ ਕੁੱਲ 31 ਮੰਗਾਂ ਦੀ ਪ੍ਰਾਪਤੀ ਲਈ ਮੁਲਾਜਮ ਵਰਗ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਸਬੰਧੀ ਕੋਈ ਗੌਰ ਨਹੀਂ ਕੀਤੀ ਜਾ ਰਹੀ ਹੈ ਅਤੇ ਅੜੀਅਲ ਵਤੀਰ ਅਪਣਾਇਆ ਜਾ ਰਿਹਾ ਹੈ। ਯੂਨੀਅਨ ਆਗੂਆਂ ਵੱਲੋਂ ਦੱਸਿਆ ਗਿਆ ਕਿ ਜੇਕਰ ਸੂਬਾ ਬਾਡੀ ਦੀ ਸਰਕਾਰ ਨਾ ਹੋਣ ਵਾਲੀ ਮੀਟਿੰਗ ਵਿੱਚ ਕੋਈ ਸਿੱਟਾ ਨਾ ਨਿਕਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਖਿਲਾਫ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਇਸ ਮੋਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਰੇਵਾਲ,ਜਸਵਿੰਦਰ ਕੌਰ ਵਾਇਸ ਚੇਅਰਮੈਨ, ਅਮਨਦੀਪ ਸਿੰਘ, ਜਨਰਲ ਸਕੱਤਰ, ਜਗਤਾਰ ਸਿੰਘ ਗਿੱਲ, ਪ੍ਰਿੰਸਪਾਲ, ਤੇਜਵੀਰ ਸਿੰਘ ਖਜਾਨਚੀ, ਰਾਜੇਸ਼ ਰਾਣਾ ਸੁਪਰਡੈਂਟ,ਨਰਿੰਦਰ ਸਿੰਘ, ਦਿਨੇਸ਼ ਜੈਨ, ਪ੍ਰਭਜੋਤ ਸਿੰਘ, ਕਮਲਜੀਤ ਸਿੰਘ ,ਰਜੀਵ ਕਾਂਤ ਸੁਪਰਡੈਂਟ, ਅਮਰਜੀਤ ਸਿੰਘ ,ਸਚਿਨ ਜੋਸ਼ੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋ ਅਹੁਦੇਦਾਰ/ਕਰਮਚਾਰੀ ਸ਼ਾਮਿਲ ਸਨ ।