ਸ਼ਿਮਲਾ, 31 ਅਕਤੂਬਰ (ਪੀ.ਟੀ.ਆਈ)-ਪੁਲਿਸ ਨੇ ਦੱਸਿਆ ਕਿ ਇੱਥੇ ਇੱਕ ਗੱਡੀ ਦੇ ਖੱਡ ਵਿਚ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਵਿਚ ਇਕ ਆਦਮੀ ਅਤੇ ਉਸਦੀ ਮਾਂ ਸ਼ਾਮਿਲ ਹਨ।ਇਹ ਹਾਦਸਾ ਦਰੋਤੀ ਖੇਤਰ ਵਿਚ ‘ਪਾਨੂ ਨਾਲਾ’ ਨੇੜੇ ਵਾਪਰਿਆ ਜਦੋਂ ਇਹ ਆਦਮੀ ਆਪਣੀ ਮਾਂ ਅਤੇ ਕੁਝ ਮਜ਼ਦੂਰਾਂ ਨੂੰ ਆਪਣੇ ਖੇਤਾਂ ਵਿਚ ਕੰਮ ਕਰਨ ਲਈ ਲੈ ਕੇ ਜਾ ਰਿਹਾ ਸੀ। ਦਰੋਤੀ ਦੇ ਰਹਿਣ ਵਾਲੇ ਕੁਸ਼ਲ ਅਤੇ ਉਸਦੀ ਮਾਂ ਕਲਪਨਾ ਦੇਵੀ ਦੀ ਇਸ ਹਾਦਸੇ ਵਿਚ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਨਿਪਾਲ ਦੀਆਂ ਤਿੰਨ ਔਰਤਾਂ, ਨਿਰਮਲਾ, ਮੀਨਾ ਅਤੇ ਰੋਸ਼ਨੀ, ਜੋ ਕਿ ਇਲਾਕੇ ਵਿਚ ਮਜ਼ਦੂਰ ਵਜੋਂ ਕੰਮ ਕਰ ਰਹੀਆਂ ਸਨ, ਨੇ ਵੀ ਹਾਦਸੇ ਵਿਚ ਆਪਣੀ ਜਾਨ ਗੁਆ ਦਿੱਤੀ। ਜ਼ਖ਼ਮੀ ਵਿਅਕਤੀ ਨੂੰ ਪਹਿਲਾਂ ਰੋਹੜੂ ਦੇ ਇਕ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿਚ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।ਪੁਲਿਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਅਤੇ ਜ਼ਖ਼ਮੀਆਂ ਦੇ ਸਹੀ ਇਲਾਜ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ।