ਸ੍ਰੀ ਅਨੰਦਪੁਰ ਸਾਹਿਬ, 02 ਜੂਨ (ਜੇ ਐਸ ਨਿੱਕੂਵਾਲ) -ਵੋਕੇਸ਼ਨਲ ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਉਪਰੰਤ ਤਿੰਨ ਦਿਨ ਦੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਵਾਰ ਵਾਰ ਮੀਟਿੰਗਾਂ ਦੇ ਕੇ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕਰਨ ਤੋਂ ਭੱਜ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਹਿਲਾਂ 19 ਮਈ, 2 ਜੂਨ ਅਤੇ ਹੁਣ 10 ਜੂਨ ਮੀਟਿੰਗ ਕਰਨ ਦੀ ਗੱਲ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਮੀਟਿੰਗਾਂ ਵਾਰ ਵਾਰ ਅੱਗੇ ਪਾਈ ਜਾ ਰਹੀਆਂ ਹਨ।ਇਸ ਮੌਕੇ ਅਧਿਆਪਕਾਂ ਵਲੋਂ ਅਰਥੀ ਫੁਕ ਮੁਜ਼ਾਰਾ ਕੀਤਾ ਗਿਆ। ਜਿਸ ਵਿਚ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਗਿਆ।ਆਗੂਆਂ ਨੇ ਕਿਹਾ ਕਿ ਨਿੱਜੀ ਕੰਪਨੀਆਂ ਦੇ ਸ਼ੋਸ਼ਣ ਦਾ ਸ਼ਿਕਾਰ 3670 ਅਧਿਆਪਕ ਪਿਛਲੇ 12 ਸਾਲਾਂ ਤੋਂ ਪੱਕੇ ਹੋਣ ਦੀ ਮੰਗ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਪੱਕੇ ਧਰਨੇ ਦੌਰਾਨ ਹੋਣ ਵਾਲੀ ਘਟਨਾ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਗੁਪਤ ਐਕਸ਼ਨ ਕੀਤੇ ਜਾਣਗੇ।ਇਸ ਮੌਕੇ ਤੀਜੇ ਦਿਨ ਮਹਿਤਾਬ ਸਿੰਘ ਫ਼ਿਰੋਜ਼ਪੁਰ, ਗੁਰਜੀਤ ਸਿੰਘ ਫ਼ਿਰੋਜ਼ਪੁਰ, ਸੰਦੀਪ ਕੌਰ, ਮੀਨਾ ਕੁਮਾਰੀ ਅਤੇ ਸੁਖਵੀਰ ਜਲੰਧਰ ਆਦਿ ਅਧਿਆਪਕਾਂ ਵਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ।