ਐੱਸ. ਏ. ਐੱਸ. ਨਗਰ, 12 ਸਤੰਬਰ (ਕਪਿਲ ਵਧਵਾ)-ਮੁਹਾਲੀ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਦੌਰਾਨ ਐਡਵੋਕੇਟ ਰਣਜੋਧ ਸਿੰਘ ਸਰਾਓ ਨੇ ਪ੍ਰਧਾਨ ਦੇ ਅਹੁਦੇ ਲਈ 246 ਵੋਟਾਂ ਹਾਸਿਲ ਕਰਕੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਦੇ ਮੁਕਾਬਲੇ ਐਡਵੋਕੇਟ ਔਲਖ ਨੂੰ 200 ਅਤੇ ਐਡਵੋਕੇਟ ਪ੍ਰਾਸ਼ਰ ਨੂੰ ਕੇਵਲ 191 ਵੋਟਾਂ ਹੀ ਮਿਲੀਆਂ। ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਹਰਪ੍ਰੀਤ ਸਿੰਘ 304 ਵੋਟਾਂ ਹਾਸਿਲ ਕਰਕੇ ਜੇਤੂ ਰਹੇ, ਜਦਕਿ ਐਡਵੋਕੇਟ ਮਨਪ੍ਰੀਤ ਸਿੰਘ ਦੇ ਹਿੱਸੇ ਕੇਵਲ 299 ਵੋਟਾਂ ਹੀ ਆਈਆਂ। ਇਸ ਚੋਣ ਪ੍ਰਕਿਰਿਆ ਦੌਰਾਨ 5 ਵੋਟਾਂ ਅਵੈਧ ਰਹੀਆਂ ਅਤੇ 30 ਵੋਟਾਂ ਹੋਰਨਾਂ ਬਕਸਿਆਂ ਵਿਚ ਪਾਈਆਂ ਜਾਣ ਕਾਰਨ ਇਸ ਸੰਬੰਧੀ ਅੰਤਿਮ ਐਲਾਨ ਬਾਅਦ ਵਿਚ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਇਸੇ ਤਰ੍ਹਾਂ ਕੈਸ਼ੀਅਰ ਦੇ ਅਹੁਦੇ ਲਈ ਐਡਵੋਕੇਟ ਪ੍ਰਭਪ੍ਰੀਤ ਸਿੰਘ ਨੇ 396 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ, ਜਦਕਿ ਉਨ੍ਹਾਂ ਦੇ ਮੁਕਾਬਲੇ ‘ਚ ਖੜ੍ਹੇ ਐਡਵੋਕੇਟ ਸੌਰਭ ਨੂੰ ਕੇਵਲ 231 ਵੋਟਾਂ ਹੀ ਮਿਲੀਆਂ। ਇਸ ਤੋਂ ਇਲਾਵਾ ਲਾਇਬ੍ਰੇਰੀ ਇੰਚਾਰਜ ਦੇ ਅਹੁਦੇ ਲਈ ਐਡਵੋਕੇਟ ਵੀਰ ਦਵਿੰਦਰ ਸਿੰਘ 312 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਉਨ੍ਹਾਂ ਦੇ ਮੁਕਾਬਲੇ ਕੇਹਰ ਨੂੰ 177 ਅਤੇ ਨਾਗਰਥ ਨੂੰ 138 ਵੋਟਾਂ ਮਿਲੀਆਂ। ਇਸੇ ਤਰ੍ਹਾਂ ਵਾਈਸ ਪ੍ਰਧਾਨ ਜਨਰਲ ਸ਼੍ਰੇਣੀ ਦੇ ਅਹੁਦੇ ਲਈ ਐਡਵੋਕੇਟ ਦਲਜੀਤ ਸਿੰਘ ਪੂਨੀਆ ਨੇ 312 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਗੁਰਦੀਪ ਸਿੰਘ ਨੂੰ 248 ਅਤੇ ਅਮਰਜੀਤ ਸਿੰਘ ਨੂੰ 72 ਵੋਟਾਂ ਮਿਲੀਆਂ। ਵਾਈਸ ਪ੍ਰਧਾਨ ਰਾਖਵੀਂ ਸ਼੍ਰੇਣੀ ਦੀ ਚੋਣ ਦੌਰਾਨ ਐਡਵੋਕੇਟ ਕੁਲਵਿੰਦਰ ਕੌਰ 364 ਵੋਟਾਂ ਲੈ ਕੇ ਜੇਤੂ ਰਹੇ, ਜਦਕਿ ਅਨੂੰ ਨੂੰ 262 ਵੋਟਾਂ ਮਿਲੀਆਂ। ਇਸੇ ਤਰ੍ਹਾਂ ਸੰਯੁਕਤ ਸਕੱਤਰ ਦੇ ਅਹੁਦੇ ਲਈ ਹੋਈ ਵੋਟਿੰਗ ਦੌਰਾਨ ਮਨਪ੍ਰੀਤ ਕੌਰ ਨਿਰਵਿਰੋਧ ਜੇਤੂ ਰਹੀ। ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਕਰੀਬ 650 ਵੋਟਾਂ ‘ਚੋਂ 638 ਵੋਟਾਂ ਪੋਲ ਹੋਣ ਦੀ ਜਾਣਕਾਰੀ ਮਿਲੀ ਹੈ। ਵੋਟਾਂ ਵਿਚ ਭਾਰੀ ਸ਼ਮੂਲੀਅਤ ਦਿਖਾਉਣ ਵਾਲੇ ਵਕੀਲਾਂ ਦੀ ਦਿਲਚਸਪੀ ਅਤੇ ਉਤਸ਼ਾਹ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਐਡਵੋਕੇਟ ਜਸ਼ਨਪ੍ਰੀਤ ਸਿੰਘ ਸੰਧੂ ਨੇ ਜੇਤੂ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਟੀਮ ਮੁਹਾਲੀ ਬਾਰ ਐਸੋਸੀਏਸ਼ਨ ਦੇ ਵਿਕਾਸ ਅਤੇ ਵਕੀਲਾਂ ਦੀ ਭਲਾਈ ਲਈ ਪੁਰਜ਼ੋਰ ਯਤਨ ਕਰੇਗੀ।