ਜ਼ੀਰਕਪੁਰ, 21 ਜਨਵਰੀ (ਮਨਿੰਦਰ ਸਿੰਘ)-ਪੀਰਮੁਛੱਲਾ ਇਲਾਕੇ 'ਚ ਡੀ-ਮਾਰਟ ਨੇੜੇ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਇਕ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ | ਜ਼ਖਮੀ ਵਿਅਕਤੀ ਦੀ ਪਛਾਣ ਇੰਦਰਜੀਤ ਮਾਨ (32) ਨਿਵਾਸੀ ਪਿੰਡ ਖੇੜਾ ਖੇਮਾਵਤੀ ਜ਼ਿਲ੍ਹਾ ਜੀਂਦ (ਹਰਿਆਣਾ) ਵਜੋਂ ਹੋਈ ਹੈ | ਹਾਦਸੇ 'ਚ ਇੰਦਰਜੀਤ ਦੇ ਸਿਰ ਅਤੇ ਖੱਬੀ ਲੱਤ 'ਤੇ ਗੰਭੀਰ ਸੱਟਾਂ ਲੱਗੀਆਂ ਸਨ, ਜਦਕਿ ਇਸ ਹਾਦਸੇ 'ਚ ਮੋਟਰਸਾਈਕਲ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਸੀ | ਪੁਲਿਸ ਨੂੰ ਦਿੱਤੇ ਬਿਆਨ 'ਚ ਜ਼ਖਮੀ ਦੇ ਦੋਸਤ ਗੁਰਪ੍ਰੀਤ ਸਿੰਘ (33) ਵਾਸੀ ਝੁੰਗੀਆ ਰੋਡ ਖਰੜ ਨੇ ਦੱਸਿਆ ਕਿ 17 ਜਨਵਰੀ ਦੀ ਰਾਤ ਲਗਪਗ 1:30 ਵਜੇ ਉਹ ਤੇ ਉਸ ਦਾ ਦੋਸਤ ਇੰਦਰਜੀਤ ਤੰਦੂਰੀ ਜੰਕਸ਼ਨ ਪੀਰਮੁਛੱਲਾ ਤੋਂ ਢਕੌਲੀ ਵੱਲ ਮੋਟਰਸਾਈਕਲ 'ਤੇ ਜਾ ਰਹੇ ਸਨ | ਇਸ ਦੌਰਾਨ ਇੰਦਰਜੀਤ ਮੋਟਰਸਾਈਕਲ ਚਲਾ ਰਿਹਾ ਸੀ, ਜਦਕਿ ਇਕ ਹੋਰ ਦੋਸਤ ਦੂਜੇ ਮੋਟਰਸਾਈਕਲ 'ਤੇ ਉਸਦੇ ਪਿੱਛੇ ਆ ਰਿਹਾ ਸੀ | ਇਸ ਦੌਰਾਨ ਜਿਵੇਂ ਹੀ ਉਹ ਪੀਰਮੁਛੱਲਾ ਡੀ-ਮਾਰਟ ਦੇ ਨੇੜੇ ਪਹੁੰਚੇ ਤਾਂ ਇਕ ਚਿੱਟੇ ਰੰਗ ਦੀ ਕੀਆ ਸੇਲਟੋਸ ਕਾਰ ਦੇ ਡਰਾਈਵਰ ਨੇ ਸੜਕ ਦੇ ਗਲਤ ਪਾਸੇ ਲਾਪਰਵਾਹੀ ਨਾਲ ਗੱਡੀ ਚਲਾਉਂਦਿਆਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਇਸ ਟੱਕਰ ਤੋਂ ਬਾਅਦ ਦੋਵੇਂ ਸੜਕ 'ਤੇ ਡਿੱਗ ਪਏ | ਇਹ ਟੱਕਰ ਲੱਗਣ ਨਾਲ ਇੰਦਰਜੀਤ ਦੇ ਸਿਰ ਤੋਂ ਬਹੁਤ ਜ਼ਿਆਦਾ ਖੂਨ ਵਹਿਣ ਲੱਗਾ ਅਤੇ ਉਹ ਬੇਹੋਸ਼ ਹੋ ਗਿਆ | ਇਸ ਦੌਰਾਨ ਰਾਹਗੀਰਾਂ, ਕਾਰ ਡਰਾਈਵਰ ਤੇ ਸੁਸਾਇਟੀ ਦੇ ਸੁਰੱਖਿਆ ਗਾਰਡ ਦੀ ਮਦਦ ਨਾਲ ਜ਼ਖਮੀ ਵਿਅਕਤੀ ਨੂੰ ਅਲਕੈਮਿਸਟ ਹਸਪਤਾਲ ਸੈਕਟਰ 21 ਪੰਚਕੂਲਾ ਲਿਜਾਇਆ ਗਿਆ, ਜਿਥੋਂ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ. ਪਰ ਪਰਿਵਾਰਕ ਮੈਂਬਰ ਆਉਣ ਤੋਂ ਬਾਅਦ ਉਸ ਨੂੰ ਮੁਹਾਲੀ ਦੇ ਮੈਕਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਹ ਇਸ ਸਮੇਂ ਜ਼ੇਰੇ ਇਲਾਜ ਹੈ | ਗੁਰਪ੍ਰੀਤ ਸਿੰਘ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |