ਐੱਸ. ਏ. ਐੱਸ. ਨਗਰ, 21 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਹਾਈਕੋਰਟ ਦੇ ਹੁਕਮਾਂ ਤਹਿਤ ਗਮਾਡਾ ਤੇ ਨਗਰ ਨਿਗਮ ਦੀਆਂ ਟੀਮਾਂ ਵਲੋਂ ਮੁਹਾਲੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਸਰਕਾਰੀ ਜ਼ਮੀਨਾਂ 'ਤੇ ਕੀਤੇ ਗਏ ਗ਼ੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਲਈ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਚਲਾਈ ਗਈ ਮੁਹਿੰਮ 'ਐਂਟੀ ਇਨਕਰੋਚਮੈਂਟ ਡਰਾਈਵ' ਤਹਿਤ ਅੱਜ ਫੇਜ਼-3ਬੀ1 ਅਤੇ ਫੇਜ਼-3ਬੀ2 ਵਿਖੇ ਕਾਰਵਾਈ ਅਮਲ 'ਚ ਲਿਆਂਦੀ ਗਈ | ਇਸ ਦੌਰਾਨ ਫੇਜ਼-3ਬੀ1 ਅਤੇ ਫੇਜ਼-3ਬੀ2 ਦੀਆਂ ਬੀ ਰੋਡਜ਼ ਵਾਲੀਆਂ ਕੋਠੀਆਂ ਦੇ ਮਾਲਕਾਂ ਵਲੋਂ ਸੜਕ ਦੇ ਨਾਲ-ਨਾਲ ਨਾਜਾਇਜ਼ ਕਬਜ਼ੇ ਕਰਕੇ ਲਗਾਏ ਗਏ ਲੋਹੇ ਦੇ ਗੇਟਾਂ, ਪਾਰਕਿੰਗ ਸ਼ੈੱਡਾਂ ਤੇ ਲੈਂਡ ਸਕੇਪਿੰਗ ਕਰਵਾ ਕੇ ਲਗਵਾਈਆਂ ਗਈਆਂ ਵਾੜਾਂ /ਜਾਲੀਆਂ ਆਦਿ ਨੂੰ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਹਟਾ ਦਿੱਤਾ ਗਿਆ | ਇਸ ਮੌਕੇ ਫੇਜ਼-3ਬੀ2 ਦੀਆਂ ਕਨਾਲ ਦੀਆਂ ਕੋਠਿਆਂ ਵਾਲੇ ਇਲਾਕੇ ਵਿਚ ਇਕ ਗਰੀਨ ਬੈਲਟ 'ਤੇ ਕਬਜ਼ਾ ਕਰਕੇ ਬੈਠੇ ਕਈ ਕੋਠੀਆਂ ਦੇ ਮਾਲਕਾਂ ਵਲੋਂ ਗਰੀਨ ਬੈਲਟ ਦੀ ਸੜਕ ਨਾਲ ਲੱਗਦੀ ਸਾਈਡ 'ਤੇ ਲੋਹੇ ਦੀਆਂ ਜਾਲੀਆਂ ਤੇ ਗੇਟ ਲਗਾ ਕੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਹਟਾਉਣ ਮੌਕੇ ਕੋਠੀ ਮਾਲਕਾਂ ਵਲੋਂ ਅਧਿਕਾਰੀਆਂ ਨਾਲ ਬਹਿਸ ਕਰਦਿਆਂ ਇਸ ਕਾਰਵਾਈ ਨੂੰ ਰੋਕਣ ਦੀ ਮੰਗ ਕੀਤੀ ਗਈ | ਕੋਠੀ ਮਾਲਕਾਂ ਦਾ ਕਹਿਣਾ ਸੀ ਕਿ ਇਸ ਇਲਾਕੇ ਵਿਚ ਚੋਰੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਕਾਰਨ ਇਹ ਜਾਲੀਆਂ ਤੇ ਗੇਟ ਇਲਾਕੇ 'ਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਤੇ ਨਸ਼ੇੜੀ ਲੋਕਾਂ ਦੇ ਇਸ ਇਲਾਕੇ ਵਿਚ ਦਾਖ਼ਲੇ ਨੂੰ ਰੋਕਣ 'ਚ ਸਹਾਇਤਾ ਕਰਦੇ ਹਨ, ਜਿਨ੍ਹਾਂ ਨੂੰ ਸਵੇਰੇ ਸਮੇਂ ਖੋਲਿ੍ਹਆ ਜਾਂਦਾ ਹੈ ਤੇ ਰਾਤ ਨੂੰ ਬੰਦ ਕਰ ਦਿੱਤਾ ਜਾਂਦਾ ਹੈ | ਇਸ ਕਾਰਵਾਈ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਦੀਆਂ ਬੀ ਤੇ ਸੀ ਰੋਡਜ਼ 'ਤੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਵੱਡੀ ਗਿਣਤੀ ਕੋਠੀ ਮਾਲਕਾਂ ਵਲੋਂ ਆਪਣੇ ਪੱਧਰ 'ਤੇ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ | ਇਨ੍ਹਾਂ ਕੋਠੀ ਮਾਲਕਾਂ ਦਾ ਕਹਿਣਾ ਸੀ ਕਿ ਅਧਿਕਾਰੀਆਂ ਵਲੋਂ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਕਬਜ਼ਾ ਹਟਾਉਣ ਮੌਕੇ ਜ਼ਿਆਦਾ ਨੁਕਸਾਨ ਹੁੰਦਾ ਹੈ, ਇਸ ਲਈ ਉਹ ਆਪਣੇ ਪੱਧਰ 'ਤੇ ਹੀ ਗਰੈਂਡਰ ਤੇ ਵੈਲਡਿੰਗ ਸੈੱਟ ਦੀ ਮਦਦ ਨਾਲ ਲੋਹੇ ਦੀਆਂ ਜਾਲੀਆਂ ਨੂੰ ਕੱਟ ਰਹੇ ਹਨ ਤੇ ਇਥੇ ਲਗਾਏ ਹੋਏ ਬੂਟਿਆਂ ਆਦਿ ਨੂੰ ਹੋਰ ਥਾਵਾਂ 'ਤੇ ਤਬਦੀਲ ਕਰ ਰਹੇ ਹਨ |