ਨਵੀਂ ਦਿੱਲੀ, 13 ਨਵੰਬਰ- ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਸ਼ੁੱਕਰਵਾਰ ਨੂੰ ਦਿੱਲੀ ਨੇ ਪਾਕਿਸਤਾਨ ਦੇ ਲਾਹੌਰ ਨੂੰ ਪਛਾੜਦਿਆਂ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਦਾ ਦਰਜਾ ਹਾਸਲ ਕਰ ਲਿਆ। ਸ਼ਹਿਰ ਵਿਚ ਜ਼ਹਿਰੀਲੇ ਧੂੰਏਂ ਅਤੇ ਸੰਘਣੀ ਧੁੰਦ ਦੀ ਪਰਤ ਛਾ ਜਾਣ ਕਾਰਨ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਹੋ ਗਈ ਹੈ। ਇਸ ਦੇ ਨਾਲ ਹੀ ਸੜਕਾਂ ’ਤੇ ਦਿਸਣ ਦੀ ਸਮਰੱਥਾ ਵੀ ਕਾਫ਼ੀ ਘਟ ਗਈ ਹੈ।
ਸਵੇਰ ਸਮੇਂ ਦਿੱਲੀ ਦੀਆਂ ਪ੍ਰਮੁੱਖ ਸੜਕਾਂ ’ਤੇ ਵਾਹਨ ਅਤੇ ਮੋਟਰਸਾਈਕਲ ਸੰਘਣੇ ਸਮੌਗ ਵਿਚੋਂ ਲੰਘਦੇ ਦਿਖਾਈ ਦਿੱਤੇ। ਪ੍ਰਦੂਸ਼ਣ ਦੀ ਇੰਨੀ ਸੰਘਣੀ ਪਰਤ ਸੀ ਕਿ ਸਟਰੀਟ ਲਾਈਟਾਂ ਦੀ ਰੌਸ਼ਨੀ ਵੀ ਧੁੰਦਲੀ ਪੈ ਗਈ।
ਸਵਿਸ ਹਵਾ ਗੁਣਵੱਤਾ ਨਿਗਰਾਨੀ ਸੰਸਥਾ ‘ਆਈਕਿਊਏਅਰ’ (IQAir) ਦੇ ਅੰਕੜਿਆਂ ਅਨੁਸਾਰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 334 ਦਰਜ ਕੀਤਾ ਗਿਆ, ਜਿਸ ਕਾਰਨ ਇਹ ਵਿਸ਼ਵ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਪਹਿਲੇ ਸਥਾਨ ’ਤੇ ਪਹੁੰਚ ਗਈ। ਆਮ ਤੌਰ ’ਤੇ 50 ਤੱਕ ਦਾ AQI ਪੱਧਰ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ।
ਉੱਧਰ, ਭਾਰਤ ਦੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਦਿੱਲੀ ਦਾ AQI 403 ਦਰਜ ਕੀਤਾ ਗਿਆ, ਜੋ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। IQAir ਅਤੇ CPCB ਦੇ ਅੰਕੜਿਆਂ ਵਿਚ ਫ਼ਰਕ ਦਾ ਮੁੱਖ ਕਾਰਨ ਦੋਵਾਂ ਸੰਸਥਾਵਾਂ ਵਲੋਂ ਹਵਾ ਦੀ ਗੁਣਵੱਤਾ ਮਾਪਣ ਅਤੇ ਉਸ ਦੀਆਂ ਸ਼੍ਰੇਣੀਆਂ ਨਿਰਧਾਰਤ ਕਰਨ ਲਈ ਵਰਤੇ ਜਾਂਦੇ ਵੱਖ-ਵੱਖ ਮਾਪਦੰਡ ਹਨ।
ਜ਼ਿਕਰਯੋਗ ਹੈ ਕਿ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਉੱਤਰੀ ਭਾਰਤ ਅਤੇ ਪਾਕਿਸਤਾਨ ਦੇ ਕਈ ਇਲਾਕਿਆਂ ਵਿਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਤਾਪਮਾਨ ਵਿਚ ਗਿਰਾਵਟ ਅਤੇ ਹਵਾਵਾਂ ਦੀ ਘੱਟ ਗਤੀ ਕਾਰਨ ਵਾਹਨਾਂ ਵਿਚੋਂ ਨਿਕਲਣ ਵਾਲਾ ਧੂੰਆਂ, ਉਸਾਰੀ ਕਾਰਜਾਂ ਦੀ ਧੂੜ ਅਤੇ ਖੇਤਾਂ ਵਿਚ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲਾ ਧੂੰਆਂ ਵਾਤਾਵਰਨ ਦੀ ਹੇਠਲੀ ਪਰਤ ਵਿਚ ਹੀ ਇਕੱਠਾ ਹੋ ਜਾਂਦਾ ਹੈ। ਇਸ ਕਾਰਨ ਜ਼ਹਿਰੀਲੇ ਕਣਾਂ ਦੀ ਮਾਤਰਾ ਵਧ ਜਾਂਦੀ ਹੈ ਅਤੇ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਧਦੇ ਪ੍ਰਦੂਸ਼ਣ ਨੇ ਦਿੱਲੀ ਵਾਸੀਆਂ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਸਾਹ ਸਬੰਧੀ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਅਜਿਹੀ ਹਵਾ ਗੰਭੀਰ ਸਿਹਤ ਖ਼ਤਰਾ ਬਣ ਸਕਦੀ ਹੈ।