ਜਤਿੰਦਰ ਭੰਬੀ
ਲੁਧਿਆਣਾ, 29 ਮਾਰਚ-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਲੱਗੇ ਨੀਵੇਂ ਟਰਾਂਸਫ਼ਾਰਮਰ ਅਤੇ ਬਿਜਲੀ ਦੀਆਂ ਤਾਰਾਂ ਦੇ ਜੰਜਾਲ ਸ਼ਹਿਰ ਦੇ ਕਹਿੰਦੇ ਕਹਾਉਂਦੇ ਬਾਜ਼ਾਰਾਂ ਦੀ ਦਿੱਖ ਨੂੰ ਤਾਂ ਗ੍ਰਹਿਣ ਲਗਾਉਂਦੇ ਹੀ ਹਨ ਅਤੇ ਕਈ ਤਰ੍ਹਾਂ ਦੇ ਭਿਆਨਕ ਹਾਦਸਿਆਂ ਨੂੰ ਵੀ ਸੱਦਾ ਦੇ ਰਹੇ ਹਨ, ਜਿਸ ਨੂੰ ਦੇਖਦੇ ਹੋਏ ਵਿਧਾਨ ਸਭਾ ਹਲਕਾ ਪੱਛਮੀ 'ਚ ਹੋਈ ਜ਼ਿਮਨੀ ਚੋਣ ਤੋਂ ਪਹਿਲਾਂ 'ਆਪ' ਉਮੀਦਵਾਰ ਸੰਜੀਵ ਅਰੋੜਾ ਵਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਕੁੱਝ ਕੁ ਮਹੀਨਿਆਂ ਵਿਚ ਹੀ ਇਸ ਕੋਹੜ ਨੂੰ ਜੜੋਂ ਖਤਮ ਕਰ ਦਿੱਤਾ ਜਾਵੇਗਾ | ਉਨ੍ਹਾਂ ਵਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਚੋਣ ਜਿੱਤਣ ਉਪਰੰਤ ਨੀਵੇਂ ਟਰਾਂਸਫਾਰਮਰਾਂ ਨੂੰ ਉਚਾ ਚੁੱਕਣ ਤੋਂ ਇਲਾਵਾ ਸ਼ਹਿਰ 'ਚ ਬਣੇ ਤਾਰਾਂ ਦੇ ਜੰਜਾਲ ਖਤਮ ਕਰ ਦਿੱਤੇ ਜਾਣਗੇ, ਪਰ ਚੋਣ ਜਿੱਤਣ ਤੋਂ ਬਾਅਦ ਇਹ ਵਾਅਦੇ ਹਵਾ-ਹਵਾਈ ਹੀ ਸਾਬਤ ਹੋ ਰਹੇ ਹਨ | ਸਨਅਤੀ ਸ਼ਹਿਰ 'ਚ ਹਰ ਚੌਕ ਚੌਰਾਹੇ ਵਿਚ ਨੀਵੇਂ ਟਰਾਂਸਫਾਰਮਰਾਂ 'ਤੇ ਲਟਕਦੀਆਂ ਨੰਗੀਆਂ ਤਾਰਾਂ ਕਿਸੇ ਨਾ ਕਿਸੇ ਕਾਰਨ ਜਿੱਥੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ, ਉਥੇ ਹੀ ਕਈ ਕਈ ਘੰਟੇ ਬਿਜਲੀ ਦਾ ਜਾਣਾ ਵੀ ਇਕ ਆਮ ਜਿਹੀ ਗੱਲ ਹੈ, ਜਿਸ ਨੂੰ ਲੈ ਕੇ ਹਰ ਇਕ ਸ਼ਹਿਰਵਾਸੀ ਚਿੰਤਤ ਹੈ ਕਿ ਗਰਮੀ ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਹਾਲ ਦੀ ਘੜੀ ਮਸਲਾ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ, ਜਦਕਿ ਹਲਕਾ ਪੱਛਮੀ ਤੋਂ ਜ਼ਿਮਨੀ ਚੋਣ ਜਿੱਤੇ ਸੰਜੀਵ ਅਰੋੜਾ ਕੋਲ ਬਿਜਲੀ ਮਹਿਕਮਾ ਵੀ ਆ ਗਿਆ, ਪਰ ਨੰਗੀਆਂ ਤਾਰਾਂ ਅਤੇ ਬਿਜਲੀ ਦੇ ਨੀਵੇਂ ਟਰਾਂਸਫਾਰਮਰਾਂ ਅਤੇ ਸ਼ਹਿਰ ਅੰਦਰ ਤਾਰਾਂ ਦੇ ਜੰਜਾਲ ਖਤਮ ਨਹੀਂ ਹੋਏ, ਜਿਨ੍ਹਾਂ ਦੇ ਖਤਮ ਹੋਣ ਲਈ ਸ਼ਹਿਰਵਾਸੀਆਂ ਵਲੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ | ਇਸ ਸੰਬੰਧੀ ਜਦੋਂ ਬਿਜਲੀ ਮੰਤਰੀ ਸੰਜੀਵ ਅਰੋੜਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ |
ਸ਼ਹਿਰ 'ਚ ਲੱਗੇ ਨੀਵੇਂ ਟਰਾਂਸਫਾਰਮਰਾਂ 'ਤੇ ਲਟਕਦੀਆਂ ਨੰਗੀਆਂ ਤਾਰਾਂ ਦੇ ਰਹੀਆਂ ਨੇ ਹਾਦਸਿਆਂ ਨੂੰ ਸੱਦਾ <br/>
ਅਜੀਤ ਡੈਸਕ
30-03-2026