29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸਾਨੂੰ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਨਹੀਂ ਚਾਹੀਦੀਆਂ, ਦੱਸੋ ਸਾਡੇ ਪੁੱਤ ਕਿੱਥੇ ਹਨ- ਪੀੜਤ ਪਰਿਵਾਰ

ਅਜੀਤ ਡੈਸਕ 09-07-2026
ਝਬਾਲ, 8 ਜੁਲਾਈ (ਸੁਖਦੇਵ ਸਿੰਘ)- ਬਹੁਤ ਸਾਰੇ ਪਰਿਵਾਰਾਂ ਨੂੰ ਅੱਜ ਵੀ ਪਤਾ ਨਹੀਂ ਕਿ ਉਨ੍ਹਾਂ ਦੇ ਪੁੱਤ ਜੇਲ੍ਹਾਂ ਵਿਚ ਬੰਦ ਹਨ ਜਾਂ ਮਾਰ ਦਿੱਤੇ ਗਏ ਹਨ, ਜਿਨ੍ਹਾਂ ਦੀ ਪਰਿਵਾਰਕ ਮੈਂਬਰ ਹਾਲੇ ਵੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ । ਪੰਜਾਬ ’ਚ ਕਾਲੇ ਦੌਰ ਦੌਰਾਨ ਪੁਲਿਸ ਵਲੋਂ ਸ਼ਰੇਆਮ ਨੌਜਵਾਨਾਂ ਨੂੰ ਘਰਾਂ ਵਿਚੋਂ ਚੁੱਕ ਕੇ ਪੁਲਿਸ ਮੁਕਾਬਲੇ ਵਿਚ ਮਾਰਨ ਤੋਂ ਬਾਅਦ ਉਨ੍ਹਾਂ ਨੂੰ ਅੱਤਵਾਦੀ ਦੱਸ ਕੇ ਰਾਤੋ-ਰਾਤ ਵੱਖ-ਵੱਖ ਸ਼ਮਸ਼ਾਨਘਾਟਾਂ ਵਿਚ ਲਿਜਾ ਕੇ ਸਸਕਾਰ ਕਰ ਦਿੱਤਾ ਗਿਆ ਸੀ। ਬਹੁਤੇ ਮਾਪੇ ਆਪਣੇ ਪੁੱਤਰਾਂ ਦੇ ਘਰ ਵਾਪਸ ਪਰਤਣ ਦੀ ਉਡੀਕ ਕਰਦੇ ਹੋਏ ਜਾ ਤਾਂ ਪ੍ਰਲੋਕ ਗਮਨ ਕਰ ਗਏ ਹਨ ਜਾਂ ਫ਼ਿਰ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਵਾ ਬੈਠੇ ਹਨ । ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਵੀ ਇਸੇ ਮੁੱਦੇ ’ਤੇ ਹੈ । ਇਸੇ ਕਰਕੇ ਸਰਕਾਰ ਵਲੋਂ ਇਸ ਨੂੰ ਬੈਨ ਕਰ ਦਿੱਤਾ ਗਿਆ ਹੈ । ਇਨ੍ਹਾਂ ਹੀ ਅਣਪਛਾਤੀਆਂ ਲਾਸ਼ਾਂ ਵਿਚ ਲੁਪਤ ਹੋਏ ਝਬਾਲ ਖ਼ੁਰਦ ਦੇ ਮਾਪਿਆਂ ਦੇ ਇਕਲੌਤੇ ਪੁੱਤਰ ਤੇ ਤਿੰਨਾਂ ਭੈਣਾਂ ਦੇ ਭਰਾ ਅਤੇ ਤਿੰਨ ਬੇਟੀਆਂ ਤੇ ਇਕ ਪੁੱਤਰ ਦੇ ਪਿਤਾ ਬਲਵਿੰਦਰ ਸਿੰਘ ਬਿੰਦਾ ਪੁੱਤਰ ਅਵਤਾਰ ਸਿੰਘ ਦੀ ਦਰਦਨਾਕ ਕਹਾਣੀ ਵੀ ਜੁੜਦੀ ਹੈ । ਲੰਮਾਂ ਸਮਾਂ ਭਾਲ ਕਰਕੇ ਥੱਕ ਚੁੱਕੇ ਬਲਵਿੰਦਰ ਸਿੰਘ ਬਿੰਦਾ ਦੇ ਜੀਜਾ ਤੇ ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਅਤੇ ਚੇਅਰਮੈਨ ਹਰਵੰਤ ਸਿੰਘ ਝਬਾਲ ਨੇ ਦੱਸਿਆ ਕਿ 8 ਮਾਰਚ 1993 ਦੀ ਸ਼ਾਮ ਨੂੰ ਪੁਲਿਸ ਨੇ ਬਲਵਿੰਦਰ ਸਿੰਘ ਬਿੰਦਾ ਨੂੰ ਘਰੋਂ ਚੁੱਕ ਲਿਆ ਅਤੇ ਗੱਡੀ ਵਿਚ ਬਿਠਾਕੇ ਅਣਦੱਸੀ ਥਾਂ ’ਤੇ ਲੈ ਗਏ, ਜਿਸ ਦੀ ਹਾਲੇ ਤੱਕ ਕੋਈ ਉਗਸੁੱਗ ਨਹੀਂ ਨਿਕਲੀ । ਪੁੱਤ ਨੂੰ ਉਡੀਕਦੀ ਬਿਰਧ ਮਾਂ ਵੀ ਪ੍ਰਲੋਕ ਗਮਨ ਕਰ ਗਈ । ਉਨ੍ਹਾਂ ਦੱਸਿਆ ਕਿ ਇਸ ਸਾਰੇ ਕੇਸ ਦੀ ਜਸਵੰਤ ਸਿੰਘ ਖਾਲੜਾ ਵਲੋਂ ਕੀਤੀ ਕੋਸ਼ਿਸ਼ ਸਦਕਾ ਹੀ ਹਾਲੇ ਤੱਕ ਇਹ ਕੇਸ ਸੀ.ਬੀ.ਆਈ. ਅਦਾਲਤ ਵਿਚ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਇਸੇ ਸੱਚ ਨੂੰ ਬਾਹਰ ਲਿਆਉਣ ਦੀ ਕੀਮਤ ਆਪਣੀ ਜਾਨ ਨਾਲ ਚੁਕਾਈ ਹੈ । ਇਸੇ ਤਰ੍ਹਾਂ 9 ਅਕਤੂਬਰ, 1992 ਵਿਚ ਝਬਾਲ ਖਾਮ ਦੇ ਸੁਪਰਵਾਈਜ਼ਰ ਹਰਦੀਪ ਸਿੰਘ ਢਿੱਲੋਂ ਦਾ ਇਕਲੌਤਾ ਨੌਜਵਾਨ ਪੁੱਤ ਪਰਮਿੰਦਰ ਸਿੰਘ ਪਿੰਟਾ, ਜੋ ਕਿ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਵਿਖੇ ਬਤੌਰ ਅਧਿਆਪਕ ਦੀ ਡਿਊਟੀ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਡਿਊਟੀ ’ਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਨਾਕਾ ਲਗਾ ਕੇ ਖੜੇ ਚਿੱਟ ਕੱਪੜੀਏ ਪੁਲਸੀਆਂ ਨੇ ਉਸ ਨੂੰ ਰੋਕ ਕੇ ਗੱਡੀ ਵਿਚ ਸੁੱਟ ਲਿਆ ਅਤੇ ਅਣਦੱਸੀ ਥਾਂ ’ਤੇ ਲੈ ਗਏ, ਜਿਸ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਪੁੱਤਰ ਦਾ ਚਿਹਰਾ ਵੇਖਣ ਨੂੰ ਉਡੀਕਦਿਆਂ ਉਡੀਕਦਿਆਂ ਪਿਤਾ ਹਰਦੀਪ ਸਿੰਘ ਦੁਨੀਆਂ ਤੋਂ ਕੂਚ ਕਰ ਗਏ। ਬਿਰਧ ਮਾਂ ਅੱਜ ਵੀ ਆਪਣੇ ਪੁੱਤ ਦੇ ਘਰ ਵਾਪਸ ਪਰਤਣ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਨੇ ਘਰਾਂ ਵਿਚ ਅੱਜ ਵੀ ਪੁੱਤਾਂ ਦੇ ਕੱਪੜੇ, ਤਸਵੀਰਾਂ ਸੰਭਾਲ ਕੇ ਰੱਖੀਆਂ ਹੋਈਆਂ ਹਨ ਅਤੇ ਹਰ ਰੋਜ਼ ਬੇਸਬਰੀ ਨਾਲ ਦਰਵਾਜ਼ੇ ਵੱਲ ਆਪਣੇ ਲਾਡਲਿਆਂ ਦੇ ਆਉਣ ਦੀ ਉਡੀਕ ਕਰ ਰਹੀਆਂ ਹਨ।
ਪਿਛਲੀ ਖ਼ਬਰ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਤਿੱਖਾ ਸੰਘਰਸ਼ ਲੜਾਂਗੇ–-ਕਾ. ਅਜਨਾਲਾ, ਕਾ.ਗੋਹਲਵੜ ਅਗਲੀ ਖ਼ਬਰ ਰਾਜਾ ਵੜਿੰਗ ਦੀ ਅਗਵਾਈ ਹੇਠ ਇੱਕਜੁੱਟ ਹੋ ਕੇ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਾਵਾਂਗੇ– ਹਰਪ੍ਰੀਤ ਸਿੰਘ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।