ਅੰਮਿ੍ਤਸਰ, 30 ਮਾਰਚ (ਰੇਸ਼ਮ ਸਿੰਘ)-ਬੀਤੀ ਰਾਤ ਰਣਜੀਤ ਐਵੇਨਿਊ ਵਿਖੇ ਵਾਪਰੀ ਘਟਨਾ 'ਚ ਕਾਰ ਸਵਾਰ ਤੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਕੋਈ ਪਿਸਤੌਲ ਨੁਮਾ ਚੀਜ਼ ਦਿਖਾ ਕੇ ਲੁੱਟ ਖੋਹ ਕਰ ਲਈ ਤੇ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ | ਸਥਾਨਕ ਰਣਜੀਤ ਐਵੇਨਿਊ ਦੇ ਰਹਿਣ ਵਾਲੇ ਰੋਹਿਤ ਪੁੰਜ ਨੇ ੇੱਸਿਆ ਕਿ ਉਹ ਆਪਣੀ ਕਾਰ 'ਤੇ ਕੰਮ ਤੋਂ ਵਾਪਸ ਆ ਰਿਹਾ ਸੀ ਜਦੋਂ ਕਿ ਰਣਜੀਤ ਐਵੀਨਿਊ ਕੋਲ ਆ ਕੇ ਉਸਨੂੰ ਇਕ ਮੋਬਾਈਲ ਫੋਨ 'ਤੇ ਕਾਲ ਆ ਗਈ ਤੇ ਉਹ ਕਾਰ ਸੜਕ ਦੇ ਕਿਨਾਰੇ ਖੜੀ ਕਰਕੇ ਕਾਰ ਦੇ ਅੰਦਰ ਬੈਠ ਕੇ ਹੀ ਜਦੋਂ ਕਾਲ ਸੁਣ ਰਿਹਾ ਸੀ ਤਾਂ ਦੋ ਮੋਟਰਸਾਇਕਲਾਂ 'ਤੇ ਸਵਾਰ 4 ਜਣੇ ਉਸ ਕੋਲ ਆਏ ਜਿਨ੍ਹਾਂ ਨੇ ਕੋਈ ਪਿਸਤੌਲ ਵਰਗਾ ਹਥਿਆਰ ਦਿਖਾਇਆ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ | ਉਸ ਪਾਸੋਂ ਲਗਭਗ 5 ਹਜ਼ਾਰ ਨਕਦੀ ਖੋਹ ਕੇ ਮੋਟਰਸਾਇਕਲਾਂ 'ਤੇ ਸਵਾਰ ਹੋ ਕੇ ਫਰਾਰ ਹੋ ਗਏ | ਇਹ ਸਭ ਕੁਝ ਇੰਨੀ ਜਲਦੀ ਹੋ ਗਿਆ ਕਿ ਉਸ ਨੂੰ ਲੁਟੇਰਿਆਂ ਨੇ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ | ਦੂਜੇ ਪਾਸੇ ਥਾਣਾ ਰਣਜੀਤ ਐਵੇਨਿਊ ਦੀ ਪੁਲਿਸ ਨੇ ਮੌਕੇ 'ਤੇ ਜਾ ਕੇ ਵਾਪਰੀ ਘਟਨਾ ਦਾ ਜਾਇਜ਼ਾ ਲਿਆ | ਪੁਲਿਸ ਵਲੋਂ ਆਸ ਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਚੈੱਕ ਕੀਤੇ ਗਏ | ਥਾਣਾ ਰਣਜੀਤ ਐਵੀਨਿਊ ਦੇ ਐਸ.ਐਸ.ਓ. ਇੰਸ: ਰੋਬਿਨ ਹੰਸ ਨੇ ਦਸਿਆ ਕਿ ਪੁਲਿਸ ਵਲੋਂ ਅਣਪਛਾਤੇ ਮੁਲਜ਼ਮਾਂ ਖਿਲਾਫ ਪਰਚਾ ਕਰ ਕਰ ਲਿਆ ਗਿਆ ਹੈ ਅਤੇ ਉਨਾਂ ਦੀ ਸ਼ਨਾਖਤ ਕਰਕੇ ਫੜਨ ਲਈ ਪੁਲਿਸ ਲਗਾਤਾਰ ਯਤਨਸ਼ੀਲ ਹੈ |