27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਰਹੱਦੀ ਖੇਤਰ ਦੇ ਲੋਕਾਂ ਨੇ ਸਤਲੁਜ ਦਰਿਆ 'ਚ ਆ ਰਹੇ ਦੂਸ਼ਿਤ ਪਾਣੀ ਨੂੰ ਰੋਕਣ ਦੀ ਲਗਾਈ ਗੁਹਾਰ

ਅਜੀਤ ਡੈਸਕ 30-03-2026
ਫ਼ਾਜ਼ਿਲਕਾ, 29 ਮਾਰਚ (ਦਵਿੰਦਰ ਪਾਲ ਸਿੰਘ)-ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਬਾਸ਼ਿੰਦੇ ਹੁਣ ਪੀਣ ਵਾਲੇ ਸਾਫ਼ ਪਾਣੀ ਦੀ ਇਕ-ਇਕ ਬੂੰਦ ਨੂੰ ਤਰਸ ਰਹੇ ਹਨ | ਧਰਤੀ ਹੇਠਲੇ ਪਾਣੀ ਅੰਦਰ ਯੂਰੇਨੀਅਮ ਦੀ ਮਿਕਦਾਰ ਜ਼ਿਆਦਾ ਹੋਣ ਕਰਕੇ ਸਮੁੱਚੇ ਪੰਜਾਬ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਪੰਜਾਬ ਦੀ ਅੱਜ ਵੀ 50 ਪ੍ਰਤੀਸ਼ਤ ਤੋਂ ਜ਼ਿਆਦਾ ਆਬਾਦੀ ਧਰਤੀ ਹੇਠਲਾ ਪਾਣੀ ਪੀਣ ਲਈ ਮਜਬੂਰ ਹੈ | ਅਮੀਰ ਲੋਕ ਪਾਣੀ ਨੂੰ ਸ਼ੁੱਧ ਕਰਨ ਲਈ ਘਰਾਂ ਅੰਦਰ ਮਹਿੰਗੀਆਂ ਮਸ਼ੀਨਾਂ ਦੀ ਵਰਤੋਂ ਕਰ ਰਹੇ ਹਨ ਜਦ ਕਿ ਮੱਧ 'ਤੇ ਗ਼ਰੀਬ ਵਰਗ ਲਈ ਸਥਾਨਕ ਦੁਕਾਨਾਂ 'ਤੇ ਬਣੇ ਆਰ.ਓ.ਵੀ ਲੰਬਾ ਸਮਾਂ ਸਾਫ਼ ਸੁਥਰਾ ਪਾਣੀ ਕੱਢਣ ਤੋਂ ਹੱਥ ਖੜ੍ਹੇ ਕਰ ਦਿੰਦੇ ਹਨ ਜਿਸ ਕਾਰਨ ਲੋਕਾਂ ਅੰਦਰ ਨਿੱਤ ਨਵੀਆਂ ਬਿਮਾਰੀਆਂ ਉਤਪੰਨ ਹੋ ਰਹੀਆਂ ਹਨ | ਇੱਥੋਂ ਤੱਕ ਕਿ ਫ਼ਾਜ਼ਿਲਕਾ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਵਸੇ ਪਿੰਡਾਂ ਵਿਚ ਪਾਣੀ ਦੀ ਵਜ੍ਹਾ ਨਾਲ ਮੰਦਬੁੱਧੀ ਬੱਚੇ ਪੈਦਾ ਹੋ ਰਹੇ ਹਨ | ਕੋਈ ਲੱਤਾਂ ਤੋਂ ਚੱਲਣ ਤੋਂ ਅਸਮਰਥ ਹੈ, ਕਿਸੇ ਦੀ ਚਮੜੀ ਨਾ ਦੇਖਣ ਯੋਗ ਹੈ, ਕਈ ਜ਼ਬਾਨੋਂ ਗੁੰਗੇ ਹਨ ਅਤੇ ਕਈ ਦਿਮਾਗ਼ੀ ਤੌਰ 'ਤੇ ਵਿਕਸਤ ਨਹੀਂ ਹੋਏ | ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਤੇਜਾ ਰੁਹੇਲਾ ਜੋ ਅੰਤਰਰਾਸ਼ਟਰੀ ਸਰਹੱਦ ਦੇ ਉੱਪਰ ਵਸਿਆ ਹੋਇਆ ਹੈ, ਸਰਹੱਦ ਦੇ ਨਾਲ ਸਤਲੁਜ ਦਰਿਆ ਵਗਦਾ ਹੈ ਅਤੇ ਇਸ ਦਰਿਆ ਵਿਚ ਸਨਅਤਾਂ ਦਾ ਗੰਦਾ ਪਾਣੀ ਆ ਰਿਹਾ ਹੈ | ਜੋ ਸੇਮ ਨਾਲਿਆਂ ਵਿਚ ਆ ਕੇ ਧਰਤੀ ਵਿਚ ਸਮਾ ਰਿਹਾ ਹੈ | ਜਿਸ ਕਾਰਨ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ | ਇਸ ਪਿੰਡ ਅੰਦਰ ਇਕ ਪਰਿਵਾਰ ਦਾ ਬੱਚਾ ਮੰਦਬੁੱਧੀ ਹੈ | ਉਸ ਨੂੰ ਇਸ ਦੁਨੀਆਦਾਰੀ ਦਾ ਕੋਈ ਪਤਾ ਨਹੀਂ | ਇਸੇ ਤਰ੍ਹਾਂ ਚੰਦਿਆਂ ਪਿੰਡ ਦਾ 5 ਸਾਲ ਦਾ ਲੜਕਾ ਅੰਮਿ੍ਤਪਾਲ ਸਿੰਘ, ਜਿਸ ਦੀ ਇਕ ਅੱਖ ਵਿਚ ਆਨਾ ਨਹੀਂ ਹੈ | ਮਾਪਿਆਂ ਦੇ ਸਹਾਰੇ ਉਂਗਲ ਫੜ੍ਹ ਕੇ ਉਹ ਲੋੜ ਲਈ ਤੁਰਦਾ ਹੈ | ਪਰਿਵਾਰ ਇਤਨਾ ਗਰੀਬ ਹੈ ਕਿ ਉਹ ਕਿਸੇ ਅੱਖਾਂ ਦੇ ਵੱਡੇ ਹਸਪਤਾਲ ਵਿਚ ਜਾ ਕੇ ਇਸ ਦਾ ਇਲਾਜ ਕਰਵਾਉਣ ਤੋਂ ਅਸਮਰਥ ਹੈ | ਇਸ ਤਰ੍ਹਾਂ ਪਿੰਡ ਦਾ ਗੁਰਚਰਨ ਸਿੰਘ ਜਿਸ ਦੇ ਪੈਰ ਕੰਮ ਨਹੀਂ ਕਰਦੇ ਅਤੇ ਅੱਖਾਂ ਤੋਂ ਦੇਖਣਾ ਵੀ ਉਸ ਦਾ ਠੀਕ ਨਹੀਂ ਹੈ | ਪਿੰਡ ਦੇ ਪੁਰਾਣੇ ਵਸਨੀਕਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਇਸ ਪਿੰਡ ਅੰਦਰ ਜਿਨ੍ਹੇ ਵੀ ਬੱਚੇ ਜਨਮ ਲੈਂਦੇ ਸਨ ਸਾਰੇ ਸਰੀਰਕ ਪੱਖੋਂ ਸਿਹਤਯਾਬ ਨਹੀਂ ਸਨ ਹੁੰਦੇ | ਇਸ ਦਾ ਵੱਡਾ ਕਾਰਨ ਸਤਲੁਜ ਦਰਿਆ ਦੇ ਵਿਚ ਫ਼ੈਕਟਰੀਆਂ ਦੁਆਰਾ ਸੁੱਟਿਆ ਜਾ ਰਿਹਾ ਦੂਸ਼ਿਤ ਪਾਣੀ ਹੈ | ਉਨ੍ਹਾਂ ਕਿਹਾ ਕਿ ਕਈ ਵਾਰ ਪਾਣੀ ਇਤਨਾ ਗੰਦਾ ਆਉਂਦਾ ਹੈ ਕਿ ਦਰਿਆ ਦੇ ਪਾਣੀ ਵਿਚ ਮੱਛੀਆਂ ਵੀ ਮਰ ਜਾਂਦੀਆਂ ਹਨ | ਇਸ ਤਰ੍ਹਾਂ ਪਿੰਡ ਦੇ ਵਾਸੀ ਗੁਰਪਾਲ ਸਿੰਘ ਦਾ ਇਕ ਲੜਕਾ ਜੋ ਤੁਰ ਫਿਰ ਨਹੀਂ ਸਕਦਾ, ਲੋਹੇ ਦੀ ਰੇਹੜੀ ਦੇ ਆਸਰੇ ਤੁਰ ਰਿਹਾ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਇਕ ਵਾਰ ਸਰਹੱਦੀ ਪਿੰਡਾਂ ਦਾ ਪਾਣੀ ਸਬੰਧੀ ਸਰਵੇ ਕਰਵਾਇਆ ਤਾਂ ਜਿਸ ਵਿਚ ਯੂਰੇਨੀਅਮ ਦੀ ਮਾਤਰਾ 60 ਪ੍ਰਤੀਸ਼ਤ ਤੋਂ ਜ਼ਿਆਦਾ ਪਾਈ ਗਈ | ਪਿੰਡ ਦੇ ਵਾਸੀ ਗੁਰਪਾਲ ਸਿੰਘ ਨੇ ਦੱਸਿਆ ਕਿ ਕਈਆਂ ਪਰਿਵਾਰਾਂ ਦੇ ਦੋ, ਤਿੰਨ, ਤਿੰਨ ਬੱਚੇ ਅਪੰਗ ਹਨ | ਇਨ੍ਹਾਂ ਦਾ ਪਾਲਨ ਪੋਸ਼ਣ ਕਰਨਾ ਗ਼ਰੀਬ ਪਰਿਵਾਰਾਂ ਦੇ ਵੱਸ ਦੀ ਗੱਲ ਨਹੀਂ ਹੈ | ਉਸ ਨੇ ਦੱਸਿਆ ਕਿ ਫ਼ੈਕਟਰੀਆਂ ਦੇ ਧਾਤਾਂ ਦਾ ਪਾਣੀ ਦਰਿਆ ਵਿਚ ਆਉਣ ਕਰਕੇ ਹੱਡੀ ਰੋਗ, ਚਮੜੀ ਰੋਗ, ਇੱਥੋਂ ਤੱਕ ਕਿ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਪੈਦਾ ਕਰ ਰਿਹਾ ਹੈ | ਉਸ ਨੇ ਦੱਸਿਆ ਕਿ ਕੋਈ ਡੇਢ ਦਹਾਕਾ ਪਹਿਲਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਵੀ ਇਨ੍ਹਾਂ ਪਿੰਡਾਂ ਦਾ ਦੌਰਾ ਕੀਤਾ ਸੀ ਅਤੇ ਦੇਸ਼ ਵਿਦੇਸ਼ ਦੀਆਂ ਸਮਾਜਸੇਵੀ ਸੰਸਥਾਵਾਂ ਨਾਲ ਇਨ੍ਹਾਂ ਬਿਮਾਰੀਆਂ ਦੀ ਜਾਂਚ 'ਤੇ ਪਾਣੀ ਦੀ ਸੁੱਧਤਾ ਬਾਰੇ ਜਾਂਚ ਕਰਵਾਈ ਸੀ | ਉਨ੍ਹਾਂ ਕਿਹਾ ਕਿ ਬਾਅਦ ਵਿਚ ਸਰਕਾਰਾਂ ਨੇ ਪਿੰਡਾਂ ਵਿਚ ਵਾਟਰ ਵਰਕਸ ਵੀ ਬਣਵਾਏ ਅਤੇ ਆਰ.ਓ.ਸਿਸਟਮ ਵੀ | ਉਹ ਵੀ ਪੂਰਾ ਪਾਣੀ ਦੇਣ ਤੋਂ ਅਸਮਰਥ ਹਨ | ਉਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ 4 ਸਾਲਾਂ ਵਿਚ ਇਕ ਵਾਰੀ ਵੀ ਇਨ੍ਹਾਂ ਸਰਹੱਦੀ ਪਿੰਡਾਂ ਦੀ ਸਾਰ ਨਹੀਂ ਲਈ | ਲੋਕਾਂ ਦਾ ਕਹਿਣਾ ਹੈ ਕਿ ਭਵਿੱਖ ਦੇ ਵਿਚ ਅਜਿਹੀਆਂ ਬਿਮਾਰੀਆਂ ਨੂੰ ਰੋਕਣ ਲਈ ਸਰਕਾਰਾਂ ਨੂੰ ਵੱਡੇ ਪੱਧਰ 'ਤੇ ਸੰਜੀਦਾ ਹੋਣਾ ਪਵੇਗਾ | ਸੇਮ ਨਾਲਿਆਂ ਵਿਚ ਸਖ਼ਤੀ ਨਾਲ ਦੂਸ਼ਿਤ ਪਾਣੀ ਰੋਕਿਆ ਜਾਵੇਗਾ, ਵੱਡੇ ਪੱਧਰ 'ਤੇ ਇਨ੍ਹਾਂ ਪਿੰਡਾਂ ਨੂੰ ਮੈਡੀਕਲ ਸਹਾਇਤਾ ਮਿਲੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮਜ਼ਦੂਰ ਵਰਗ ਜਿਨ੍ਹਾਂ ਦੇ ਘਰ ਅਜਿਹੇ ਬੱਚੇ ਪੈਦਾ ਹੋਏ ਹਨ ਉਨ੍ਹਾਂ ਦੇ ਘਰੇਲੂ ਜੀਵਨ ਵੀ ਠੀਕ ਨਹੀਂ ਹੈ, ਇਨ੍ਹਾਂ ਲੋਕਾਂ ਦੇ ਰਹਿਣ ਸਹਿਣ, ਖਾਣੀ, ਪੀਣ ਲਈ ਕੇਂਦਰ ਸਰਕਾਰ ਨੂੰ ਇਕ ਵੱਖਰਾ ਪੈਕੇਜ ਦੇਣਾ ਚਾਹੀਦਾ ਹੈ |
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਬਟਾਲਾ 'ਚ ਸ਼ਰਧਾ ਪੂਰਵਕ ਮਨਾਇਆ ਅਗਲੀ ਖ਼ਬਰ ਸਿੱਖਿਆ ਨਾਲ ਹੀ ਹੋ ਸਕਦੀ ਹੈ ਕਿਸੇ ਵੀ ਸੂਬੇ ਦੀ ਤਰੱਕੀ-ਕਰਨ ਨਾਰੰਗ • ਸਰਕਾਰੀ ਪ੍ਰਾਇਮਰੀ ਸਕੂਲ ਸੂਰਜ ਨਗਰੀ ਵਿਖੇ ਮੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।