ਜਗਰਾਉਂ (ਲੁਧਿਆਣਾ), 27 ਅਕਤੂਬਰ (ਕੁਲਦੀਪ ਸਿੰਘ ਲੋਹਟ)- ਲੰਘੀ ਦੇਰ ਰਾਤ ਪਿੰਡ ਗਗੜਾ ਦੇ ਗੁਰਦੁਆਰਾ ਸ੍ਰੀ ਗੋਪਾਲਸਰ ਸਾਹਿਬ ਵਿਖੇ ਇਕ ਅਣਪਛਾਤੇ ਨੌਜਵਾਨ ਵਲੋਂ ਪਿਸਟਲ ਦੇ ਨਾਲ ਫਾਇਰਿੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ। ਕਾਲੇ ਕੱਪੜਿਆਂ ਵਿਚ ਆਏ ਇਸ ਅਣਪਛਾਤੇ ਵਿਅਕਤੀ ਵਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ’ਤੇ ਗੋਲੀਆਂ ਚਲਾਉਣ ਤੋਂ ਬਾਅਦ ਧਮਕੀ ਭਰੀ ਚਿੱਠੀ ਸੁੱਟੀ ਗਈ। ਚਿੱਠੀ ਵਿਚ ਅਕਾਲੀ ਦਲ, ਭਾਜਪਾ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਨਾਲ ਸੇਵਾਦਾਰ ਬਾਬਾ ਅਮਰਜੀਤ ਸਿੰਘ ਤੇ ਅਕਾਲੀ ਆਗੂ ਗੁਰਿੰਦਰ ਸਿੰਘ ਰੂਮੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੋਰ, ਕਮੇਟੀ ਮੈਂਬਰ ਐਸ.ਆਰ .ਕਲੇਰ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸਿੱਧੂ ਨੇ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਦੇ ਵਿਗੜਦੇ ਹਾਲਾਤਾਂ 'ਤੇ ਸਵਾਲ ਉਠਾਏ ਹਨ। ਆਗੂਆਂ ਨੇ ਆਖਿਆ ਕਿ ਜੇਕਰ ਸਾਡੇ ਗੁਰੂ ਘਰਾਂ ਦੇ ਸੇਵਾਦਾਰ ਹੀ ਸੁਰੱਖਿਅਤ ਹੀ ਨਹੀ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ।
ਘਟਨਾ ਦੀ ਸੂਚਨਾ ਮਿਲਣ ’ਤੇ ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ ਅਤੇ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਅਕਾਲੀ ਆਗੂ ਐੱਸ.ਆਰ. ਕਲੇਰ ਅਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸਿੱਧੂ ਨੇ ਘਟਨਾ ਦੀ ਨਿੰਦਾ ਕਰਦਿਆਂ ਜਾਂਚ ਦੀ ਮੰਗ ਕੀਤੀ। ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਸ.ਪੀ. ਨੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।