ਫ਼ਾਜ਼ਿਲਕਾ, 26 ਮਾਰਚ (ਦਵਿੰਦਰ ਪਾਲ ਸਿੰਘ)-ਰਾਮ ਨੌਮੀ ਅਤੇ ਦੁਰਗਾ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਖ਼ੁਸ਼ੀ ਫਾਊਾਡੇਸ਼ਨ ਦੀ ਚੇਅਰਪਰਸਨ ਮੈਡਮ ਖ਼ੁਸ਼ਬੂ ਸਵਨਾ ਨੇ ਸਥਾਨਕ ਹਨੂਮਾਨ ਮੰਦਰ ਵਿਖੇ ਨਤਮਸਤਕ ਹੋ ਕੇ ਪੂਜਾ ਅਰਚਨਾ ਕੀਤੀ | ਇਸ ਦੌਰਾਨ ਉਨ੍ਹਾਂ ਨੇ ਕੰਜਕ ਪੂਜਣ ਕਰਦਿਆਂ ਛੋਟੀਆਂ ਕੰਨਿਆਂਵਾਂ ਨੂੰ ਪ੍ਰਸਾਦ ਵੰਡਿਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਖ਼ੁਸ਼ਬੂ ਸਵਨਾ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਸੁਭਾਗਸ਼ਾਲੀ ਹੈ ਕਿਉਂਕਿ ਰਾਮ ਨੌਮੀ ਅਤੇ ਦੁਰਗਾ ਅਸ਼ਟਮੀ ਦਾ ਸੰਗਮ ਇੱਕੋ ਦਿਨ ਹੋਇਆ ਹੈ | ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਡੇ ਜੀਵਨ ਵਿਚ ਜਿੱਥੇ ਖ਼ੁਸ਼ੀਆਂ ਲੈ ਕੇ ਆਉਂਦੇ ਹਨ, ਉੱਥੇ ਹੀ ਸਾਨੂੰ ਆਪਣੀ ਅਮੀਰ ਵਿਰਾਸਤ ਅਤੇ ਇਤਿਹਾਸ ਨਾਲ ਵੀ ਜੋੜਦੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮਾਂ ਰਾਹੀਂ ਸਾਨੂੰ ਚੰਗੇ ਸੰਸਕਾਰ ਮਿਲਦੇ ਹਨ ਅਤੇ ਸਮਾਜ ਵਿਚ ਕੰਨਿਆਂਵਾਂ (ਧੀਆਂ) ਦੇ ਮਹੱਤਵ ਬਾਰੇ ਜਾਗਰੂਕਤਾ ਆਉਂਦੀ ਹੈ | ਮੈਡਮ ਸਵਨਾ ਨੇ ਮਾਤਾ ਰਾਣੀ ਦੇ ਚਰਨਾਂ ਵਿਚ ਫ਼ਾਜ਼ਿਲਕਾ ਹਲਕੇ ਦੀ ਭਲਾਈ ਅਤੇ ਲੋਕਾਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ | ਉਨ੍ਹਾਂ ਕਿਹਾ ਕਿ ਪ੍ਰਮਾਤਮਾ ਹਮੇਸ਼ਾ ਫ਼ਾਜ਼ਿਲਕਾ ਨਿਵਾਸੀਆਂ 'ਤੇ ਆਪਣੀ ਮਿਹਰ ਭਰਿਆ ਹੱਥ ਰੱਖਣ ਤਾਂ ਜੋ ਹਰ ਕੋਈ ਖ਼ੁਸ਼ਹਾਲ ਜੀਵਨ ਬਤੀਤ ਕਰ ਸਕੇ | ਉਨ੍ਹਾਂ ਕੰਨਿਆਂਵਾਂ ਨੂੰ ਮਾਤਾ ਦਾ ਰੂਪ ਦੱਸਦਿਆਂ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਵੀ ਦਿੱਤੀ |