ਸੜੋਆ, 26 ਮਾਰਚ (ਹਰਮੇਲ ਸਹੂੰਗੜਾ)-ਫ਼ਸਲਾਂ ਨੂੰ ਖਰੀਦਣ ਲਈ ਪਹਿਲੀਆਂ ਅਤੇ ਹੁਣ ਦੀਆਂ ਸਰਕਾਰਾਂ ਵਲੋਂ ਹਰ ਤਰ੍ਹਾਂ ਦੇ ਪ੍ਰਬੰਧ ਕਰਨ ਲਈ ਵੱਡੇ-ਵੱਡੇ ਦਮਗਜੇ ਮਾਰਦੀਆਂ ਰਹੀਆਂ ਹਨ | ਅਗਰ ਦੇਖਿਆ ਜਾਵੇ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਸੜੋਆ ਦੇ ਵੱਖ-ਵੱਖ ਪਿੰਡਾਂ ਵਿੱਚ ਜਿਮੀਦਾਰਾਂ ਦੀ ਪੁੱਤਾਂ ਵਾਗੂੰ ਪਾਲੀ ਹੋਈ ਫ਼ਸਲ ਹਾੜ੍ਹੀ ਜਾਂ ਸਾਉਣੀ ਨੂੰ ਖਰੀਦਣ ਲਈ ਸੜੋਆ, ਬਕਾਪੁਰ, ਕਰਾਵਰ ਤੇ ਸਾਹਿਬਾ ਵਿਖੇ ਜੋ ਫਸਲ ਦੀ ਖਰੀਦ ਕਰਨ ਲਈ ਮੰਡੀਆਂ ਬਣਾਈਆਂ ਗਈਆਂ ਹਨ | ਇਨ੍ਹਾਂ ਮੰਡੀਆਂ 'ਚ ਫਸਲ ਦੀ ਸੁਰੱਖਿਆ ਲਈ ਵਿਭਾਗ ਵਲੋਂ ਇੱਟਾਂ ਲਗਾ ਕੇ ਫੜ੍ਹ ਤਾਂ ਪੱਕੇ ਕਰ ਦਿੱਤੇ ਗਏ | ਪਰ ਛੱਤਾਂ ਤੋਂ ਬਿਨਾ ਕਿਸਾਨ ਨੂੰ ਆਪਣੀ ਫ਼ਸਲ ਨੀਲੇ ਅਸਮਾਨ ਦੀ ਛੱਤ ਹੇਠਾਂ ਰੱਖਣ ਲਈ ਮਜ਼ਬੂਰ ਹੋਣਾ ਪੈਂਦਾ ਹੈ | ਸਮੇਂ-ਸਮੇਂ ਮੌਸਮ ਖਰਾਬ ਹੋਣ ਨਾਲ ਮੀਂਹ ਪੈਣ ਕਰਕੇ ਜਾਂ ਹਨੇਰੀ ਆਉਣ ਕਰਕੇ ਮੰਡੀ 'ਚ ਲਿਆਂਦੀ ਗਈ ਫਸਲ ਨੂੰ ਆਰਜੀ ਤੌਰ 'ਤੇ ਤਰਪਾਲਾਂ ਦੇ ਨਾਲ ਢੱਕ ਕੇ ਡੰਗ ਟਪਾਇਆ ਜਾ ਰਿਹਾ ਹੈ | ਕਿਸੇ ਵੀ ਸਰਕਾਰ ਨੇ ਇਨ੍ਹਾਂ ਮੰਡੀਆਂ ਦੀਆਂ ਛੱਤਾਂ ਪਾਉਣ ਦਾ ਉਪਰਾਲਾ ਨਹੀਂ ਕੀਤਾ | ਜਿਸ ਕਰਕੇ ਹਾੜ੍ਹੀ, ਸਾਉਣੀ ਦੇ ਸੀਜਨ ਦੌਰਾਨ ਜਦੋਂ ਵੀ ਕਿਸਾਨ ਆਪਣੀ ਪੁੱਤਾਂ ਵਾਂਗੂੰ ਪਾਲੀ ਹੋਈ ਫਸਲ ਨੂੰ ਵੇਚਣ ਲਈ ਇਨ੍ਹਾਂ ਮੰਡੀਆਂ 'ਚ ਆਉਂਦਾ ਹੈ ਤਾਂ ਉਹ ਜਦੋਂ ਤੱਕ ਉਸ ਦੀ ਫ਼ਸਲ ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਖਰੀਦ ਨਹੀਂ ਕਰ ਲਈ ਜਾਂਦੀ ਤਾਂ ਉਦੋਂ ਤੱਕ ਕਿਸਾਨਾਂ ਲਈ ਜੀਅ ਦਾ ਜੰਜਾਲ ਬਣਿਆ ਰਹਿੰਦਾ ਹੈ | ਉਧਰ ਵੱਖ-ਵੱਖ ਕਿਸਾਨਾਂ ਵਲੋਂ ਦੋਆਬਾ ਕਿਸਾਨ ਯੂਨੀਅਨ ਦੇ ਵਿੱਤ ਸਕੱਤਰ ਕੁਲਦੀਪ ਸਿੰਘ ਦਿਆਲਾ, ਸਤਨਾਮ ਸਿੰਘ ਸਹੂੰਗੜਾ, ਬਹਾਦਰ ਸਿੰਘ ਪੈਲੀ, ਜਤਿੰਦਰ ਸਿੰਘ ਦਿਆਲਾ ਸਾਬਕਾ ਸਰਪੰਚ ਅਤੇ ਗੁਰਦੀਪ ਸਿੰਘ ਬਕਾਪੁਰ ਆਦਿ ਨੇ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਮੰਡੀਆਂ ਦੇ ਫੜ੍ਹਾਂ 'ਤੇ ਛੱਤਾਂ ਪੁਆਈਆਂ ਜਾਣ | ਸੂਤਰਾਂ ਤੋਂ ਪਤਾ ਲੱਗਿਆ ਕਿ ਹਰ ਸਾਲ ਇਨ੍ਹਾਂ ਮੰਡੀਆਂ 'ਚ ਸੜੋਆ ਮੰਡੀ 'ਚ 50 ਹਜ਼ਾਰ ਕੁਇੰਟਲ ਕਣਕ, ਬਕਾਪੁਰ ਮੰਡੀ 'ਚ 50 ਹਾਜ਼ਰ ਕੁਇੰਟਲ, ਕਰਾਵਰ ਮੰਡੀ 'ਚ 80 ਹਜ਼ਾਰ ਕੁਇੰਟਲ ਅਤੇ ਸਾਹਿਬਾ ਮੰਡੀ 'ਚ 50 ਹਜ਼ਾਰ ਕੁਇੰਟਲ ਦੇ ਕਰੀਬ ਕਣਕ ਦੀ ਫਸਲ ਆਉਂਦੀ ਹੈ |