ਸਿੱਧਵਾਂ ਬੇਟ, 2 ਜੂਨ (ਜਸਵੰਤ ਸਿੰਘ ਸਲੇਮਪੁਰੀ)-ਦਰਿਆ ਸਤਲੁਜ ਲਾਗਲੇ ਕਈ ਪਿੰਡਾਂ ਨਾਲ ਸੰਬੰਧਿਤ ਹਰਪਾਲ ਸਿੰਘ ਅਤੇ ਕਈ ਹੋਰ ਲੋਕਾਂ ਨੇ ਇਕ ਵਫ਼ਦ ਦੇ ਰੂਪ 'ਚ ਏ.ਡੀ.ਸੀ. ਲੁਧਿਆਣਾ ਨੂੰ ਮੰਗ ਕੀਤੀ ਹੈ ਕਿ ਜਲੰਧਰ-ਜਗਰਾਉਂ ਮਾਰਗ 'ਤੇ ਸਥਿਤ ਦਰਿਆ ਸਤਲੁਜ 'ਤੇ ਪੁਲ ਦੇ ਚੜ੍ਹਦੇ ਵਾਲੇ ਪਾਸੇ ਪੈਂਦੇ ਪਿੰਡ ਹੁਜਰਾ ਦੀ ਇਕ ਖੱਡ ਵਿਚ ਇਕ ਠੇਕੇਦਾਰ ਵਲੋਂ ਚਲਾਈ ਜਾ ਰਹੀ ਖੱਡ ਬਰਸਾਤੀ ਮੌਸਮ ਵਿਚ ਬੰਨ੍ਹਾਂ ਦਾ ਭਾਰੀ ਨੁਕਸਾਨ ਕਰ ਸਕਦੀ ਹੈ | ਜਿੱਥੇ ਇਸ ਖੱਡ 'ਚੋਂ ਕੱਕਾ ਰੇਤਾ ਭਰ ਕੇ ਲੰਘਣ ਵਾਲੇ ਵਾਹਨਾਂ 'ਚ ਰੇਤ ਤਾਂ ਕਰੀਬ 65 ਟਨ ਤੱਕ ਲੋਡ ਕੀਤੀ ਜਾ ਰਹੀ ਹੈ ਪਰ ਪਰਚੀਆਂ ਸਿਰਫ਼ 25 ਤੋਂ 30 ਟਨ ਤੱਕ ਹੀ ਕੱਟੀਆਂ ਜਾ ਰਹੀਆਂ ਹਨ | ਜਿਸ ਨਾਲ ਸਰਕਾਰ ਨੂੰ ਵੀ ਰੋਜ਼ਾਨਾ ਲੱਖਾਂ ਦਾ ਚੂਨਾ ਲੱਗ ਰਿਹਾ ਹੈ | ਉਨ੍ਹਾਂ ਆਖਿਆ ਕਿ ਜੇਕਰ ਇਸ ਰੇਤ ਮਾਫੀਏ 'ਤੇ ਜਲਦੀ ਕੰਟਰੋਲ ਨਾ ਕੀਤਾ ਗਿਆ ਤਾਂ ਹੜ੍ਹਾਂ ਦੀ ਸਥਿਤੀ ਵਿਚ ਇਲਾਕੇ ਦਾ ਵੱਡਾ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪ੍ਰਸ਼ਾਸਨ ਮਾਈਨਿੰਗ ਵਾਲੀ ਜਗ੍ਹਾ 'ਤੇ ਆਪਣੇ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਤਾਂ ਜੋ ਸਾਰੀ ਸਥਿਤੀ 'ਤੇ ਨਜ਼ਰ ਰੱਖੀ ਜਾ ਸਕੇ | ਇਸ ਦੌਰਾਨ ਸ਼ਿਕਾਇਤਕਰਤਾ ਹਰਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਅਧਿਕਾਰੀਆਂ ਨੇ ਪੂਰਾ ਇਨਸਾਫ਼ ਦੇਣ ਦਾ ਵਾਅਦਾ ਕਰਕੇ ਰੇਤ ਮਾਫੀਏ ਦੇ ਲੋਕਾਂ ਖ਼ਿਲਾਫ਼ ਜਲਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ |