ਨਵੀਂ ਦਿੱਲੀ, 6 ਨਵੰਬਰ (ਏਜੰਸੀ)-ਅਦਾਕਾਰ ਤੇ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ 2026 ਦੇ ਲੈਟਿਨ ਗ੍ਰੈਮੀ ਐਵਾਰਡਜ਼ ’ਚ ਪੇਸ਼ਕਾਰੀ ਕਰਨ ਵਾਲੇ ਅਦਾਕਾਰਾਂ ਤੇ ਗਾਇਕਾਂ ’ਚੋਂ ਇਕ ਵਜੋਂ ਐਲਾਨਿਆ ਗਿਆ ਹੈ, ਜੋ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਵਿਚ ਇਕ ਹੋਰ ਮੀਲ ਪੱਥਰ ਹੈ।
ਲੈਟਿਨ ਰਿਕਾਰਡਿੰਗ ਅਕੈਡਮੀ ਨੇ ਵੀਰਵਾਰ ਨੂੰ 12 ਨਵੰਬਰ ਨੂੰ ਲਾਸ ਵੇਗਾਸ ਦੇ ਐਮ.ਜੀ.ਐਮ. ਗ੍ਰੈਂਡ ਗਾਰਡਨ ਏਰੀਨਾ ’ਚ ਹੋਣ ਵਾਲੇ ਐਵਾਰਡਾਂ ਦੇ 27ਵੇਂ ਸੰਸਕਰਣ ’ਚ ‘ਜੀ.ਓ.ਏ.ਟੀ.’ ਗਾਇਕ ਦੀ ਭਾਗੀਦਾਰੀ ਦੀ ਪੁਸ਼ਟੀ ਕੀਤੀ। ਐਲਾਨੀਆਂ ਗਈਆਂ ਹਸਤੀਆਂ ’ਚ ਕੈਰੋਲ ਜੀ, ਬਿਜ਼ਾਰੈਪ, ਬੇਬੀ ਰੈਂਕਸ, ਬੈਡ ਗਿਆਲ, ਮਿਗੁਏਲ ਕੋਲਨ, ਦਿਵਿਨੋ, ਡੀਜੇ ਪ੍ਰੀਮੀਅਰ, ਗਰੂਪੋ ਨਿਚੇ, ਜੇ ਵ੍ਹੀਲਰ, ਲਿਲ ਸੁਪਾ, ਲੁਈਸ ਐਨਰਿਕ, ਨਾਥੀ ਪੇਲੂਸੋ ਅਤੇ ਐਂਜਲ ‘ਕੁਕੋ’ ਪੇਨਾ ਵੀ ਸ਼ਾਮਿਲ ਹਨ।
ਲੈਟਿਨ ਰਿਕਾਰਡਿੰਗ ਅਕੈਡਮੀ ਦੀ ਇੰਸਟਾਗ੍ਰਾਮ ਪੋਸਟ ’ਤੇ ਦਿਲਜੀਤ ਦੀ ਟੀਮ ਨੇ ਕੁਮੈਂਟ ਕੀਤਾ, ‘ਪੰਜਾਬੀ ਆ ਗਏ ਗ੍ਰੈਮੀ ਓਏ’। ਪਹਿਲਾਂ ਐਲਾਨੇ ਗਏ ਪੇਸ਼ਕਾਰਾਂ ’ਚ ਅਨੀਤਾ, ਬਾਂਡਾ ਲਾਸ ਰੇਕੋਡਿਟੋਸ, ਕੈਮਿਲਾ ਫਰਨਾਂਡੇਜ਼, ਡੈਡੀ ਯਾਂਕੀ, ਰੋਸਾਲੀਆ, ਸੋਫੀਆ ਰੇਅਸ ਅਤੇ ਦ ਵਾਰਨਿੰਗ ਤੋਂ ਇਲਾਵਾ ਹੋਰ ਵੀ ਸ਼ਾਮਿਲ ਹਨ। ਗਾਇਕ ਦਿਲਜੀਤ ਫਿਲਹਾਲ ਆਪਣੇ ਔਰਾ ਇੰਡੀਆ ਟੂਰ ’ਤੇ ਹਨ, ਜੋ 30 ਅਕਤੂਬਰ ਨੂੰ ਦਿੱਲੀ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਦਾ ਅਗਲਾ ਕੰਸਰਟ 15 ਨਵੰਬਰ ਨੂੰ ਇੰਦੌਰ ਵਿਚ ਨਿਰਧਾਰਤ ਹੈ।