15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਅੱਜ ਵੀ ਪੈਟਰੋਲ ਪੰਪਾਂ 'ਤੇ ਤੇਲ ਲੈਣ ਲਈ ਲੋਕਾਂ ਦੀਆਂ ਲੱਗੀਆਂ ਰਹੀਆਂ ਲੰਬੀਆਂ ਲਾਈਨਾਂ

ਅਜੀਤ ਡੈਸਕ 27-03-2026
ਹੁਸ਼ਿਆਰਪੁਰ, 26 ਮਾਰਚ (ਬਲਜਿੰਦਰਪਾਲ ਸਿੰਘ, ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਪੈਟਰੋਲੀਅਮ ਪਦਾਰਥਾਂ ਖ਼ਾਸ ਕਰਕੇ ਡੀਜ਼ਲ, ਪੈਟਰੋਲ ਤੇ ਐੱਲ. ਪੀ. ਜੀ. ਗੈੱਸ ਦੀ ਕਮੀ ਹੋਣ ਦੀਆਂ ਅਫ਼ਵਾਹਾਂ ਦੇ ਚੱਲਦੇ ਅੱਜ ਦੂਸਰੇ ਦਿਨ ਵੀ ਜਿੱਥੇ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ 'ਤੇ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਗ੍ਰਾਹਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ ਉੱਥੇ ਹੀ ਕੁੱਝ ਲੋਕ ਘਰੇਲੂ ਕੇਨੀਆਂ ਤੇ ਬਰਤਨਾਂ 'ਚ ਤੇਲ ਭਰਾਉਂਦੇ ਦੇਖੇ ਗਏ | ਤੇਲ ਲੈਣ ਦੀ ਹੋੜ ਇਸ ਕਦਰ ਵੱਧ ਚੁੱਕੀ ਹੈ ਕਿ ਕੁੱਝ ਗੁੱਜਰ ਭਾਈਚਾਰੇ ਦੇ ਲੋਕ ਦੁੱਧ ਵਾਲੀਆਂ ਕੇਨੀਆਂ 'ਚ ਡੀਜ਼ਲ ਪੁਆ ਰਹੇ ਹਨ | ਦੂਸਰੇ ਪਾਸੇ ਖ਼ਾਲੀ ਕੇਨੀਆਂ ਵੇਚਣ ਵਾਲਿਆਂ ਦੀ ਵੀ ਚਾਂਦੀ ਬਣੀ ਹੋਈ ਹੈ | ਦੁਕਾਨਦਾਰ ਖ਼ਾਲੀ ਕੇਨੀਆਂ ਦੇ ਮਨਮਰਜ਼ੀ ਨਾਲ ਭਾਅ ਵਸੂਲ ਰਹੇ ਹਨ | ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਜ਼ਿਲੇ੍ਹ 'ਚ ਕੋਈ ਕਮੀ ਨਹੀਂ ਹੈ ਪਰੰਤੂ ਇਸਦੇ ਬਾਵਜੂਦ ਲੋਕਾਂ 'ਚ ਤੇਲ ਅਤੇ ਐੱਲ. ਪੀ. ਜੀ. ਗੈੱਸ ਲੈਣ ਦੀ ਹੋੜ ਲੱਗੀ ਹੋਈ ਹੈ | ਇਸ ਸੰਬੰਧੀ ਜਦੋਂ 'ਅਜੀਤ' ਦੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ ਦਾ ਦੌਰਾ ਕੀਤਾ ਤਾਂ ਵੱਡੀ ਗਿਣਤੀ 'ਚ ਲੋਕ ਤੇਲ ਲੈਣ ਲਈ ਲਾਈਨਾਂ 'ਚ ਖੜ੍ਹੇ ਸਨ | ਗੱਲਬਾਤ ਕਰਨ 'ਤੇ ਕੁੱਝ ਲੋਕਾਂ ਨੇ ਦੱਸਿਆ ਕਿ ਖ਼ਾਲੀ ਕੇਨੀਆਂ ਵੇਚਣ ਵਾਲੇ ਦੁਕਾਨਦਾਰ 5 ਲੀਟਰ ਦੀ ਕੇਨੀ ਦੀ ਕੀਮਤ 300 ਤੋਂ 400 ਰੁਪਏ ਮਨਮਰਜ਼ੀ ਨਾਲ ਵਸੂਲ ਰਹੇ ਹਨ | ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਚਾਹੁੰਦਾ ਹੈ ਕਿ ਵੱਧ ਤੋਂ ਵੱਧ ਤੇਲ ਦਾ ਭੰਡਾਰ ਜੰਮਾਂ ਕਰ ਲਵੇ, ਜਿਸ ਕਾਰਨ ਲੋਕ ਵੱਡੀ ਗਿਣਤੀ 'ਚ ਮਹਿੰਗੇ ਭਾਅ ਦੀਆਂ ਕੇਨੀਆਂ ਵੀ ਖ਼ਰੀਦਣ ਲਈ ਮਜਬੂਰ ਹਨ | ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਹੁਣ ਕਣਕ ਦੀ ਵਾਢੀ ਦਾ ਸਮਾਂ ਬਿਲਕੁਲ ਸਿਰ 'ਤੇ ਹੈ ਤੇ ਕਿਸਾਨ ਵੀ ਵੱਧ ਤੋਂ ਵੱਧ ਡੀਜ਼ਲ ਇਕੱਤਰ ਕਰਨ ਲਈ ਆਪਣੇ ਤੌਰ 'ਤੇ ਜੱਦੋਜਹਿਦ ਕਰ ਰਹੇ ਹਨ | ਇੱਥੇ ਜ਼ਿਕਰਯੋਗ ਹੈ ਕਿ ਆਰਥਿਕ ਤੌਰ 'ਤੇ ਮਜ਼ਬੂਤ ਲੋਕਾਂ ਵਲੋਂ ਈਰਾਨ ਤੇ ਇਜਰਾਈਲ ਦੀ ਜੰਗ ਦੇ ਮੱਦੇਨਜ਼ਰ ਪਹਿਲਾਂ ਹੀ ਤੇਲ ਦਾ ਚੋਖਾ ਭੰਡਾਰ ਜਮਾਂ ਕਰ ਲਿਆ ਗਿਆ ਹੈ ਅਤੇ ਹੁਣ ਵੀ ਲੋਕਾਂ 'ਚ ਇਹ ਭਰਮ ਬਣਿਆ ਹੋਇਆ ਹੈ ਕਿ ਸ਼ਾਇਦ ਤੇਲ ਦੀ ਭਾਰੀ ਕਮੀ ਆ ਜਾਵੇਗੀ ਅਤੇ ਲੋਕ ਅਫ਼ਵਾਹਾਂ ਦੇ ਚੱਲਦਿਆਂ ਵੱਧ ਤੋਂ ਵੱਧ ਤੇਲ ਇਕੱਠਾ ਕਰਨ ਲਈ ਯਤਨ ਕਰ ਰਹੇ ਹਨ | ਇਸਦੇ ਨਾਲ ਹੀ ਅੱਜ ਵੀ ਸਾਰਾ ਦਿਨ ਅਫ਼ਵਾਹਾਂ ਦਾ ਮਾਹੌਲ ਗਰਮ ਰਿਹਾ ਅਤੇ ਤੇਲ ਬੰਦ ਹੋਣ ਦੇ ਨਾਲ-ਨਾਲ ਲਾਕਡਾਊਨ ਵਰਗੀ ਸਥਿਤੀ ਬਣਨ ਦੀਆਂ ਗੱਲਾਂ ਵੀ ਲੋਕ ਕਰਦੇ ਰਹੇ |
ਪਿਛਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ 'ਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਧਾਰਮਿਕ ਸਮਾਗਮ ਅਗਲੀ ਖ਼ਬਰ ਗੜ੍ਹਸ਼ੰਕਰ-ਨੰਗਲ ਰੋਡ 'ਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਸੜਕ ਨਾਲ ਲੱਗਦੇ ਡੂੰਘੇ ਬਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।