15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਹੁਸ਼ਿਆਰਪੁਰ ਨਗਰ ਨਿਗਮ ਦਾ 8961 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ

ਅਜੀਤ ਡੈਸਕ 27-03-2026
ਹੁਸ਼ਿਆਰਪੁਰ, 26 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮੇਅਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਹੁਸ਼ਿਆਰਪੁਰ ਨਗਰ ਨਿਗਮ ਨੇ ਵਿੱਤੀ ਸਾਲ 2026-27 ਲਈ 8961 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ ਕੀਤਾ ਹੈ | ਇਸ ਸਬੰਧ ਵਿਚ ਇਕ ਵਿਸ਼ੇਸ਼ ਹਾਊਸ ਮੀਟਿੰਗ ਹੋਈ, ਜਿਸ ਵਿਚ ਨਗਰ ਨਿਗਮ ਕਮਿਸ਼ਨਰ ਜੋਤੀ ਬਾਲਾ ਮੱਟੂ ਨੇ ਸ਼ਿਰਕਤ ਕੀਤੀ | ਸੀਨੀਅਰ ਡਿਪਟੀ ਮੇਅਰ ਪ੍ਰਵੀਨ ਲਤਾ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਤੇ ਵੱਖ-ਵੱਖ ਕੌਂਸਲਰ ਅਤੇ ਨਿਗਮ ਅਧਿਕਾਰੀ ਵੀ ਮੌਜੂਦ ਸਨ | ਮੇਅਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਾਲ 2026-27 ਲਈ ਸੰਭਾਵੀ ਆਮਦਨ ਅਤੇ ਖ਼ਰਚ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ | ਇਸ ਸਾਲ ਨਗਰ ਨਿਗਮ ਨੂੰ ਕੁੱਲ 8961 ਲੱਖ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ, ਜਿਸ ਦੇ ਅੰਦਰ ਵੱਖ-ਵੱਖ ਵਿਕਾਸ ਕਾਰਜਾਂ ਲਈ ਬਜਟ ਅਲਾਟ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਸਟਰੀਟ ਲਾਈਟਾਂ ਲਗਾਉਣ ਅਤੇ ਟਿਊਬਵੈੱਲਾਂ ਦੀ ਦੇਖਭਾਲ ਲਈ 6 ਕਰੋੜ ਰੁਪਏ, ਨਵੀਆਂ ਸੜਕਾਂ ਬਣਾਉਣ ਲਈ 3 ਕਰੋੜ ਰੁਪਏ, ਇੰਟਰਲਾਕਿੰਗ ਟਾਈਲ ਸੜਕਾਂ ਵਿਛਾਉਣ ਲਈ 3 ਕਰੋੜ ਰੁਪਏ, ਰੈਣ ਬਸੇਰੇ ਬਣਾਉਣ ਲਈ 2 ਕਰੋੜ ਰੁਪਏ ਅਤੇ ਸੀਵਰੇਜ ਲਾਈਨਾਂ ਦੇ ਵਿਸਥਾਰ ਲਈ 1 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਇਸ ਤੋਂ ਇਲਾਵਾ ਪਾਰਕਾਂ ਦੀ ਦੇਖਭਾਲ ਲਈ 15 ਲੱਖ ਰੁਪਏ, ਗਊਆਂ ਦੇ ਆਸ਼ਰਮ ਅਤੇ ਆਵਾਰਾ ਪਸ਼ੂਆਂ ਦੀ ਦੇਖਭਾਲ ਲਈ 60 ਲੱਖ ਰੁਪਏ, ਜਨਤਕ ਪਖਾਨਿਆਂ ਲਈ 35 ਲੱਖ ਰੁਪਏ ਤੇ ਸਫ਼ਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਮਸ਼ੀਨਰੀ ਖ਼ਰੀਦਣ ਲਈ 1 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ | ਮੇਅਰ ਸੁਰਿੰਦਰ ਕੁਮਾਰ ਨੇ ਅੱਗੇ ਕਿਹਾ ਕਿ ਹੁਸ਼ਿਆਰਪੁਰ ਨਗਰ ਨਿਗਮ ਸ਼ਹਿਰ ਦੇ ਵਸਨੀਕਾਂ ਨੂੰ 100 ਫ਼ੀਸਦੀ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਵਿਚ ਸੜਕਾਂ, ਸਾਫ਼ ਪੀਣ ਵਾਲਾ ਪਾਣੀ, ਸਟਰੀਟ ਲਾਈਟਾਂ, ਸੀਵਰੇਜ ਅਤੇ ਪਾਰਕ ਸ਼ਾਮਲ ਹਨ | ਇਸ ਮੌਕੇ ਸੰਯੁਕਤ ਕਮਿਸ਼ਨਰ ਸਤੀਸ਼ ਕੁਮਾਰ ਸੈਣੀ, ਸਹਾਇਕ ਕਮਿਸ਼ਨਰ ਲਖਵੀਰ ਸਿੰਘ, ਨਿਗਮ ਇੰਜੀਨੀਅਰ ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ, ਡਿਪਟੀ ਕੰਟਰੋਲਰ ਵਿੱਤ ਅਤੇ ਲੇਖਾ ਪੰਕਜ ਕਪੂਰ, ਲੇਖਾਕਾਰ ਰਾਜਿੰਦਰ ਕੁਮਾਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਭਗਵਾਨ ਸ੍ਰੀ ਰਾਮ ਸਮਾਜਿਕ ਬਰਾਬਰੀ ਦੇ ਜਿਉਂਦੇ ਜਾਗਦੇ ਪ੍ਰਤੀਕ ਸਨ– ਐਡ. ਸਿੱਧੂ ਅਗਲੀ ਖ਼ਬਰ 'ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ' ਸਮਾਗਮ 'ਚ ਡਾ. ਰਵਜੋਤ ਨੇ ਸਰਕਾਰ ਦੀਆਂ ਪ੍ਰਾਪਤੀਆਂ ਦੱਸੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।