04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਇਜਲਾਸ ਦਾ ਪਹਿਲਾ ਹਫ਼ਤਾ

ਅਜੀਤ ਡੈਸਕ 25-07-2026
ਨਵੀਂ ਦਿੱਲੀ, 24 ਜੁਲਾਈ (ਪੀ.ਟੀ.ਆਈ.)- ਵਿਰੋਧੀ ਧਿਰ ਵਲੋਂ ਦੋਵਾਂ ਸਦਨਾਂ ’ਚ ਨੀਟ ਪੇਪਰ ਲੀਕ ਮੁੱਦੇ ’ਤੇ ਬਹਿਸ ਤੋਂ ਪਹਿਲਾਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜਾਰੀ ਰੇੜਕੇ ਕਾਰਨ ਸੰਸਦ ਦੇ ਮੌਨਸੂਨ ਇਜਲਾਸ ਦਾ ਪਹਿਲਾ ਹਫ਼ਤਾ ਬਿਨਾਂ ਕਿਸੇ ਕੰਮਕਾਜ ਦੇ ਬੇਕਾਰ ਰਿਹਾ। ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਦੇ ਹੋਏ ਸਰਕਾਰ ਨੇ ਕਿਹਾ ਹੈ ਕਿ ਬਹਿਸ ਤੋਂ ਪਹਿਲਾਂ “ਬਹਾਨੇ” ਬਣਾਉਣਾ ਤੇ “ਪੂਰਵ-ਸ਼ਰਤਾਂ” ਜੋੜਨਾ ਦੇਸ਼ ਨੂੰ ਗਲਤ ਸੁਨੇਹਾ ਦੇਵੇਗਾ। ਇਜਲਾਸ ਦੇ ਪਹਿਲੇ ਹਫ਼ਤੇ ਦੋਵੇਂ ਸਦਨ ਲੋਕ ਸਭਾ ਤੇ ਰਾਜ ਸਭਾ ’ਚ ਇਕ-ਇਕ ਬਿੱਲ ਪੇਸ਼ ਕਰਨ ਤੋਂ ਇਲਾਵਾ ਕੋਈ ਵੀ ਵਿਧਾਨਕ ਏਜੰਡਾ ਨਹੀਂ ਲੈ ਸਕੇ। ਲੋਕ ਸਭਾ ’ਚ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ 34 ਤੋਂ ਵਧਾ ਕੇ 38 ਕਰਨ ਵਾਲੇ ਆਰਡੀਨੈਂਸ ਨੂੰ ਬਦਲਣ ਲਈ ਇਕ ਬਿੱਲ ਪੇਸ਼ ਕੀਤਾ ਗਿਆ ਸੀ, ਪਰ ਹਰ ਰੋਜ਼ ਸੂਚੀਬੱਧ ਹੋਣ ਦੇ ਬਾਵਜੂਦ ਇਸ ਨੂੰ ਵਿਚਾਰ ਤੇ ਪਾਸ ਕਰਨ ਲਈ ਨਹੀਂ ਲਿਆ ਜਾ ਸਕਿਆ। 13 ਅਗਸਤ ਨੂੰ ਇਜਲਾਸ ਖ਼ਤਮ ਹੋਣ ਤੋਂ ਪਹਿਲਾਂ ਬਿੱਲ ਨੂੰ ਸੰਸਦ ’ਚ ਪਾਸ ਕਰਨਾ ਪਵੇਗਾ ਨਹੀਂ ਤਾਂ ਆਰਡੀਨੈਂਸ ਖ਼ਤਮ ਹੋ ਜਾਵੇਗਾ। ਲੋਕ ਸਭਾ ’ਚ ਪ੍ਰਸ਼ਨ ਕਾਲ ਪੰਜ ਦਿਨਾਂ ’ਚ 15 ਮਿੰਟ ਲਈ ਵੀ ਨਹੀਂ ਚੱਲ ਸਕਿਆ। ਰਾਜ ਸਭਾ ’ਚ ਸ਼ੁੱਕਰਵਾਰ ਨੂੰ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਅਪਮਾਨ ਨੂੰ ਅਪਰਾਧ ਬਣਾਉਣ ਲਈ ਇਕ ਬਿੱਲ ਪੇਸ਼ ਕੀਤਾ ਗਿਆ।ਜਦੋਂ ਲੋਕ ਸਭਾ ਪਹਿਲਾਂ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 12 ਵਜੇ ਜੁੜੀ ਤਾਂ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲ ਇਸ਼ਾਰਾ ਕੀਤਾ ਤੇ ਕਿਹਾ ਕਿ ਸਰਕਾਰ ਨੇ ਪੇਪਰ ਲੀਕ ’ਤੇ ਬਹਿਸ ਕਰਨ ਲਈ ਵਿਰੋਧੀ ਪਾਰਟੀਆਂ ਨਾਲ ਵਾਰ-ਵਾਰ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦਕਿ ਕਈ ਵਿਰੋਧੀ ਸੰਸਦ ਮੈਂਬਰਾਂ ਦਾ ਵਿਚਾਰ ਹੈ ਕਿ ਬਹਿਸ ਹੋਣੀ ਚਾਹੀਦੀ ਹੈ, ਗਾਂਧੀ ਨੂੰ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਚਰਚਾ ਦੀ ਜ਼ਰੂਰਤ ਨੂੰ ਸਮਝਾਉਣਾ ਚਾਹੀਦਾ ਹੈ। ਰਿਜਿਜੂ ਨੇ ਕਿਹਾ ਕਿ ਬਹਿਸ ਤੋਂ ਪਹਿਲਾਂ ਬਹਾਨੇ ਬਣਾਉਣਾ ਤੇ ਪੂਰਵ-ਸ਼ਰਤਾਂ ਜੋੜਨਾ ਦੇਸ਼ ਨੂੰ ਗਲਤ ਸੁਨੇਹਾ ਦੇਵੇਗਾ। ਇਸੇ ਤਰ੍ਹਾਂ ਜਦੋਂ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਨੇ ਪੇਪਰ ਲੀਕ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ’ਤੇ ਲਾਠੀਚਾਰਜ ਦਾ ਮੁੱਦਾ ਉਠਾਉਣ ਤੇ ਪ੍ਰਧਾਨ ਦੇ ਅਸਤੀਫ਼ੇ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਰਾਜ ਸਭਾ ਕੁਝ ਮਿੰਟਾਂ ਦੇ ਅੰਦਰ ਹੀ ਮੁਲਤਵੀ ਕਰ ਦਿੱਤੀ ਗਈ । ਦੋਵੇਂ ਸਦਨ ਹੁਣ ਸੋਮਵਾਰ ਨੂੰ ਜੁੜਣਗੇ।
ਪਿਛਲੀ ਖ਼ਬਰ ਈ.ਡੀ. ਵਲੋਂ ਪੰਜਾਬ, ਦਿੱਲੀ ਤੇ ਯੂ.ਪੀ. ’ਚ ਛਾਪੇਮਾਰੀ ਅਗਲੀ ਖ਼ਬਰ ਚੰਦਰਸ਼ੇਖਰ ਉੱਤਰ ਪ੍ਰਦੇਸ਼ ਦੇ ਜੰਤਰ-ਮੰਤਰ ਤੋਂ ਮਿਲੇ ਬੂਸਟਰ ਦਾ ਕਿੰਨਾ ਕੁ ਲਾਭ ਉਠਾ ਸਕਣਗੇ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।