• ਪੱਛਮੀ ਏਸ਼ੀਆ ਦੇ ਹਾਲਾਤ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ
• ਪ੍ਰਧਾਨ ਮੰਤਰੀ, ਰਾਹੁਲ ਗਾਂਧੀ ਤੇ ਤਿ੍ਣਮੂਲ ਕਾਂਗਰਸ ਰਹੀ ਗ਼ੈਰ-ਹਾਜ਼ਰ
ਨਵੀਂ ਦਿੱਲੀ, 25 ਮਾਰਚ (ਉਪਮਾ ਡਾਗਾ ਪਾਰਥ)-ਪੱਛਮੀ ਏਸ਼ੀਆ ਦੇ ਸੰਕਟ ਨੂੰ ਲੈ ਕੇ ਸਰਕਾਰ ਵਲੋਂ ਕੀਤੀ ਸਰਬ ਪਾਰਟੀ ਮੀਟਿੰਗ 'ਚ ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ ਤਿੱਖੇ ਸਵਾਲ-ਜਵਾਬ ਹੋਏ, ਜਿਸ 'ਚ ਸਰਕਾਰ ਨੇ ਆਪਣੇ ਤੌਰ 'ਤੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਦੇਸ਼ 'ਚ ਊਰਜਾ ਦੀ ਕੋਈ ਘਾਟ ਨਹੀਂ ਹੈ | ਦੂਜੇ ਪਾਸੇ, ਵਿਰੋਧੀ ਧਿਰਾਂ ਨੇ ਬੈਠਕ ਨੂੰ ਦੇਰੀ ਨਾਲ ਚੁੱਕਿਆ ਕਦਮ ਦੱਸਦਿਆਂ ਸਵਾਲ ਉਠਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਅਹਿਮ ਬੈਠਕ 'ਚ ਮੌਜੂਦ ਕਿਉਂ ਨਹੀਂ ਸਨ | ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ, ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਮੌਜੂਦ ਸਨ | ਜਦਕਿ ਵਿਰੋਧੀ ਧਿਰ ਵਲੋਂ ਕਾਂਗਰਸ ਦੇ ਮਨੀਕਮ ਟੈਗੋਰ, ਮੁਕੁਲ ਵਾਸਨਿਕ, ਤਾਰਿਕ ਅਨਵਰ, ਸਮਾਜਵਾਦੀ ਪਾਰਟੀ ਤੋਂ ਧਰਮੇਂਦਰ ਯਾਦਵ, ਸੀ. ਪੀ. ਐਮ. ਤੋਂ ਜਾਨ ਬਿ੍ਟਾਸ, ਬੀ. ਜੇ. ਡੀ. ਤੋਂ ਸਸ਼ਮਿਤ ਪਾਤਰਾ, ਏ. ਆਈ. ਐਮ. ਆਈ. ਐਮ. ਤੋਂ ਅਸਦੁਦੀਨ ਓਵੈਸੀ ਸ਼ਾਮਿਲ ਹੋਏ | ਤਿ੍ਣਮੂਲ ਕਾਂਗਰਸ ਨੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ 'ਚ ਮੀਟਿੰਗ ਦਾ ਬਾਈਕਾਟ ਕੀਤਾ | ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਦੇ ਹਸਪਤਾਲ 'ਚ ਭਰਤੀ ਹੋਣ ਕਾਰਨ ਮੀਟਿੰਗ 'ਚ ਸ਼ਾਮਿਲ ਨਹੀਂ ਹੋਏ | ਸਰਬ ਪਾਰਟੀ ਮੀਟਿੰਗ 'ਚ ਪਾਕਿਸਤਾਨ ਵਲੋਂ ਈਰਾਨ-ਅਮਰੀਕਾ-ਇਜ਼ਰਾਈਲ ਜੰਗ 'ਚ ਵਿਚੋਲਗੀ ਦੀ ਭੂਮਿਕਾ ਨੂੰ ਲੈ ਕੇ ਕਈ ਸਵਾਲ ਉੱਠੇ | ਸਰਕਾਰ ਨੇ ਇਸ ਦੇ ਜਵਾਬ 'ਚ ਤਰਕ ਦਿੰਦਿਆਂ ਕਿਹਾ ਕਿ ਜੇਕਰ ਅਮਰੀਕਾ ਨੂੰ ਪਾਕਿਸਤਾਨ ਦੇ ਰਾਹੀਂ ਗੱਲ ਕਰਨਾ ਲਾਹੇਵੰਦ ਲੱਗਦਾ ਹੈ, ਤਾਂ ਭਾਰਤ ਉਸ 'ਤੇ ਕੰਟਰੋਲ ਨਹੀਂ ਕਰ ਸਕਦਾ | ਸਰਕਾਰ ਦਾ ਪੱਖ ਰੱਖਦਿਆਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਆਲਮੀ ਕੂਟਨੀਤੀ 'ਚ 'ਦਲਾਲ ਦੇਸ਼' ਦੀ ਭੂਮਿਕਾ ਨਹੀਂ ਨਿਭਾਵੇਗਾ | ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਲਗਾਤਾਰ ਸਰਗਰਮ ਰਹਿ ਕੇ ਬਿਆਨਾਂ, ਕੂਟਨੀਤਕ ਪਹਿਲਕਦਮੀਆਂ ਅਤੇ ਸਾਰੀਆਂ ਸੰਬੰਧਿਤ ਧਿਰਾਂ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਹੈ | ਸਰਕਾਰ ਨੇ ਕਿਹਾ ਕਿ ਕਦੇ-ਕਦੇ 'ਖਾਮੋਸ਼ੀ' ਇਕ ਰਣਨੀਤਕ ਹਥਿਆਰ ਹੁੰਦਾ ਹੈ, ਪਰ ਨਾਲ ਹੀ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਚੁੱਪ-ਚਾਪ ਨਹੀਂ ਰਿਹਾ ਹੈ | ਵਿਦੇਸ਼ ਮੰਤਰੀ ਨੇ ਜੰਗ ਕਾਰਨ 'ਹੋਰਮੁਜ਼ ਜਲਡਮਰੂ' 'ਚ ਫ਼ਸੇ ਜਹਾਜ਼ਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 4 ਜਹਾਜ਼ ਆ ਗਏ ਹਨ ਅਤੇ ਕੁਝ ਹੋਰ ਜਹਾਜ਼ ਆਉਣ ਵਾਲੇ ਹਨ | ਖਾੜੀ ਦੇਸ਼ਾਂ 'ਚ ਫ਼ਸੇ ਭਾਰਤੀਆਂ ਨੂੰ ਲੈ ਕੇ ਵੀ ਸਰਕਾਰ ਨੇ ਕਿਹਾ ਕਿ ਸਾਡੇ ਦੂਤਘਰ ਲਗਾਤਾਰ ਕੰਮ ਕਰ ਰਹੇ ਹਨ ਅਤੇ ਹੁਣ ਤੱਕ 4.25 ਲੱਖ ਭਾਰਤੀਆਂ ਨੂੰ ਸੁਰੱਖਿਅਤ ਲਿਆਂਦਾ ਜਾ ਚੁੱਕਾ ਹੈ |
ਤਕਰੀਬਨ ਦੋ ਘੰਟੇ ਚੱਲੀ ਮੀਟਿੰਗ
ਸਰਕਾਰ ਵਲੋਂ ਸੱਦੀ ਸਰਬ ਪਾਰਟੀ ਮੀਟਿੰਗ ਤਕਰੀਬਨ ਦੋ ਘੰਟੇ ਤੱਕ ਚੱਲੀ | ਬੈਠਕ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਰੋਧੀ ਧਿਰਾਂ ਦੇ ਜਿੰਨੇ ਵੀ ਸਵਾਲ ਜਾਂ ਸ਼ੰਕੇ ਸਨ, ਸਰਕਾਰ ਨੇ ਉਸ ਦਾ ਜਵਾਬ ਦਿੱਤਾ ਹੈ | ਰਿਜਿਜੂ ਨੇ ਕਿਹਾ ਕਿ ਅਖੀਰ 'ਚ ਵਿਰੋਧੀ ਧਿਰ ਦੇ ਸਾਰੇ ਸਾਥੀਆਂ ਨੇ ਕਿਹਾ ਕਿ ਸੰਕਟ ਦੀ ਇਸ ਘੜੀ 'ਚ ਸਰਕਾਰ ਜੋ ਵੀ ਫੈਸਲਾ ਲਵੇਗੀ ਮੌਜੂਦਾ ਹਾਲਾਤ ਮੁਤਾਬਿਕ ਜੋ ਵੀ ਕਦਮ ਚੁੱਕੇਗੀ ਸਾਰੇ ਉਸ ਦਾ ਇਕਜੁੱਟ ਹੋ ਕੇ ਸਮਰਥਨ ਕਰਨਗੇ |
ਪ੍ਰਧਾਨ ਮੰਤਰੀ ਦੀ ਗ਼ੈਰ-ਮੌਜੂਦਗੀ 'ਤੇ ਵਿਰੋਧੀ ਧਿਰਾਂ ਨੇ ਉਠਾਏ ਸਵਾਲ
ਵਿਰੋਧੀ ਧਿਰਾਂ ਨੇ ਸਰਬ ਪਾਰਟੀ ਮੀਟਿੰਗ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗ਼ੈਰ -ਮੌਜੂਦਗੀ ਨੂੰ ਲੈ ਕੇ ਸਵਾਲ ਉਠਾਏ, ਕਾਂਗਰਸੀ ਸੰਸਦ ਮੈਂਬਰ ਮਨਿਕਮ ਟੈਗੋਰ ਨੇ ਕਿਹਾ ਕਿ ਵੱਡੇ ਆਲਮੀ ਸੰਕਟ ਦੌਰਾਨ ਅਜਿਹੀਆਂ ਚਰਚਾਵਾਂ ਦੀ ਅਗਵਾਈ ਰਵਾਇਤੀ ਤੌਰ 'ਤੇ ਪ੍ਰਧਾਨ ਮੰਤਰੀ ਹੀ ਕਰਦੇ ਆਏ ਹਨ | ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਅਜਿਹੇ ਗੰਭੀਰ ਮੁੱਦੇ 'ਤੇ ਅਜਿਹੀਆਂ ਬੈਠਕਾਂ ਹੁੰਦੀਆਂ ਹਨ ਤਾਂ ਪ੍ਰਧਾਨ ਮੰਤਰੀ ਭਾਵੇਂ ਉਹ ਮਨਮੋਹਨ ਸਿੰਘ ਹੋਣ, ਅਟਲ ਬਿਹਾਰੀ ਵਾਜਪਾਈ ਹੋਣ ਜਾਂ ਪੀ. ਵੀ. ਨਰਸਿਮ੍ਹਾ ਰਾਓ ਹੋਣ ਹਮੇਸ਼ਾ ਉਸ 'ਚ ਸ਼ਾਮਿਲ ਹੋਏ ਸਨ | ਇਹ ਪਹਿਲੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਅਜਿਹੀ ਮੀਟਿੰਗ ਦਾ ਹਿੱਸਾ ਨਹੀਂ ਹਨ ਜੋ ਕਿ ਮੰਦਭਾਗਾ ਹੈ |
ਅਸੀਂ ਪਾਕਿਸਤਾਨ ਵਾਂਗ ਦਲਾਲ ਦੇਸ਼ ਨਹੀਂ-ਜੈਸ਼ੰਕਰ
ਅਜੀਤ ਡੈਸਕ
26-03-2026