ਨਵੀਂ ਦਿੱਲੀ, 23 ਨਵੰਬਰ (ਏਜੰਸੀ)-ਜਨਤਕ ਜਾਂ ਸਾਂਝੇ ਕੰਪਿਊਟਰ ’ਤੇ ਵਟਸਐਪ ਵੈੱਬ ਦੀ ਵਰਤੋਂ ਕਰਨ ਮਗਰੋਂ ਖਾਤੇ ਨੂੰ ਲੌਗਆਊਟ ਕੀਤੇ ਬਿਨ੍ਹਾਂ ਛੱਡਣਾ ਸਾਈਬਰ ਅਪਰਾਧੀਆਂ ਲਈ ਵੱਡਾ ਮੌਕਾ ਬਣ ਸਕਦਾ ਹੈ। ਉਹ ਇਸ ਰਾਹੀਂ ਕਿਸੇ ਦਾ ਵਟਸਐਪ ਖਾਤਾ ਆਪਣੇ ਕਬਜ਼ੇ ਵਿਚ ਲੈ ਸਕਦੇ ਹਨ, ਨਿੱਜੀ ਗੱਲਬਾਤ ਪੜ੍ਹ ਸਕਦੇ ਹਨ ਅਤੇ ਸੰਬੰਧਿਤ ਵਿਅਕਤੀ ਦੀ ਪਛਾਣ ਵਰਤ ਕੇ ਧੋਖਾਧੜੀ ਕਰ ਸਕਦੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੀ ਸਾਈਬਰ ਅਪਰਾਧ ਰੋਕੂ ਇਕਾਈ ਨੇ ਸੋਮਵਾਰ ਨੂੰ ਜਾਰੀ ਤਾਜ਼ਾ ਸਲਾਹ ਵਿੱਚ ਇਹ ਚਿਤਾਵਨੀ ਦਿੱਤੀ ਹੈ। ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਦੀ ਕੌਮੀ ਸਾਈਬਰ ਅਪਰਾਧ ਖ਼ਤਰਾ ਵਿਸ਼ਲੇਸ਼ਣ ਇਕਾਈ ਨੇ ਕਿਹਾ ਹੈ ਕਿ ਵਟਸਐਪ ਵੈੱਬ ’ਤੇ ਲੌਗਇਨ ਰਹਿ ਗਿਆ ਖਾਤਾ ਬਿਨਾਂ ਇਜਾਜ਼ਤ ਵਰਤਿਆ ਜਾ ਸਕਦਾ ਹੈ। ਇਸ ਰਾਹੀਂ ਅਪਰਾਧੀ ਸੁਨੇਹੇ ਪੜ੍ਹਨ ਦੇ ਨਾਲ-ਨਾਲ ਖਾਤਾ ਮਾਲਕ ਦੇ ਨਾਂਅ’ਤੇ ਦੂਜਿਆਂ ਨੂੰ ਸੁਨੇਹੇ ਭੇਜ ਸਕਦੇ ਹਨ। ਉਹ ਸੰਪਰਕ ਸੂਚੀ ਅਤੇ ਸਮੂਹਾਂ ਵਿਚ ਹੋਣ ਵਾਲੀ ਗੱਲਬਾਤ ਤੱਕ ਵੀ ਪਹੁੰਚ ਬਣਾ ਸਕਦੇ ਹਨ। ਕੇਂਦਰ ਵਲੋਂ ਜਾਰੀ ਸਲਾਹ ਵਿਚ ਕਿਹਾ ਗਿਆ ਹੈ ਕਿ ਬਰਾਊਜ਼ਰ ਦੀ ਖਿੜਕੀ ਜਾਂ ਟੈਬ ਬੰਦ ਕਰ ਦੇਣ ਨਾਲ ਵਟਸਐਪ ਵੈੱਬ ਦਾ ਲੌਗਇਨ ਸੈਸ਼ਨ ਖ਼ਤਮ ਨਹੀਂ ਹੁੰਦਾ। ਇਸ ਲਈ ਹਰ ਵਾਰ ਵਰਤੋਂ ਮਗਰੋਂ ਖਾਤੇ ਵਿਚੋਂ ਖ਼ੁਦ ਲੌਗਆਊਟ ਕਰਨਾ ਜ਼ਰੂਰੀ ਹੈ।ਉਨ੍ਹਾਂ ਦਫ਼ਤਰਾਂ ਦੇ ਕੰਪਿਊਟਰਾਂ, ਸਾਂਝੇ ਸਿਸਟਮਾਂ ਅਤੇ ਜਨਤਕ ਥਾਵਾਂ ’ਤੇ ਲੱਗੇ ਕੰਪਿਊਟਰਾਂ ਦੀ ਵਰਤੋਂ ਕਰਦੇ ਸਮੇਂ ਖ਼ਾਸ ਇਹਤਿਆਤ ਵਰਤਣ ਦੀ ਸਲਾਹ ਦਿੱਤੀ ਹੈ। ਸਰਕਾਰੀ, ਵਿੱਤੀ, ਦਫ਼ਤਰੀ, ਗੁਪਤ ਜਾਂ ਹੋਰ ਸੰਵੇਦਨਸ਼ੀਲ ਜਾਣਕਾਰੀ ਅਜਿਹੇ ਕੰਪਿਊਟਰਾਂ ਰਾਹੀਂ ਵਟਸਐਪ ਵੈੱਬ ’ਤੇ ਸਾਂਝੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇ ਇਸ ਦੀ ਵਰਤੋਂ ਕਰਨੀ ਲਾਜ਼ਮੀ ਹੋਵੇ ਤਾਂ ਗੁਪਤ ਜਾਂ ਨਿੱਜੀ ਬਰਾਊਜ਼ਿੰਗ ਮੋਡ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸਾਈਬਰ ਕੈਫੇ ਅਤੇ ਹੋਟਲਾਂ ਦੇ ਕੰਪਿਊਟਰਾਂ ਤੋਂ ਬਚਣ ਦੀ ਸਲਾਹ-
ਇਕਾਈ ਨੇ ਸਾਈਬਰ ਕੈਫੇ, ਜਨਤਕ ਕਿਓਸਕ, ਹੋਟਲਾਂ ਦੇ ਕਾਰੋਬਾਰੀ ਕੇਂਦਰਾਂ ਜਾਂ ਉਧਾਰ ਲਏ ਕੰਪਿਊਟਰਾਂ ’ਤੇ ਵਟਸਐਪ ਵੈੱਬ ਖੋਲ੍ਹਣ ਤੋਂ ਮਨ੍ਹਾਂ ਕੀਤਾ ਹੈ। ਇਸ ਦੇ ਨਾਲ ਹੀ ਖਾਤੇ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਆਪਣੇ ਖਾਤੇ ਤੋਂ ਅਣਜਾਣੇ ਸੁਨੇਹੇ ਭੇਜੇ ਜਾਣ ਜਾਂ ਸੰਪਰਕਾਂ ਵੱਲੋਂ ਅਜੀਬ ਜਵਾਬ ਮਿਲਣ ਵਰਗੀ ਗਤੀਵਿਧੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।ਸਾਈਬਰ ਸੁਰੱਖਿਆ ਇਕਾਈ ਨੇ ਕੰਪਿਊਟਰਾਂ, ਮੋਬਾਈਲਾਂ, ਉਨ੍ਹਾਂ ਦੇ ਅਪਰੇਟਿੰਗ ਸਿਸਟਮ ਅਤੇ ਬਰਾਊਜ਼ਰਾਂ ਨੂੰ ਨਵੀਨਤਮ ਰੱਖਣ, ਸੁਰੱਖਿਆ ਸਾਫ਼ਟਵੇਅਰ ਅਪਡੇਟ ਕਰਨ ਅਤੇ ਸ਼ੱਕੀ ਫਾਈਲਾਂ, ਅਣਜਾਣ ਡਾਊਨਲੋਡਾਂ ਤੇ ਗ਼ੈਰਕਾਨੂੰਨੀ ਸਾਫ਼ਟਵੇਅਰ ਤੋਂ ਬਚਣ ਦੀ ਵੀ ਸਲਾਹ ਦਿੱਤੀ ਹੈ।
ਕੰਪਿਊਟਰ ’ਤੇ ਵਟਸਐਪ ਖੁੱਲ੍ਹਾ ਛੱਡਣਾ ਪੈ ਸਕਦਾ ਹੈ ਮਹਿੰਗਾ
ਕੰਪਿਊਟਰ ’ਤੇ ਵਟਸਐਪ ਖੁੱਲ੍ਹਾ ਛੱਡਣਾ ਪੈ ਸਕਦਾ ਹੈ ਮਹਿੰਗਾ
ਅਜੀਤ ਡੈਸਕ
24-11-2026