ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਾਅਵਾ ਕੀਤਾ ਹੈ ਕਿ ਭਾਵੇਂ ਫਰਵਰੀ ਦੇ ਅਖੀਰ ਤੇ ਮਾਰਚ ਦੇ ਸ਼ੁਰੂ 'ਚ ਅਚਾਨਕ ਆਈ ਗਰਮੀ ਦੀ ਲਹਿਰ ਨੇ ਫ਼ਿਕਰ ਪਾ ਦਿੱਤਾ ਸੀ ਕਿ ਇਸ ਵਾਰ ਕਣਕ ਦਾ ਝਾੜ ਘਟੇਗਾ, ਪਰ ਬਾਅਦ 'ਚ ਮੌਸਮ 'ਚ ਆਈ ਨਮੀ ਤੇ ਠੰਡਕ ਨੇ ਫਿਰ ਆਸਾਰ ਬਣਾ ਦਿੱਤੇ ਹਨ ਕਿ ਫ਼ਸਲ ਦਾ ਝਾੜ ਚੰਗਾ ਹੋਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦਾ ਪੂਰੀ ਤਰ੍ਹਾਂ ਖਿਆਲ ਰੱਖ ਰਹੀ ਹੈ | ਗੌਰਤਲਬ ਹੈ ਕਿ ਇਸ ਸਾਲ ਫ਼ਰਵਰੀ-ਮਾਰਚ 'ਚ ਪੰਜਾਬ-ਹਰਿਆਣਾ 'ਚ ਤਾਪਮਾਨ ਆਮ ਨਾਲੋਂ 5-7 ਡਿਗਰੀ ਵਧ ਗਿਆ ਸੀ, ਮਾਹਿਰਾਂ ਅਨੁਸਾਰ ਇਸ ਨਾਲ ਫ਼ਸਲ ਦਾ ਝਾੜ ਘਟਣ, ਅਨਾਜ ਸੁੰਗੜਣ ਜਾਂ ਮਾਜੂ ਦਾਣਾ ਹੋਣ ਤੇ ਜਲਦੀ ਪੱਕਣ ਦਾ ਖ਼ਤਰਾ ਪੈਦਾ ਹੋ ਗਿਆ ਸੀ ਤੇ ਫ਼ਸਲ ਦੇ ਝਾੜ 'ਚ 10 ਤੋਂ 15 ਫ਼ੀਸਦੀ ਘਾਟੇ ਦਾ ਅੰਦਾਜਾ ਲਗਾਇਆ ਜਾ ਰਿਹਾ ਸੀ, ਪਰ ਫਿਰ ਮਾਰਚ ਦੇ ਮੱਧ 'ਚ ਬਰਸਾਤ ਤੇ ਠੰਡੀਆਂ ਹਵਾਵਾਂ ਨੇ ਆਮ ਤੌਰ 'ਤੇ ਫ਼ਸਲ ਨੂੰ ਫ਼ਾਇਦਾ ਪਹੁੰਚਾਇਆ | ਭਾਵੇਂ ਕੁਝ ਥਾਵਾਂ 'ਤੇ ਕਣਕਾਂ ਵਿਛ ਗਈਆਂ ਸਨ, ਪਰ ਬਰਸਾਤ ਨਾਲ ਤਾਪਮਾਨ ਸਥਿਰ ਹੋਇਆ ਤੇ ਅਨਾਜ ਭਰਨ ਦੀ ਪ੍ਰਕਿਰਿਆ ਵਧੀਆ ਚੱਲੀ | ਖੇਤੀ ਵਿਗਿਆਨੀਆਂ ਅਨੁਸਾਰ ਇਸ ਨਾਲ ਹੁਣ ਝਾੜ ਉਮੀਦ ਤੋਂ ਵਧੀਆ ਹੋਣ ਦੀ ਸੰਭਾਵਨਾ ਹੈ | ਪੰਜਾਬ ਦੇ ਕਿਸਾਨਾਂ ਲਈ ਇਹ ਸਾਲ ਵਧੀਆ ਰਹਿਣ ਦੀ ਸੰਭਾਵਨਾ ਹੈ ਕਿਉਂ ਕਿ ਵਧੀ ਖ਼ਰੀਦ ਕੀਮਤ, ਕਣਕ ਦੀ ਖ਼ਰੀਦ ਦਾ ਵੱਡਾ ਟੀਚਾ ਤੇ ਖ਼ਰੀਦ ਲਈ ਤਿਆਰੀਆਂ ਕਿਸਾਨਾਂ ਲਈ ਰਾਹਤ ਵਾਲੀਆਂ ਹਨ | ਸਮਝਿਆ ਜਾਂਦਾ ਹੈ ਕਿ ਵਿਧਾਨ ਸਭਾ ਚੋਣਾਂ ਵਾਲਾ ਸਾਲ ਹੋਣ ਕਾਰਨ ਇਸ ਵਾਰ ਕਿਸਾਨਾਂ ਨੂੰ ਕਣਕ ਦੀ ਵਿਕਰੀ 'ਚ ਕੋਈ ਮੁਸ਼ਕਿਲ ਨਹੀਂ ਆਵੇਗੀ | ਨਿੱਜੀ ਵਪਾਰੀਆਂ ਤੇ ਆਟਾ ਮਿੱਲਾਂ ਵਲੋਂ ਕਣਕ ਦੀ ਵੱਡੀ ਖ਼ਰੀਦ ਕੀਤੇ ਜਾਣ ਦੀ ਸੰਭਾਵਨਾ ਹੈ |
ਪੈਦਾਵਾਰ ਘਟਣ ਦੀ ਉਮੀਦ ਨਹੀਂ-ਖੁੱਡੀਆਂ
ਅਜੀਤ ਡੈਸਕ
26-03-2026