ਕਪੂਰਥਲਾ, 19 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਵਿਚ ਸਹੋਦਿਆ ਅੰਤਰ ਸਕੂਲ ਖੋ-ਖੋ ਦਾ ਮੁਕਾਬਲਾ ਕਰਵਾਇਆ ਗਿਆ | ਜਿਸ ਦਾ ਉਦਘਾਟਨ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ ਤੇ ਪਿ੍ੰਸੀਪਲ ਪਰਮਿੰਦਰ ਕੌਰ ਨੇ ਕੀਤਾ | ਇਸ ਮੌਕੇ ਬੋਲਦਿਆਂ ਸੁਖਦੇਵ ਸਿੰਘ ਨਾਨਕਪੁਰ ਨੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ | ਸਰੀਰਕ ਤੰਦਰੁਸਤੀ ਤੋਂ ਇਲਾਵਾ ਖੇਡਾਂ ਸਾਨੂੰ ਅਨੁਸ਼ਾਸਨ ਵਿਚ ਜ਼ਿੰਦਗੀ ਜਿਊਣ ਲਈ ਸਾਡੀ ਅਗਵਾਈ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ | ਖੋ-ਖੋ ਲੜਕੀਆਂ ਦੇ ਮੁਕਾਬਲੇ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ.ਸੀ.ਐਫ. ਨੇ ਪਹਿਲਾ, ਐਮ.ਜੀ.ਐਨ. ਪਬਲਿਕ ਸਕੂਲ ਕਪੂਰਥਲਾ ਨੇ ਦੂਜਾ, ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਨੇ ਤੀਜਾ ਸਥਾਨ ਲਿਆ, ਜਦਕਿ ਲੜਕਿਆਂ ਦੇ ਮੁਕਾਬਲੇ ਵਿਚ ਐਮ.ਜੀ.ਐਨ. ਪਬਲਿਕ ਸਕੂਲ ਪਹਿਲੇ, ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਦੂਜੇ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ.ਸੀ.ਐਫ. ਨੇ ਤੀਜਾ ਸਥਾਨ ਲਿਆ | ਸਕੂਲ ਦੀ ਪ੍ਰਬੰਧਕ ਕਮੇਟੀ ਨੇ ਜੇਤੂ ਟੀਮਾਂ ਨੂੰ ਮੈਡਲ, ਟਰਾਫ਼ੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਜੇਤੂ ਟੀਮਾਂ ਨੂੰ ਹੋਰ ਮਿਹਨਤ ਨਾਲ ਅਗਲੇ ਮੁਕਾਬਲਿਆਂ ਦੀ ਤਿਆਰੀ ਕਰਨ ਲਈ ਕਿਹਾ | ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |