ਕਪੂਰਥਲਾ, 19 ਨਵੰਬਰ (ਅਮਰਜੀਤ ਕੋਮਲ)-ਨਗਰ ਨਿਗਮ ਵਲੋਂ ਰਿਆਸਤੀ ਸ਼ਹਿਰ ਕਪੂਰਥਲਾ ਦੇ ਕੂੜੇ ਦੇ ਨਿਪਟਾਰੇ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਨਾਕਾਮ ਰਹਿਣ ਤੋਂ ਬਾਅਦ ਉਨ੍ਹਾਂ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਨਗਰ ਕੌਂਸਲਰਾਂ ਤੇ ਪ੍ਰਮੁੱਖ ਕਾਂਗਰਸ ਆਗੂਆਂ ਦੇ ਸਹਿਯੋਗ ਨਾਲ ਸ਼ਹਿਰ ਦੀ ਸਫ਼ਾਈ ਦਾ ਕੰਮ ਆਪਣੇ ਖ਼ਰਚੇ 'ਤੇ ਕਰਵਾਉਣ ਦਾ ਕੰਮ ਸ਼ੁਰੂ ਕੀਤਾ ਹੈ, ਜੋ ਅੱਜ 50ਵੇਂ ਦਿਨ ਵਿਚ ਦਾਖਲ ਹੋ ਗਿਆ ਹੈ ਤੇ ਇਸ ਕਾਰਜ 'ਤੇ 9 ਲੱਖ ਰੁਪਏ ਪ੍ਰਤੀ ਮਹੀਨਾ ਖ਼ਰਚ ਆ ਰਿਹਾ ਹੈ | ਇਹ ਗੱਲ ਰਾਣਾ ਗੁਰਜੀਤ ਸਿੰਘ ਕਾਂਗਰਸ ਵਿਧਾਇਕ ਕਪੂਰਥਲਾ ਨੇ ਅੱਜ ਏਕਤਾ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਵਲੋਂ ਜਿੱਥੇ ਵੀ ਵਿਰੋਧੀ ਪਾਰਟੀਆਂ ਨਾਲ ਸਬੰਧਿਤ ਨਗਰ ਨਿਗਮਾਂ ਜਾਂ ਨਗਰ ਕੌਂਸਲਾਂ ਹਨ ਉੱਥੇ ਹਰ ਤਰ੍ਹਾਂ ਦੇ ਵਿਕਾਸ ਕਾਰਜਾਂ ਵਿਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਨਿਗਮਾਂ ਜਾਂ ਕੌਂਸਲਾਂ 'ਤੇ ਕਾਬਜ ਧਿਰ ਦਾ ਅਕਸ ਖ਼ਰਾਬ ਕੀਤਾ ਜਾ ਸਕੇ | ਕਾਂਗਰਸ ਵਿਧਾਇਕ ਨੇ ਕਿਹਾ ਕਿ 22 ਨਵੰਬਰ 2024 ਨੂੰ ਲੋੜੀਂਦੀ ਮਸ਼ੀਨਰੀ ਤੇ ਹੋਰ ਕੰਮਾਂ ਲਈ 1 ਕਰੋੜ 90 ਲੱਖ, 9 ਜੂਨ 2025 ਨੂੰ 2 ਕਰੋੜ 18 ਲੱਖ ਰੁਪਏ ਦੇ ਕੰਮ ਕਰਵਾਉਣ ਲਈ ਨਿਗਮ ਦੇ ਹਾਊਸ ਵਲੋਂ ਮਤੇ ਪਾਸ ਕੀਤੇ ਗਏ ਤੇ ਇਨ੍ਹਾਂ ਕਾਰਜਾਂ ਲਈ ਵਰਕ ਆਰਡਰ ਵੀ ਹੋ ਚੁੱਕੇ ਹਨ, ਪਰ ਨਗਰ ਨਿਗਮ ਦੀ ਕਮਿਸ਼ਨਰ ਵਲੋਂ ਇਹ ਕਾਰਜ ਅਜੇ ਤੱਕ ਵੀ ਸ਼ੁਰੂ ਨਹੀਂ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 11 ਅਗਸਤ 2025 ਨੂੰ 3 ਕਰੋੜ 77 ਲੱਖ ਰੁਪਏ ਦੇ ਕੰਮ ਕਰਵਾਉਣ ਲਈ ਮਤਾ ਪਾਸ ਕੀਤਾ ਗਿਆ, ਪਰ ਉਸ ਮਤੇ ਨੂੰ ਚੰਡੀਗੜ੍ਹ ਭੇਜ ਕੇ ਇਤਰਾਜ਼ ਲਗਾ ਦਿੱਤਾ ਗਿਆ ਤੇ ਇਸ ਮਤੇ ਵਿਚ ਪਾਸ ਕੀਤੇ ਕੰਮ ਅਜੇ ਤੱਕ ਅਧੂਰੇ ਚੱਲੇ ਆ ਰਹੇ ਹਨ | ਜਿਸ ਕਾਰਨ ਸ਼ਹਿਰ ਦੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਤੇ ਨਗਰ ਨਿਗਮ ਤੇ ਸੱਤਾਧਾਰੀ ਪਾਰਟੀ ਦੇ ਆਗੂ ਸਭ ਕੁੱਝ ਮੂਕਦਰਸ਼ਕ ਬਣ ਕੇ ਦੇਖ ਰਹੇ ਹਨ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਸ਼ਹਿਰ ਵਿਚੋਂ ਕੂੜਾ ਚੁੱਕਣ ਦੇ ਕਾਰਜ ਵਿਚ 5 ਟਰੈਕਟਰ ਟਰਾਲੀਆਂ, ਦੋ ਜੇ.ਸੀ.ਬੀ. ਮਸ਼ੀਨਾਂ ਤੇ 25 ਮਜ਼ਦੂਰਾਂ ਦਾ ਪ੍ਰਬੰਧ ਕੀਤਾ ਹੈ ਤੇ ਨਗਰ ਨਿਗਮ ਇਸ ਵਿਚ ਕੋਈ ਵੀ ਸਹਿਯੋਗ ਨਹੀਂ ਦੇ ਰਹੀ, ਪਰ ਉਨ੍ਹਾਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸ਼ਹਿਰ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਹੈ ਤੇ ਇਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ | ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਕੂੜਾ ਚੁੱਕਣ ਦਾ ਕੰਮ ਨਿਗਮ ਦੀ ਦੇਖ ਰੇਖ ਹੇਠ ਡੋਰ ਟੂ ਡੋਰ ਚੱਲ ਰਿਹਾ ਹੈ ਤੇ ਨਗਰ ਨਿਗਮ ਇਹ ਕੂੜਾ ਵੀ ਸ਼ਹਿਰ ਤੋਂ ਬਾਹਰ ਵਾਲੇ ਡੰਪਾਂ 'ਤੇ ਪਹੁੰਚਾਉਣ ਨੂੰ ਤਿਆਰ ਨਹੀਂ | ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸ਼ਹਿਰ ਵਿਚਲੇ ਸੀਵਰੇਜ ਦੀ ਸਫ਼ਾਈ ਦਾ ਸਵਾਲ ਹੈ, ਨਗਰ ਨਿਗਮ ਕੋਲ ਜੈਟਿੰਗ ਮਸ਼ੀਨ ਤੇ ਹੋਰ ਸਾਧਨ ਹੋਣ ਦੇ ਬਾਵਜੂਦ ਵੀ ਸੀਵਰੇਜ ਤੇ ਸ਼ਹਿਰ ਦੀਆਂ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਲੋਕ ਦੁਸ਼ਵਾਰੀਆਂ ਵਿਚੋਂ ਗੁਜ਼ਰ ਰਹੇ ਹਨ | ਉਨ੍ਹਾਂ ਲੋਕਾਂ ਦੀ ਸੀਵਰੇਜ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੇ ਵਲੋਂ ਖ਼ਰੀਦੀ ਗਈ ਨਵੀਂ ਜੈਟਿੰਗ ਮਸ਼ੀਨ ਸ਼ਹਿਰ ਨੂੰ ਸਮਰਪਿਤ ਕੀਤੀ ਹੈ ਜੋ ਅਗਲੇ ਦਿਨਾਂ ਵਿਚ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਸੀਵਰੇਜ ਦੀ ਪੜ੍ਹਾਅਵਾਰ ਸਫ਼ਾਈ ਕਰਕੇ ਲੋਕਾਂ ਨੂੰ ਸੀਵਰੇਜ ਬੰਦ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇਗੀ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅੰਮਿ੍ਤ-2 ਸਕੀਮ ਤਹਿਤ ਕਪੂਰਥਲਾ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਪੁਰਾਣੀਆਂ ਪਾਣੀ ਦੀਆਂ ਪਾਈਪਾਂ ਬਦਲਣ ਤੇ ਹੋਰ ਕਾਰਜਾਂ ਲਈ ਕੇਂਦਰ ਸਰਕਾਰ ਵਲੋਂ 31 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਤੇ ਇਨ੍ਹਾਂ ਕੰਮਾਂ ਲਈ ਟੈਂਡਰ ਹੋ ਚੁੱਕੇ ਹਨ ਤੇ ਬਹੁਤ ਜਲਦੀ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਸੀਵਰੇਜ ਤੇ ਪਾਣੀ ਦੀਆਂ ਪਾਈਪਾਂ ਬਦਲਣ ਸਮੇਤ ਹੋਰ ਕਾਰਜ ਸ਼ੁਰੂ ਹੋ ਜਾਣਗੇ | ਕਾਂਗਰਸ ਵਿਧਾਇਕ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਲਈ 4 ਕਰੋੜ 84 ਲੱਖ ਰੁਪਏ ਮਨਜ਼ੂਰ ਹੋਏ ਹਨ ਤੇ ਇਨ੍ਹਾਂ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਬਹੁਤ ਜਲਦੀ ਸ਼ੁਰੂ ਹੋ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਵਿਰੋਧੀ ਧਿਰ ਦੀ ਨਗਰ ਕੌਂਸਲ ਹੋਣ ਕਾਰਨ ਸ਼ਹਿਰ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਤੇ ਸੱਤਾ ਵਿਚ ਆਉਣ ਸਾਰ ਹੀ ਪਿਛਲੀ ਕਾਂਗਰਸ ਸਰਕਾਰ ਵਲੋਂ ਦਿੱਤੇ ਗਏ 10 ਕਰੋੜ ਰੁਪਏ ਤੇ ਸ਼ਹਿਰ ਦੇ ਵਸੋਂ ਵਾਲੇ ਖੇਤਰਾਂ ਵਿਚੋਂ ਲੰਘਦੀਆਂ ਵੱਡੀਆਂ ਬਿਜਲੀ ਦੀਆਂ ਲਾਈਨਾਂ ਬਾਹਰ ਕੱਢਣ ਲਈ 3 ਕਰੋੜ ਰੁਪਏ ਤੋਂ ਵੱਧ ਦੀ ਰਕਮ ਵੀ ਵਾਪਸ ਲੈ ਲਈ, ਜਿਸ ਕਾਰਨ ਇਹ ਸਾਰੇ ਕੰਮ ਠੱਪ ਹੋ ਕੇ ਰਹਿ ਗਏ | ਇਸ ਮੌਕੇ ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ, ਨਗਰ ਨਿਗਮ ਦੀ ਮੇਅਰ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦੀਪਕ ਸਲਵਾਨ, ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਹਾਇਕ ਮਨਜਿੰਦਰ ਸਿੰਘ ਮਨੀ, ਬਲਜੀਤ ਸਿੰਘ ਕਾਲਾ, ਜਤਿਨ ਸ਼ਰਮਾ, ਠਾਕਰ ਦਾਸ, ਮਨੀਸ਼ ਸ਼ਾਹ, ਵਿਕਾਸ ਸ਼ਰਮਾ, ਕਿੱਕੀ ਵਾਲੀਆ, ਹਰਜੀਤ ਸਿੰਘ ਬੱਬਾ ਵਾਲੀਆ, ਸਿਮਰਨਜੀਤ ਸਿੰਘ ਵਾਲੀਆ, ਰਾਜਿੰਦਰ ਸਿੰਘ ਪਾਲਾ, ਪ੍ਰੇਮ ਅਟਵਾਲ, ਪਰਵਿੰਦਰ ਸ਼ਰਮਾ, ਸਿਮਰਨਜੀਤ ਸਿੰਘ ਪਿ੍ੰਸ, ਕੁਲਦੀਪ ਸਿੰਘ, ਜਤਿੰਦਰ ਸਿੰਘ, ਹਰਭਜਨ ਸਿੰਘ ਆਦਿ ਹਾਜ਼ਰ ਸਨ |