15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਹੋਟਲ ਢਾਬਿਆਂ 'ਤੇ ਐਕਸਾਈਜ਼ ਵਿਭਾਗ ਦੀ ਕਥਿਤ ਤੌਰ 'ਤੇ ਮਿਲੀਭੁਗਤ ਨਾਲ ਸ਼ਰੇਆਮ ਸ਼ਰਾਬ ਪਿਲਾਉਣ ਦਾ ਧੰਦਾ ਜਾਰੀ

ਅਜੀਤ ਡੈਸਕ 20-11-2025
ਹੁਸੈਨਪੁਰ, 19 ਨਵੰਬਰ (ਤਰਲੋਚਨ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਭਾਵੇਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ | ਪਰ ਕਪੂਰਥਲਾ-ਸੁਲਤਾਨਪੁਰ ਲੋਧੀ ਜੀ. ਟੀ. ਰੋਡ ਉੱਪਰ ਐਕਸਾਈਜ਼ ਸਾਈਜ਼ ਵਿਭਾਗ ਕਪੂਰਥਲਾ ਦੀ ਕਥਿਤ ਤੌਰ ਤੇ ਮਿਲੀ ਭੁਗਤ ਨਾਲ ਸ਼ਰੇਆਮ ਹੋਟਲਾਂ ਢਾਬਿਆਂ ਤੇ ਸ਼ਰਾਬ ਪਿਲਾ ਕੇ ਜਿੱਥੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਉੱਥੇ ਪੰਜਾਬ ਸਰਕਾਰ ਦੀ ਨਸ਼ਾ ਰੋਕੂ ਮੁਹਿੰਮ ਤੇ ਪ੍ਰਸ਼ਨ ਚਿੰਨ੍ਹ ਵੀ ਲੱਗ ਰਿਹਾ ਹੈ | ਇਸ ਸਬੰਧੀ ਇਲਾਕੇ ਭਰਦੇ ਵੱਖ-ਵੱਖ ਸਮਾਜ ਸੇਵੀਆਂ, ਬੁੱਧੀਜੀਵੀਆਂ ਅਤੇ ਸਮਾਜਿਕ ਚਿੰਤਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕਪੂਰਥਲਾ-ਸੁਲਤਾਨਪੁਰ ਲੋਧੀ ਜੀ. ਟੀ. ਰੋਡ ਉੱਪਰ ਰੇਲ ਕੋਚ ਫ਼ੈਕਟਰੀ ਦੇ ਬਾਹਰ ਚੱਲਦੇ ਹੋਟਲ ਢਾਬਿਆਂ ਤੇ ਸ਼ਰੇਆਮ ਸ਼ਰਾਬ ਪਿਲਾਉਣ ਦਾ ਗੋਰਖ ਧੰਦਾ ਚੱਲ ਰਿਹਾ ਹੈ, ਪਰ ਐਕਸਾਈਜ਼ ਵਿਭਾਗ ਕਪੂਰਥਲਾ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸਿਰਫ਼ ਮਨਜ਼ੂਰਸ਼ੁਦਾ ਅਹਾਤਿਆਂ ਤੇ ਹੀ ਸ਼ਰਾਬ ਪਿਲਾਉਣ ਦੀ ਥਾਂ ਨਿਰਧਾਰਿਤ ਕੀਤੀ ਗਈ ਹੈ | ਇਨ੍ਹਾਂ ਢਾਬਿਆਂ 'ਤੇ ਸ਼ਰਾਬ ਪੀਣ ਆਏ ਪਿਆਕੜਾਂ ਵਲੋਂ ਆਏ ਦਿਨ ਲੜਾਈ ਝਗੜੇ ਅਤੇ ਹੋਰ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਇਸ ਸਬੰਧੀ ਜਦੋਂ ਇੱਕ ਹੋਟਲ ਮਾਲਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਸ਼ਰਾਬ ਦੇ ਠੇਕੇਦਾਰਾਂ ਨੂੰ ਢਾਬਿਆਂ ਹੋਟਲਾਂ 'ਤੇ ਸ਼ਰਾਬ ਪਿਲਾਉਣ ਲਾਉਣ ਲਈ ਰੋਜ਼ਾਨਾ ਕਿਸ਼ਤ ਦੇ ਰਹੇ ਹਾਂ | ਇਸ ਹਿਸਾਬ ਨਾਲ ਕਥਿਤ ਤੌਰ ਤੇ ਸ਼ਰਾਬ ਦੇ ਠੇਕੇਦਾਰਾਂ ਵਲੋਂ ਸਰਕਾਰ ਨੂੰ ਸ਼ਰੇਆਮ ਚੂਨਾ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਦੋਂ ਐਕਸਾਈਜ਼ ਵਿਭਾਗ ਕਪੂਰਥਲਾ ਦੇ ਈ. ਟੀ. ਓ. ਐਚ. ਐਸ. ਚਾਹਲ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫ਼ੋਨ ਹੀ ਨਹੀਂ ਚੁੱਕਿਆ | ਜਦੋਂ ਪੁਲਿਸ ਚੌਂਕੀ ਭੁਲਾਣਾ ਦੇ ਇੰਚਾਰਜ ਦਵਿੰਦਰ ਪਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਡੇ ਧਿਆਨ ਵਿਚ ਨਹੀਂ ਸੀ ਪਰ ਹੁਣ ਮਾਮਲਾ ਧਿਆਨ ਵਿਚ ਆਉਣ ਤੇ ਹੋਟਲ ਢਾਬਿਆਂ ਤੇ ਨਜਾਇਜ਼ ਤੌਰ ਤੇ ਬਿਨਾਂ ਆਗਿਆ ਸ਼ਰਾਬ ਪਿਲਾਉਣ 'ਤੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ 9 ਲੱਖ ਰੁਪਏ ਪ੍ਰਤੀ ਮਹੀਨਾ ਖ਼ਰਚ ਕਰਕੇ ਸ਼ਹਿਰ ਦੀ ਸਫ਼ਾਈ ਕਰਵਾ ਰਿਹਾ ਹਾਂ-ਰਾਣਾ ਗੁਰ... ਅਗਲੀ ਖ਼ਬਰ ਨਡਾਲਾ ਮੇਲੇ 'ਚ ਅੱਜ ਗਾਇਕ ਕੁਲਵਿੰਦਰ ਬਿੱਲਾ ਲਾਉਣਗੇ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।