30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਰਾਮਨਗਰ ਵਿਖੇ ਸਕੂਲ ਕਮੇਟੀ ਨੂੰ ਲੈ ਕੇ ਚੱਲ ਰਹੀ ਤਕਰਾਰ ਨੇ ਗੰਭੀਰ ਰੂਪ ਕੀਤਾ ਧਾਰਨ <br/>

ਅਜੀਤ ਡੈਸਕ 19-07-2025
ਮਲੋਟ, 18 ਜੁਲਾਈ (ਪਾਟਿਲ, ਅਜਮੇਰ ਸਿੰਘ ਬਰਾੜ)-ਪਿੰਡ ਰਾਮਨਗਰ ਵਿਖੇ ਸਕੂਲ ਦੀ ਕਮੇਟੀ ਨੂੰ ਲੈ ਕੇ ਚੱਲ ਰਹੀ ਤਕਰਾਰ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ | ਇਸ ਸੰਬੰਧੀ ਮੌਜੂਦਾ 'ਆਪ' ਆਗੂ ਤੇ ਦੂਜੀ ਧਿਰ ਦਰਮਿਆਨ ਮਾਮਲਾ ਹੱਥੋਪਾਈ ਤੱਕ ਪੁੱਜ ਗਿਆ | ਹਾਲਾਂਕਿ ਇਸ ਮਾਮਲੇ 'ਚ ਇਕ ਧਿਰ ਨੇ ਦੂਜੀ ਉੱਪਰ ਚੋਣ 'ਚ ਦਖ਼ਲਅੰਦਾਜੀ ਤੇ ਫਾਇਰਿੰਗ ਕਰਨ ਦੇ ਵੀ ਦੋਸ਼ ਲਾਏ ਹਨ | ਓਧਰ ਮੌਜੂਦਾ ਸਰਪੰਚ ਦੇ ਪਤੀ ਅਤੇ ਆਮ ਆਦਮੀ ਪਾਰਟੀ ਆਗੂ ਵਲੋਂ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ ਅਤੇ ਕਿਹਾ ਕਿ ਉਨ੍ਹਾਂ ਵਲੋਂ ਸਕੂਲ ਨੂੰ ਨੰਬਰ ਇਕ ਸਕੂਲ ਬਣਾਉਣ ਲਈ ਕੋਸਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਵਿਰੋਧੀ ਧਿਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ, ਜਿਸ ਕਰਕੇ ਉਸ 'ਤੇ ਹਮਲਾ ਕਰ ਦਿੱਤਾ | ਓਧਰ ਇਸ ਘਟਨਾ ਦਾ ਪਤਾ ਲੱਗਣ ਸਾਰ ਪੁਲਿਸ ਮੌਕੇ 'ਤੇ ਪੁੱਜ ਗਈ ਹੈ | ਜਾਣਕਾਰੀ ਅਨੁਸਾਰ ਸਕੂਲਾਂ ਦਾ ਪ੍ਰਬੰਧ ਯੋਗ ਤਰੀਕੇ ਨਾਲ ਚਲਾਉਣ ਲਈ ਹਰ ਦੋ ਸਾਲਾਂ ਪਿੱਛੋਂ ਸਕੂਲ ਮੈਨੇਜਮੈਂਟ ਕਮੇਟੀਆਂ ਬਣਦੀਆਂ ਹਨ, ਜਿਨ੍ਹਾਂ 'ਚ ਪੰਚਾਇਤ, ਬੱਚਿਆਂ ਦੇ ਮਾਤਾ-ਪਿਤਾ ਸਮੇਤ ਵੱਖ-ਵੱਖ ਕੈਟਾਗਿਰੀ ਨਾਲ ਸੰਬੰਧਿਤ ਮੈਂਬਰਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ | ਸਰਕਾਰੀ ਪ੍ਰਾਇਮਰੀ ਸਕੂਲ ਦੀ ਇਸ ਕਮੇਟੀ ਦੀ ਚੋਣ ਪ੍ਰਕਿਰਿਆ ਦੌਰਾਨ ਹੀ ਰੱਫ਼ੜ ਵਧ ਗਿਆ | ਇਸ ਸੰਬੰਧੀ ਪਿੰਡ ਦੇ ਮੈਂਬਰ ਪੰਚਾਇਤ ਗੁਰਸੇਵਕ ਸਿੰਘ ਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਮਿਡਲ ਸਕੂਲ ਦੀ ਚੋਣ ਮੌਕੇ ਇਨ੍ਹਾਂ ਕਿਹਾ ਸੀ ਕਿ ਇਸ ਸਕੂਲ ਦੀ ਕਮੇਟੀ ਅਸੀਂ ਆਪਣੀ ਮਰਜ਼ੀ ਨਾਲ ਬਣਾ ਰਹੇ ਹਨ ਤੇ ਪ੍ਰਾਇਮਰੀ ਸਕੂਲ ਵਿਚ ਤੁਸੀਂ ਆਪਣੀ ਕਮੇਟੀ ਬਣਾ ਲਿਓ | ਅੱਜ ਜਦੋਂ ਅਸੀਂ ਸਕੂਲ 'ਚ ਕਮੇਟੀ ਬਣਾ ਰਹੇ ਸੀ, ਤਾਂ ਸਰਪੰਚ ਦੇ ਪਤੀ ਭੁਪਿੰਦਰ ਸਿੰਘ, ਬੇਟੇ ਤੇ ਹੋਰ ਵਿਅਕਤੀਆਂ ਨੇ ਉਨ੍ਹਾਂ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਤੇ ਮਾਰਕੁੱਟ ਕੀਤੀ | ਬਾਅਦ 'ਚ ਸਕੂਲ ਤੋਂ ਬਾਹਰ ਆ ਕੇ ਉਨ੍ਹਾਂ ਨੇ ਰਿਵਾਲਵਰ ਨਾਲ ਫਾਇਰ ਵੀ ਕੀਤਾ | ਓਧਰ ਇਸ ਮਾਮਲੇ 'ਤੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਰਾਮਨਗਰ ਦਾ ਕਹਿਣਾ ਹੈ ਕਿ ਉਹ ਹੁਣ ਵੀ ਸਕੂਲ ਦੀ ਕਮੇਟੀ ਦੇ ਚੇਅਰਮੈਨ ਹਨ | ਉਨ੍ਹਾਂ ਪਿੰਡ ਦੇ ਸਰਕਾਰੀ ਸਕੂਲ 'ਚ ਏ. ਸੀ. ਲਾਏ ਹਨ | ਇਹ ਵਿਅਕਤੀ ਪਹਿਲਾਂ ਪੰਚਾਇਤ ਦਾ ਮਤਾ ਨਹੀਂ ਪੈਣ ਦਿੰਦੇ ਸਨ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕਰਵਾਏ ਵਿਕਾਸ ਕਾਰਜ ਅਕਾਲੀ ਦਲ ਤੇ ਕਾਂਗਰਸ ਦੇ ਕੁਝ ਵਿਅਕਤੀਆਂ ਨੂੰ ਪਚ ਨਹੀਂ ਰਹੇ | ਜਦੋਂ ਉਹ ਸਕੂਲ ਪੁੱਜੇ ਤਾਂ ਉਕਤ ਵਿਅਕਤੀ ਪਹਿਲਾਂ ਹੀ ਮਸ਼ਵਰਾ ਕਰਕੇ ਬੈਠੇ ਸੀ ਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ, ਜਿਸ 'ਤੇ ਦੋਵੇਂ ਪਾਸੇ ਹੱਥੋਪਾਈ ਹੋ ਗਏ | ਉਨ੍ਹਾਂ ਕਿਹਾ ਕਿ ਐਨਾ ਹੀ ਨਹੀਂ ਬਾਅਦ 'ਚ ਉਕਤ ਵਿਅਕਤੀਆਂ ਨੇ ਉਸ ਦੇ ਇਕ ਸਾਥੀ ਜਗਸੀਰ ਸਿੰਘ ਜੱਜ ਦੇ ਘਰ ਜਾ ਕੇ ਹਮਲਾ ਕੀਤਾ ਹੈ, ਜਿਹੜਾ ਜ਼ਖ਼ਮੀ ਹੈ ਤੇ ਹਸਪਤਾਲ 'ਚ ਭਰਤੀ ਹੈ | ਉਨ੍ਹਾਂ ਜਾਤੀਸੂਚਕ ਸ਼ਬਦਾਵਲੀ ਤੇ ਫਾਇਰ ਕਰਨ ਦੇ ਦੋਸ਼ਾਂ ਨੂੰ ਗ਼ਲਤ ਦੱਸਿਆ | ਇਸ ਮਾਮਲੇ 'ਤੇ ਮੁੱਖ ਅਧਿਆਪਕ ਜਗਮੀਤ ਸਿੰਘ ਦਾ ਕਹਿਣਾ ਸੀ ਕਿ ਕਮੇਟੀ ਦੀ ਚੋਣ ਨੂੰ ਲੈ ਕੇ ਦੋਵਾਂ ਧਿਰਾਂ ਵਿਚ ਤਕਰਾਰ ਹੋਇਆ | ਇਕ ਪਾਸੇ ਮੌਜੂਦਾ ਸਰਪੰਚ ਸੀ, ਜਦ ਕਿ ਦੂਜੇ ਪਾਸੇ ਬੱਚਿਆਂ ਦੇ ਮਾਪੇ ਹਨ, ਜਿਸ ਦੀ ਚੋਣ ਮੌਕੇ ਨਾਵਾਂ ਨੂੰ ਲੈ ਕੇ ਕਿੰਤੂ-ਪ੍ਰੰਤੂ ਚੱਲ ਪਿਆ ਅਤੇ ਬਾਅਦ 'ਚ ਮਾਮਲਾ ਹੱਥੋਪਾਈ ਤੱਕ ਪੁੱਜ ਗਿਆ | ਇਸ ਸੰਬੰਧੀ ਉਨ੍ਹਾਂ ਡੀ. ਈ. ਓ. ਨੂੰ ਜਾਣਕਾਰੀ ਦਿੱਤੀ ਹੈ | ਓਧਰ ਐੱਸ. ਐੱਸ. ਓ. ਦਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪੁੱਜੇ ਹਨ | ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਨਸ਼ਾ ਤਸਕਰਾਂ ਦੀ ਜ਼ਮਾਨਤ ਦੇਣ ਵਾਲਿਆਂ ਖ਼ਿਲਾਫ਼ ਹੋ ਸਕਦੀ ਹੈ ਕਾਰਵਾਈ-ਖੁੱਡੀਆਂ ਅਗਲੀ ਖ਼ਬਰ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ, ਕਈ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।