ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਐੱਸ. ਐੱਸ. ਪੀ. ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਿਛਲੇ 100 ਘੰਟਿਆਂ ਅੰਦਰ 21 ਮੁਕੱਦਮੇ ਦਰਜ ਕਰਕੇ 31 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਪਿਛਲੇ 100 ਘੰਟਿਆਂ ਦੌਰਾਨ ਨਸ਼ਿਆਂ ਦੇ ਖ਼ਿਲਾਫ਼ ਕੀਤੀਆਂ ਕਾਰਵਾਈਆਂ 'ਚ 21 ਮੁਕੱਦਮੇ ਦਰਜ ਕਰਕੇ 31 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚ 719 ਗ੍ਰਾਮ ਹੈਰੋਇਨ, 1.5 ਕਿੱਲੋ ਅਫ਼ੀਮ, 8.3 ਕਿੱਲੋ ਚੂਰਾ ਪੋਸਤ, 440 ਨਸ਼ੀਲੀਆਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ 1.1 ਕਿੱਲੋ ਗਾਂਜਾ ਬਰਾਮਦ ਕੀਤਾ ਗਿਆ ਹੈ | ਇਸ ਦੌਰਾਨ ਐੱਸ. ਐੱਸ. ਪੀ. ਡਾ. ਅਖਿਲ ਚੌਧਰੀ ਨੇ ਸਾਫ਼ ਸ਼ਬਦਾਂ 'ਚ ਕਿਹਾ ਹੈ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਜਿਨ੍ਹਾਂ ਤਸਕਰਾਂ 'ਤੇ ਐੱਨ. ਡੀ. ਪੀ. ਐੱਸ. ਐਕਟ ਦੇ ਮੁਕੱਦਮੇ ਦਰਜ ਹਨ, ਉਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਈ ਜਾ ਰਹੀ ਹੈ, ਤਾਂ ਜੋ ਨਸ਼ਾ ਦੀ ਵਿਕਰੀ ਕਰਕੇ ਬਣਾਈਆਂ ਗਈਆਂ ਪ੍ਰਾਪਰਟੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਫਰੀਜ ਕਰਵਾਇਆ ਜਾ ਸਕੇ | ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਦੇ ਨਾਲ-ਨਾਲ ਪੁਲਿਸ ਵਲੋਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ ਅਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਸ਼ਹਿਰਾਂ, ਸਕੂਲਾਂ, ਕਾਲਜਾਂ ਵਿਚ ਸੈਮੀਨਾਰ ਲਗਾਏ ਜਾ ਰਹੇ ਹਨ |