ਜਲੰਧਰ, 20 ਨਵੰਬਰ (ਅ.ਬ.)-'ਵਿਕਸਿਤ ਭਾਰਤ 2047' ਦੇ ਟੀਚੇ ਨੂੰ ਹਾਸਿਲ ਕਰਨ ਲਈ ਵਿਗਿਆਨ ਅਹਿਮ ਭੂਮਿਕਾ ਨਿਭਾਏਗਾ | ਇਸੇ ਮੰਤਵ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਵਲੋਂ ਜਲੰਧਰ ਵਿਖੇ 'ਡਾ. ਏ.ਪੀ.ਜੇ. ਅਬਦੁਲ ਕਲਾਮ ਨੈਸ਼ਨਲ ਇਨੋਵੇਸ਼ਨ ਕਨਕਲੇਵ 2025-26' ਕਰਵਾਇਆ ਗਿਆ | ਕਨਕਲੇਵ 'ਚ ਜਲੰਧਰ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ 700 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਹਿੱਸਾ ਲਿਆ | ਚੰਡੀਗੜ੍ਹ ਯੂਨੀਵਰਸਿਟੀ ਅਤੇ ਕੇਂਦਰ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐਸਟੀ) ਵਲੋਂ ਮਿਲ ਕੇ ਕਰਵਾਏ ਗਏ ਇਨੋਵੇਸ਼ਨ ਕਨਕਲੇਵ ਦੇ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰ ਐਸ ਬਾਵਾ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਕੌਮੀ ਪੁਰਸਕਾਰ ਤਕਨਾਲੋਜੀ ਪ੍ਰਤੀ ਬੱਚਿਆਂ ਵਿੱਚ ਦਿਲਚਸਪੀ ਜਗਾਉਣ ਲਈ ਰਾਜ ਪੁਰਸਕਾਰ ਜੇਤੂ ਪ੍ਰੇਮ ਸਿੰਘ ਮੁੱਖ ਤੌਰ 'ਤੇ ਸ਼ਾਮਿਲ ਰਹੇ | ਕਨਕਲੇਵ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਵਿਗਿਆਨ ਪ੍ਰੋਜੈਕਟਾਂ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਸਿਖ਼ਰਲੇ ਤਿੰਨ ਪ੍ਰਾਜੈਕਟਾਂ ਨੂੰ ਕ੍ਰਮਵਾਰ : 15 ਹਜ਼ਾਰ, 10 ਹਜ਼ਾਰ ਅਤੇ 5 ਹਜ਼ਾਰ ਦੇ ਨਕਦ ਪੁਰਸਕਾਰ ਦਿੱਤੇ ਗਏ | ਡੀ.ਐਸ.ਟੀ. ਕੌਮੀ ਪੁਰਸਕਾਰ ਜੇਤੂ ਪ੍ਰੇਮ ਸਿੰਘ ਨੇ ਪੈ੍ਰਕਟੀਕਲ ਸੈਸ਼ਨ ਦੌਰਾਨ ਬੱਚਿਆਂ ਨੂੰ ਵਿਗਿਆਨ ਪ੍ਰਯੋਗ ਵੀ ਦਿਖਾਏ, ਤਾਂ ਕਿ ਬੱਚੇ ਵਿਗਿਆਨ ਦੇ ਮੂਲ ਨਿਯਮਾਂ ਬਾਰੇ ਸੌਖੇ ਤਰੀਕੇ ਨਾਲ ਜਾਣਨ | ਇਸ ਦੌਰਾਨ ਮੁੱਖ ਮਹਿਮਾਨ ਪ੍ਰੋ. (ਡਾ.) ਆਰ. ਐਸ. ਬਾਵਾ ਨੇ ਕਿਹਾ, ਵਿਗਿਆਨ ਸਿੱਖਣਾ ਨੌਜਵਾਨਾਂ ਲਈ ਵਧੀਆ ਹੈ, ਇਸ ਦੇ ਨਾਲ ਉਨ੍ਹਾਂ ਦੇ ਅੰਦਰ ਹਰ ਚੀਜ਼ ਦੇ ਪਿੱਛੇ ਕਾਰਨ ਜਾਣਨ ਲਈ ਇੱਛਾ ਪੈਦਾ ਹੁੰਦੀ ਹੈ ਅਤੇ ਉਨ੍ਹਾਂ ਦੇ ਅੰਦਰ ਵਿਗਿਆਨਕ ਸੁਭਾਅ ਵਿਕਸਿਤ ਹੁੰਦਾ ਹੈ |