ਜਲੰਧਰ, 20 ਜੁਲਾਈ (ਐੱਮ. ਐੱਸ. ਲੋਹੀਆ) - 'ਨਸ਼ਾ ਤੇ ਗ਼ੈਰ ਕਾਨੂੰਨੀ ਨਸ਼ਾ ਵਪਾਰ ਵਿਰੋਧੀ ਅੰਤਰਰਾਸ਼ਟਰੀ ਦਿਵਸ' ਮੌਕੇ ਪਿਮਸ ਹਸਪਤਾਲ, ਜਲੰਧਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ 'ਚ ਵੱਡੀ ਗਿਣਤੀ ਅੰਦਰ ਵਿਦਿਆਰਥੀਆਂ ਹਸਪਤਾਲ ਦੇ ਸਟਾਫ਼ ਤੇ ਹੋਰ ਸ਼ਹਿਰ ਵਾਸੀਆਂ ਨੇ ਭਾਗ ਲਿਆ | ਇਸ ਮੌਕੇ ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਹਾਜ਼ਰ ਵਿਅਕਤੀਆਂ ਨੂੰ ਨਸ਼ੇ ਦੇ ਸਰੀਰ ਅਤੇ ਸਮਾਜ 'ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ | ਹਸਪਤਾਲ ਦੇ ਪ੍ਰਬੰਧਕਾਂ ਵਲੋਂ ਇਸ ਜਾਗਰੂਕਤਾ ਮੁਹਿੰਮ 'ਚ ਭਾਗ ਲੈਂਦੇ ਹੋਏ ਲੈਕਚਰ, ਚਿੱਤਰ ਮੁਕਾਬਲੇ ਤੇ ਸਲੋਗਨ ਮੁਕਾਬਲੇ ਵੀ ਕਰਵਾਏ ਗਏ | ਪ੍ਰਬੰਧਕਾਂ ਵਲੋਂ ਚਿੱਤਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਿਸ ਜ਼ਰੀਏ ਸਮਾਜ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ | ਡਾ. ਦੀਪਾਲੀ ਗੁਲ, ਪ੍ਰੋਫੈਸਰ ਤੇ ਕੰਸਲਟੈਂਟ, ਮਨੋਚਕਿਤਸਕ ਪਿਮਸ ਹਸਪਤਾਲ ਵਲੋਂ ਨਸ਼ਾ ਛੁਡਾਊ ਕੇਂਦਰ ਦੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ ਤੇ ਨਸ਼ਾ ਛੱਡਣ ਦੀ ਇੱਛਾ ਰੱਖਣ ਵਾਲਿਆਂ ਲਈ ਮੈਡੀਕਲ ਤੇ ਮਾਨਸਿਕ ਸਹਾਇਤਾ ਦੇ ਉਪਲਬਧ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਪਿਮਸ ਦੇ ਐਗਜ਼ੈਕਟਿਵ ਚੇਅਰਮੈਨ ਡਾ. ਕੰਵਲਜੀਤ ਸਿੰਘ, ਡਾਇਰੈਕਟਰ ਪਿ੍ੰਸੀਪਲ ਡਾ. ਰਾਜੀਵ ਅਰੋੜਾ, ਦਿਪਤੀ ਸਰਦਾਨਾ (ਡਾਇਰੈਕਟਰ ਸੋਸ਼ਲ ਇੰਪੈਕਟ, ਪਿਮਸ), ਏ.ਡੀ.ਸੀ.ਪੀ. (ਸਿਟੀ-2) ਹਰਿੰਦਰ ਸਿੰਘ ਗਿੱਲ, ਏ.ਸੀ.ਪੀ. (ਮਾਡਲ ਟਾਊਨ) ਰੂਪਦੀਪ ਕੌਰ ਤੇ ਹੋਰ ਹਾਜ਼ਰ ਸਨ |