29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਵਿਦੇਸ਼ ਗਏ ਕਾਰੋਬਾਰੀ ਦੇ ਤਾਲਾਬੰਦ ਘਰ ਨੂੰ ਨਿਸ਼ਾਨਾ ਬਣਾ ਕੇ 2 ਲੱਖ ਦੀ ਨਕਦੀ ਤੇ ਹੋਰ ਸਾਮਾਨ ਚੋਰੀ

ਅਜੀਤ ਡੈਸਕ 18-07-2025
ਜਲੰਧਰ, 17 ਜੁਲਾਈ (ਐੱਮ. ਐੱਸ. ਲੋਹੀਆ) - ਪਰਿਵਾਰ ਸਹਿਤ ਵਿਦੇਸ਼ ਗਏ ਕਾਰੋਬਾਰੀ ਦੇ ਤਾਲਾਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਕਿਸੇ ਨੇ ਅੰਦਰੋਂ ਕਰੀਬ 2 ਲੱਖ ਰੁਪਏ ਦੀ ਨਕਦੀ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ | ਕਾਰੋਬਾਰੀ ਦੇ ਘਰ ਹੋਈ ਚੋਰੀ ਦਾ ਪਤਾ ਲਗਦੇ ਹੀ ਮੌਕੇ 'ਤੇ ਪਹੁੰਚੇ ਆਮ ਆਦਮੀ ਪਾਰਟੀ ਆਗੂ ਮੇਜਰ ਸਿੰਘ ਨੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਮੇਜਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਜਾਣਕਾਰ ਕਾਰੋਬਾਰੀ ਰਾਜੂ ਸਿੱਕਾ ਵਾਸੀ ਵਿਰਕ ਇਨਕਲੇਵ, ਭਾਰਗੋ ਕੈਂਪ ਕੁਝ ਦਿਨ ਪਹਿਲਾਂ ਵਿਦੇਸ਼ ਗਏ ਸਨ, ਜਾਂਦੇ ਸਮੇਂ ਉਹ ਘਰ ਦੀ ਰਾਖੀ ਲਈ ਆਪਣੀ ਫੈਕਟਰੀ ਦੇ ਮੁਲਾਜ਼ਮ ਨੂੰ ਕਹਿ ਗਏ ਸਨ | ਇਸ ਲਈ ਮੁਲਾਜ਼ਮ ਰੋਜ਼ਾਨਾ ਕੰਮ ਤੋਂ ਛੁੱਟੀ ਕਰਨ ਤੋਂ ਬਾਅਦ ਸ਼ਾਮ ਸਮੇਂ ਆਪਣੀ ਪਤਨੀ ਸਮੇਤ ਉਸ ਦੇ ਘਰ ਆਉਂਦਾ ਸੀ | ਅੱਜ ਸ਼ਾਮ ਜਦੋਂ ਮੁਲਾਜ਼ਮ ਆਇਆ ਤਾਂ ਉਸਨੇ ਦੇਖਿਆ ਕਿ ਕਮਰਿਆਂ ਦਾ ਦਰਵਾਜ਼ਾ ਅੰਦਰੋਂ ਬੰਦ ਹੈ | ਉਸ ਵਲੋਂ ਸੂਚਨਾ ਦਿੱਤੇ ਜਾਣ 'ਤੇ ਇਲਾਕੇ ਦੇ ਲੋਕ ਇਕੱਠੇ ਹੋ ਗਏ, ਜੋ ਕਿਸੇ ਤਰ੍ਹਾਂ ਘਰ ਅੰਦਰ ਦਾਖ਼ਲ ਹੋਏ | ਜਾਂਚ ਕਰਨ 'ਤੇ ਪਤਾ ਲੱਗਾ ਕਿ ਕੋਈ ਘਰ ਦੇ ਪਿੱਛੇ ਪਏ ਖਾਲੀ ਪਲਾਟ ਦੇ ਰਸਤੇ ਆਇਆ ਅਤੇ ਗਰਿਲਾਂ ਤੋੜ ਕੇ ਘਰ ਅੰਦਰ ਦਾਖ਼ਲ ਹੋਇਆ ਹੈ | ਮੇਜਰ ਸਿੰਘ ਵਲੋਂ ਜਦੋਂ ਰਾਜੂ ਸਿੱਕਾ ਨੂੰ ਵਾਰਦਾਤ ਸੰਬੰਧੀ ਜਾਣਕਾਰੀ ਦਿੱਤੀ ਗਈ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੱਚਿਆਂ ਦੇ ਵਿਆਹ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਕਰਕੇ ਘਰ 'ਚ ਕਰੀਬ 2 ਲੱਖ ਰੁਪਏ ਦੇ ਨਵੇਂ ਨੋਟ ਰੱਖੇ ਹੋਏ ਸਨ, ਜੋ ਚੋਰੀ ਹੋ ਗਏ ਹਨ | ਇਸ ਤੋਂ ਇਲਾਵਾ ਚੋਰੀ ਹੋਏ ਹੋਰ ਸਾਮਾਨ ਬਾਰੇ ਉਹ ਵਾਪਸ ਆਉਣ 'ਤੇ ਜਾਂਚ ਕਰਨ ਤੋਂ ਬਾਅਦ ਦੱਸਣਗੇ | ਪੁਲਿਸ ਨੇ ਰਾਜੂ ਸਿੱਕੇ ਦੇ ਮੁਲਾਜ਼ਮ ਦੇ ਬਿਆਨ ਲਏ ਹਨ ਅਤੇ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਜਥੇਦਾਰ ਵਡਾਲਾ ਨੂੰ ਸੌਂਪੀਆਂ 'ਕਾਪੀਆਂ' ਅਗਲੀ ਖ਼ਬਰ ਕੌਂਸਲਰ ਮਨਮੋਹਨ ਸਿੰਘ ਰਾਜੂ ਦੇ ਯਤਨਾਂ ਨਾਲ ਕੂੜੇ ਦੇ ਡੰਪ ਨੂੰ ਖ਼ਤਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।