ਚੁਗਿੱਟੀ/ਜੰਡੂਸਿੰਘਾ, 17 ਜੁਲਾਈ (ਨਰਿੰਦਰ ਲਾਗੂ)-ਵੀਰਵਾਰ ਨੂੰ ਵਾਰਡ ਨੰਬਰ 20 ਵਿਚ ਇਕ ਥਾਂ ਬਣੇ ਹੋਏ ਕੂੜੇ ਦੇ ਡੰਪ ਨੂੰ ਕੌਂਸਲਰ ਮਨਮੋਹਨ ਸਿੰਘ ਰਾਜੂ ਵਲੋਂ ਖ਼ਤਮ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਭਾਰਤ ਨਗਰ ਦੇ ਵਸਨੀਕ ਕੂੜੇ ਦੇ ਇਸ ਨਾਜਾਇਜ਼ ਡੰਪ ਤੋਂ ਬਹੁਤ ਪ੍ਰੇਸ਼ਾਨ ਹਨ | ਕਿਉਂਕਿ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਜਿਸ ਕਰਕੇ ਕੂੜੇ ਤੋਂ ਆਉਂਦੀ ਬਦਬੂ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਬਣ ਗਿਆ ਸੀ | ਉਨ੍ਹਾਂ ਕਿਹਾ ਕਿ ਕੂੜੇ ਦਾ ਡੰਪ ਖ਼ਤਮ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ | ਕੌਂਸਲਰ ਰਾਜੂ ਨੇ ਆਖਿਆ ਕਿ ਨਗਰ ਨਿਗਮ ਵਲੋਂ ਜਿਹੜੇ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਨੋਟਿਸ ਭੇਜੇ ਗਏ ਹਨ ਉਹ ਸ਼ਲਾਘਾਯੋਗ ਕਾਰਵਾਈ ਹੈ | ਇਸ ਨਾਲ ਖਾਲੀ ਪਲਾਟਾਂ 'ਚ ਬਣੇ ਕੂੜੇ ਦੇ ਡੰਪ ਖ਼ਤਮ ਹੋ ਜਾਣਗੇ | ਇਸ ਮੌਕੇ ਉਨ੍ਹਾਂ ਮੇਅਰ ਵਨੀਤ ਧੀਰ, ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਤੇ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਸ਼ਹਿਰ ਦੀ ਸਫ਼ਾਈ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਇਸ ਮੌਕੇ ਜਤਿੰਦਰ ਨਿੱਕਾ, ਸ਼ਸ਼ੀ ਕੁਮਾਰ ਰਾਏ, ਜਰਨੈਲ ਸਿੰਘ, ਵਿਕਾਸ ਧੀਮਾਨ, ਸੰਜੀਵ ਕੁਮਾਰ, ਡਾ. ਅਮਿਤ ਅਤੇ ਰਮਨ ਕੁਮਾਰ ਆਦਿ ਹਾਜ਼ਰ ਸਨ |