ਚੁਗਿੱਟੀ/ਜੰਡੂ ਸਿੰਘਾ, 16 ਜੁਲਾਈ (ਨਰਿੰਦਰ ਲਾਗੂ)- ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਇਕ ਵਿਅਕਤੀ ਹੈਰੋਇਨ ਸਮੇਤ ਕਾਬੂ ਕਰ ਕੇ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਥਾਣੇ ਦੀ ਪੁਲਿਸ ਵਲੋਂ ਗਸ਼ਤ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਜਦੋਂ ਪੁਲਿਸ ਪਾਰਟੀ ਗੁਰੂ ਗੋਬਿੰਦ ਸਿੰਘ ਐਵੇਨਿਊ ਖੇਤਰ 'ਚ ਪਹੁੰਚੀ ਤਾਂ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਵਿਖਾਈ ਦਿੱਤਾ ਜੋ ਪੁਲਿਸ ਨੂੰ ਦੇਖ ਕੇ ਘਬਰਾ ਕੇ ਇਕਦਮ ਪਿੱਛੇ ਨੂੰ ਮੁੜਨ ਲੱਗਾ ਤਾਂ ਇਸ ਦੌਰਾਨ ਉਸ ਵਲੋਂ ਆਪਣੀ ਪੈਂਟ ਦੀ ਜੇਬ 'ਚੋਂ ਪਾਰਦਰਸ਼ੀ ਮੋਮੀ ਲਿਫਾਫਾ ਵੀ ਕੱਢ ਕੇ ਘਾਹ ਵਿਚ ਸੁੱਟ ਦਿੱਤਾ, ਜਿਸ ਨੂੰ ਪੁਲਿਸ ਵਲੋਂ ਕਾਬੂ ਕਰਕੇ ਨਾਂਅ ਪਤਾ ਪੁੱਛਿਆ ਤਾਂ ਉਕਤ ਨੇ ਆਪਣੀ ਪਛਾਣ ਅਕਾਸ਼ਦੀਪ ਉਰਫ ਲਾਗੂ ਪੁੱਤਰ ਸਵ. ਗੁਰਮੀਤ ਲਾਲ ਵਾਸੀ ਮਕਾਨ ਨੰ: 571 ਨੇੜੇ ਵਾਲਮੀਕਿ ਅੰਦਰ ਵਾਲਮੀਕਿ ਮੁਹੱਲਾ ਚੁਗਿੱਟੀ ਦੇ ਰੂਪ 'ਚ ਦੱਸੀ | ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਵਲੋਂ ਉਕਤ ਦੁਆਰਾ ਸੁੱਟੇ ਗਏ ਮੋਮੀ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ | ਉਨ੍ਹਾਂ ਕਿਹਾ ਕਿ ਇਸ 'ਤੇ ਉਕਤ ਦੇ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |