ਜਲੰਧਰ, 16 ਜੁਲਾਈ (ਸ਼ਿਵ)- ਨਗਰ ਨਿਗਮ ਨੇ ਸ਼ਹਿਰ ਵਿਚ ਇਕ ਵਾਰ ਫਿਰ ਵਪਾਰਕ ਅਦਾਰਿਆਂ ਵਿਚ ਬਣਾਈਆਂ ਗਈਆਂ ਬੇਸਮੈਂਟਾਂ ਦੀ ਪਾਰਕਿੰਗ ਲਈ ਵਰਤੋਂ ਨਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਦੇ ਹੋਏ ਬਿਲਡਿੰਗ ਵਿਭਾਗ ਨੂੰ ਇਸ ਬਾਰੇ ਸਰਵੇ ਕਰਕੇ ਸਾਰੀ ਜਾਣਕਾਰੀ ਦੇਣ ਦੀ ਹਦਾਇਤ ਦਿੱਤੀ ਹੈ | ਮੇਅਰ ਵਨੀਤ ਧੀਰ ਤੇ ਐਡਹਾਕ ਕਮੇਟੀ ਦੇ ਚੇਅਰਮੈਨ ਅਸ਼ਵਨੀ ਅਗਰਵਾਲ ਦੀ ਪ੍ਰਧਾਨਗੀ ਵਿਚ ਹੋਈ ਬਿਲਡਿੰਗ ਕਮੇਟੀ ਵਲੋਂ ਇਸ ਬਾਰੇ ਫ਼ੈਸਲਾ ਕੀਤਾ | ਮੀਟਿੰਗ ਵਿਚ ਇਸ ਗੱਲ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਗਈ ਕਿ ਸ਼ਹਿਰ ਵਿਚ ਇਸ ਤਰ੍ਹਾਂ ਦੀਆਂ ਕਈ ਵਪਾਰਕ ਅਦਾਰੇ ਹਨ ਜਿਨ੍ਹਾਂ ਨੇ ਆਪਣੀ ਪਾਰਕਿੰਗ ਲਈ ਬੇਸਮੈਂਟ ਤਾਂ ਬਣਾ ਲਈ ਉਨਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ | ਮੇਅਰ ਤੇ ਚੇਅਰਮੈਨ ਨੇ ਇਸ ਦਾ ਗੰਭੀਰ ਨੋਟਿਸ ਲਿਆ ਕਿ ਜਿਸ ਕੰਮ ਲਈ ਬੇਸਮੈਂਟਾਂ ਬਣਾਈਆਂ ਗਈਆਂ ਹਨ, ਉਨ੍ਹਾਂ ਦੀ ਕਈ ਬੇਸਮੈਂਟਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ ਜਿਸ ਕਰ ਕੇ ਸੜਕਾਂ 'ਤੇ ਗੱਡੀਆਂ ਹੋਣ ਕਰਕੇ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਖੜੀ ਹੋ ਗਈ ਹੈ | ਕਮੇਟੀ ਨੇ ਬਿਲਡਿੰਗ ਅਫ਼ਸਰਾਂ ਨੂੰ ਇਸ ਸਾਰੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ | ਇਸ ਮੌਕੇ ਬਿਲਡਿੰਗ ਵਿਭਾਗ ਦੇ ਅਫ਼ਸਰਾਂ ਨੇ ਚੇਅਰਮੈਨ ਅਸ਼ਵਨੀ ਅਗਰਵਾਲ ਵਲੋਂ ਮੰਗੀ ਗਈ ਜਾਣਕਾਰੀ ਉਪਲਬਧ ਕਰਵਾਈ ਜਿਸ ਵਿਚ 7 ਇਮਾਰਤਾਂ ਦੇ ਨਕਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ | ਤੇ ਇਸ ਤੋਂ ਇਲਾਵਾ 5 ਨਾਜਾਇਜ਼ ਇਮਾਰਤਾਂ ਦੀ ਰਾਜ਼ੀਨਾਮੇ ਦੀ ਕਾਰਵਾਈ ਵੀ ਸ਼ੁਰੂ ਕਰਵਾਈ ਗਈ ਹੈ | ਚੇਅਰਮੈਨ ਅਸ਼ਵਨੀ ਅਗਰਵਾਲ ਨੇ ਦੱਸਿਆ ਕਿ ਜਿਨ੍ਹਾਂ ਨਕਸ਼ਿਆਂ ਬਾਰੇ ਜਾਣਕਾਰੀ ਉਪਲਬਧ ਕਰਵਾਈ ਗਈ ਹੈ, ਉਸ ਬਾਰੇ ਉਹ ਮੌਕੇ 'ਤੇ ਜਾ ਕੇ ਵੀ ਜਾਂਚ ਕਰਵਾਉਣਗੇ ਕਿ ਬਿਲਡਿੰਗ ਬਾਈਲਾਜ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਕੀਤੀ ਗਈ ਹੈ | ਅਸ਼ਵਨੀ ਅਗਰਵਾਲ ਨੇ ਕਿਹਾ ਕਿ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ | ਮੀਟਿੰਗ ਵਿਚ ਮਾਡਲ ਟਾਊਨ ਵਿਚ ਇਕ ਦੁਕਾਨ ਦੀ ਉਸਾਰੀ ਦਾ ਮਸਲਾ ਚੇਅਰਮੈਨ ਵਲੋਂ ਚੁੱਕਿਆ ਗਿਆ ਤਾਂ ਬਿਲਡਿੰਗ ਅਫ਼ਸਰਾਂ ਨੇ ਜਾਣਕਾਰੀ ਦਿੱਤੀ ਕਿ ਉਕਤ ਦੁਕਾਨ ਸੀਲ ਕੀਤੀ ਗਈ ਹੈ | ਇਸ ਮੌਕੇ ਸੁਦੇਸ਼ ਭਗਤ, ਰੋਮੀ ਵਧਵਾ, ਜਸਵਿੰਦਰ ਬਿੱਲਾ ਤੇ ਹੋਰ ਹਾਜ਼ਰ ਸਨ |