ਰਤੀਆ, 21 ਜੁਲਾਈ (ਬੇਅੰਤ ਕੌਰ ਮੰਡੇਰ)- ਗੁਰੂ ਨਾਨਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਲੋਂ ਕੁਨਾਲ ਵਿਖੇ ਪ੍ਰਾਚੀਨ ਪੁਰਾਤੱਤਵ ਸਥਾਨ ਦਾ ਇੱਕ ਦਿਨ ਦਾ ਦੌਰਾ ਕਰਵਾਇਆ | ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਹਿੱਸਾ ਲਿਆ | ਪ੍ਰੋਗਰਾਮ ਦੌਰਾਨ ਵਿਭਾਗ ਦੇ ਵਿਨੀਤ ਭਾਨਵਾਲਾ ਨੇ ਵਿਦਿਆਰਥੀਆਂ ਲਈ ਕੁਨਾਲ ਸਥਾਨ ਦਾ ਦੌਰਾ ਕਰਵਾਇਆ ਅਤੇ ਉਨ੍ਹਾਂ ਨੂੰ ਇਸ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਡਾ. ਸੁਰੂਚਿਕਾ ਚਾਵਲਾ, ਵਿਜੇ ਅਤੇ ਪ੍ਰੀਤੀ ਦੁਆਰਾ ਪ੍ਰਦਰਸ਼ਨੀ ਅਤੇ ਵਰਕਸ਼ਾਪ ਲਗਾਈ ਗਈ, ਜਿਸ ਵਿਚ ਬੱਚਿਆਂ ਨੇ ਪ੍ਰਾਚੀਨ ਸਭਿਅਤਾਵਾਂ, ਵਸਤੂਆਂ ਅਤੇ ਪੁਰਾਤੱਤਵ ਵਿਧੀ ਬਾਰੇ ਸਿੱਖਿਆ | ਇਹ ਪਹਿਲ ਵਿਭਾਗ ਦੁਆਰਾ ਰਾਜ ਦੇ ਵਿਦਿਆਰਥੀਆਂ 'ਚ ਵਿਰਾਸਤੀ ਸੰਭਾਲ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ | ਵਿਭਾਗ ਭਵਿੱਖ ਵਿਚ ਸਕੂਲ ਦੁਆਰਾ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਲਈ ਸਹਿਮਤ ਹੋ ਗਿਆ ਹੈ ਤਾਂ ਜੋ ਨੌਜਵਾਨ ਪੀੜ੍ਹੀ ਆਪਣੀ ਅਮੀਰ ਵਿਰਾਸਤ ਨਾਲ ਜੁੜ ਸਕੇ |