22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਬੀ. ਪੀ. ਐਲ. ਪਰਿਵਾਰਾਂ ਨੂੰ ਮਿਲਣ ਵਾਲੇ ਸਰੋ੍ਹਾ ਦੇ ਤੇਲ ਦੀਆਂ ਕੀਮਤਾਂ 'ਚ ਵਾਧਾ ਸਰਕਾਰ ਤੁਰੰਤ ਵਾਪਸ ਲਵੇ : ਅਸ਼ੋਕ ਮਹਿਤਾ

ਅਜੀਤ ਡੈਸਕ 22-07-2025
ਨਾਰਾਇਣਗੜ੍ਹ, 21 ਜੁਲਾਈ (ਪੀ ਸਿੰਘ)-ਹਰਿਆਣਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਅਸ਼ੋਕ ਮਹਿਤਾ ਨੇ ਰਾਜ ਸਰਕਾਰ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਯੋਜਨਾਬੱਧ ਢੰਗ ਨਾਲ ਬੀ. ਪੀ. ਐਲ. ਪਰਿਵਾਰਾਂ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ ਅਤੇ ਹੁਣ ਸਰ੍ਹੋਂ ਦੇ ਤੇਲ ਵਰਗੀ ਜ਼ਰੂਰੀ ਖੁਰਾਕੀ ਵਸਤੂ ਨੂੰ ਆਦੇਸ਼ਾਂ ਅਤੇ ਅੰਕੜਿਆਂ ਦੇ ਜਾਲ 'ਚ ਫਸਾ ਕੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ | ਅਸ਼ੋਕ ਮਹਿਤਾ ਨੇ ਇਸ ਨੀਤੀ ਨੂੰ ਭੋਜਨ ਦੇ ਅਧਿਕਾਰ ਦੇ ਵਿਰੁੱਧ ਇਕ ਯੋਜਨਾਬੱਧ ਦਮਨ ਕਿਹਾ, ਜੋ ਕਿ ਗਰੀਬਾਂ ਦੀ ਰਸੋਈ ਦੀ ਸ਼ਾਨ 'ਤੇ ਸਿੱਧਾ ਹਮਲਾ ਹੈ | ਮਹਿਤਾ ਨੇ ਖੁਲਾਸਾ ਕੀਤਾ ਕਿ ਰਾਜ ਸਰਕਾਰ ਵਲੋਂ 1 ਜੁਲਾਈ 2025 ਨੂੰ ਜਾਰੀ ਪੱਤਰ ਸਪੱਸ਼ਟ ਕਰਦਾ ਹੈ ਕਿ ਬੀ. ਪੀ. ਐਲ. ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਫੋਰਟੀਫਾਈਡ ਸਰ੍ਹੋਂ ਦੇ ਤੇਲ ਦੀ ਕੀਮਤ ਹੁਣ ਪ੍ਰਸ਼ਾਸਕੀ ਪੱਧਰ 'ਤੇ 100 ਰੁ. ਪ੍ਰਤੀ ਦੋ ਲੀਟਰ ਨਿਰਧਾਰਤ ਕੀਤੀ ਗਈ ਹੈ | ਇਹ ਫੈਸਲਾ ਪਹਿਲਾਂ ਵਾਲੀ ਨੀਤੀ ਦੇ ਬਿਲਕੁੱਲ ਉਲਟ ਹੈ, ਜਿਸ ਤਹਿਤ ਇਹ ਤੇਲ ਮੁਫਤ ਜਾਂ ਬਹੁਤ ਹੀ ਮਾਮੂਲੀ ਕੀਮਤ 'ਤੇ ਉਪਲੱਬਧ ਕਰਵਾਇਆ ਜਾਂਦਾ ਸੀ | ਹੁਣ ਸਰਕਾਰ ਅਜਿਹਾ ਆਰਥਿਕ ਮਾਪਦੰਡ ਥੋਪ ਰਹੀ ਹੈ ਜੋ ਨਾ ਸਿਰਫ਼ ਅਸਹਿਣਯੋਗ ਹੈ ਸਗੋਂ ਗਰੀਬਾਂ ਲਈ ਅਪਮਾਨਜਨਕ ਵੀ ਹੈ | ਉਨ੍ਹਾਂ ਸਰਕਾਰ ਦੇ ਉਸ ਬਿਆਨ ਨੂੰ ਵੀ ਹਾਸੋ-ਹੀਣਾ ਦੱਸਿਆ, ਜਿਸ 'ਚ ਕਿਹਾ ਗਿਆ ਸੀ ਕਿ ਜੇਕਰ ਕੋਈ ਲਾਭਪਾਤਰੀ ਇਕ ਲੀਟਰ ਤੇਲ ਖਰੀਦਦਾ ਹੈ, ਤਾਂ ਉਸਨੂੰ 30 ਰੁਪਏ ਦੇਣੇ ਪੈਣਗੇ, ਪਰ ਜੇਕਰ ਉਹ ਦੋ ਲੀਟਰ ਖਰੀਦਦਾ ਹੈ ਤਾਂ ਉਸ ਨੂੰ 100 ਰੁ. ਦੇਣੇ ਪੈਣਗੇ | ਮਹਿਤਾ ਅਨੁਸਾਰ ਇਹ ਫੈਸਲਾ ਗਰੀਬਾਂ ਦੇ ਵਿਰੁੱਧ ਹੈ | ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਗਰੀਬਾਂ ਦੀ ਗਿਣਤੀ ਅਚਾਨਕ ਵੱਧ ਜਾਂਦੀ ਹੈ, ਪਰ ਵੋਟਿੰਗ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਸੂਚੀਆਂ 'ਚੋਂ ਹਟਾ ਦਿੱਤਾ ਜਾਂਦਾ ਹੈ | ਸਰਕਾਰ ਦੀਆਂ ਨਜ਼ਰਾਂ 'ਚ ਗਰੀਬ ਸਿਰਫ਼ ਇਕ 'ਵੋਟ ਇਕਾਈ' ਹੈ ਅਤੇ ਉਸ ਦੀ ਭੁੱਖ ਅਤੇ ਦੁੱਖ ਨਾਲ ਸਰਕਾਰ ਨੂੰ ਕੋਈ ਸਰੋਕਾਰ ਨਹੀਂ | ਇਹ ਅੰਕੜਿਆਂ ਦੀ ਅਜਿਹਾ ਜਾਲ ਹੈ, ਜਿਸ 'ਚ ਇਕ ਮਨੁੱਖ ਨੂੰ ਇਕ ਗਿਣਤੀ 'ਚ ਬਦਲ ਦਿੱਤਾ ਗਿਆ ਹੈ | ਉਨ੍ਹਾਂ ਸਰਕਾਰ 'ਤੇ ਦੋਸ਼ ਲਗਾਇਆ ਕਿ ਉਹ ਮਨਮਾਨੇ ਢੰਗ ਨਾਲ ਬੀ. ਪੀ. ਐਲ. ਸੂਚੀ 'ਚ ਕਟੌਤੀ ਕਰ ਰਹੀ ਹੈ, ਕਾਲਪਨਿਕ ਆਮਦਨ ਨਿਰਧਾਰਤ ਕਰਕੇ ਲਾਭਪਾਤਰੀਆਂ ਨੂੰ ਬਾਹਰ ਕਰ ਰਹੀ ਹੈ ਅਤੇ ਹੁਣ ਜ਼ਰੂਰੀ ਵਸਤੂਆਂ ਨੂੰ ਮਹਿੰਗਾ ਕਰਕੇ ਗਰੀਬਾਂ ਦੇ ਦੁੱਖਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਫੈਸਲੇ ਨੂੰ ਤੁਰੰਤ ਰੱਦ ਕਰੇ ਅਤੇ ਪਿਛਲੀ ਪ੍ਰਣਾਲੀ ਨੂੰ ਬਹਾਲ ਕਰੇ | ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਵਿਧਾਨ ਸਭਾ ਤੋਂ ਲੈ ਕੇ ਸੜਕਾਂ ਤੱਕ ਹਰ ਪਲੇਟਫਾਰਮ 'ਤੇ ਇਸ ਫੈਸਲੇ ਦਾ ਵਿਰੋਧ ਕਰੇਗੀ | ਜੇਕਰ ਸਰਕਾਰ ਨੂੰ ਜਨਤਕ ਭਾਵਨਾਵਾਂ ਦਾ ਥੋੜ੍ਹਾ ਜਿਹਾ ਵੀ ਸਤਿਕਾਰ ਹੈ ਤਾਂ ਉਸ ਨੂੰ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ | ਇਸ ਮੌਕੇ ਕੁਲਬੀਰ ਸਿੰਘ ਗਰੇਵਾਲ, ਚੰਦਰਪਾਲ, ਕੇਸਰ, ਸਤੀਸ਼ ਸੈਣੀ, ਰਮੇਸ਼ ਜੌਹਰ, ਗੁਰਦਿਆਲ ਸੈਣੀ ਤੇ ਰਣਜੀਤ ਭੋਸਲੇ ਸਮੇਤ ਹੋਰ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਸਾਂਗਵਾਨ ਦੀ ਪ੍ਰਧਾਨਗੀ ਹੇਠ ਹੋਈ ਆਲ ਇੰਡੀਆ ਕਿਸਾਨ ਸਭਾ ਦੀ ਮੀਟਿੰਗ ਅਗਲੀ ਖ਼ਬਰ ਮੱਧ ਪ੍ਰਦੇਸ਼ 'ਚ ਗੁਰੂ ਸਾਹਿਬਾਨ ਦੇ ਪੁਰਾਤਨ ਸ਼ਸਤਰਾਂ ਤੇ ਹੋਰ ਵਸਤਾਂ ਦੇ ਸੰਗਤਾਂ ਨੇ ਕੀਤੇ ਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।