ਸੈਕਰਾਮੈਟੋ, 7 ਨਵੰਬਰ (ਹੁਸਨ ਲੜੋਆ ਬੰਗਾ)-ਹੋਡ ਆਈਲੈਂਡ ਦੀ ਇਕ ਸੰਘੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ ਹੈ ਕਿ ਉਹ 4.2 ਕਰੋੜ ਲੋੜਵੰਦ ਅਮਰੀਕੀਆਂ ਨੂੰ ਫੌਰੀ ਖੁਰਾਕ ਸਹਾਇਤਾ ਜਾਰੀ ਕਰੇ | ਸੰਘੀ ਡਿਸਟਿ੍ਕਟ ਜੱਜ ਜੌਹਨ ਮੈਕਕੋਨੈਲ ਨੇ 6 ਨਵੰਬਰ ਨੂੰ ਦਿੱਤੇ ਆਦੇਸ਼ 'ਚ ਕਿਹਾ ਹੈ ਕਿ ਅਮਰੀਕੀ ਖੇਤੀਬਾੜੀ ਵਿਭਾਗ ਨੇ ਉਸ ਵਲੋਂ ਪਹਿਲਾਂ ਦਿੱਤੇ ਹੁਕਮ ਅਨੁਸਾਰ ਫੰਡ ਜਾਰੀ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ | ਜੱਜ ਨੇ ਇਹ ਵੀ ਕਿਹਾ ਕਿ ਸਰਕਾਰ ਸਪਲੀਮੈਂਟ ਨਿਊਟਰੀਸ਼ਨ ਅਸਿਸਟੈਂਟ ਪ੍ਰੋਗਰਾਮ (ਸਨੈਪ) ਵਾਸਤੇ ਵਿਸ਼ੇਸ਼ ਫੰਡ ਦੀ ਅਦਾਇਗੀ ਕਰਨ ਵਿਚ ਮੰਨਮਾਨੇ ਤੇ ਸਾਜਿਸ਼ੀ ਢੰਗ- ਤਰੀਕੇ ਨਾਲ ਕੰਮ ਕਰ ਰਹੀ ਹੈ | ਜੱਜ ਦੁਆਰਾ ਜਾਰੀ ਪਹਿਲੇ ਆਦੇਸ਼ ਦੇ ਜਵਾਬ 'ਚ ਟਰੰਪ ਪ੍ਰਸਾਸ਼ਨ ਨੇ ਕਿਹਾ ਸੀ ਕਿ ਉਹ ਨਵੰਬਰ ਲਈ ਕੇਵਲ ਅੰਸ਼ਕ ਖੁਰਾਕ ਲਾਭ ਹੀ ਦੇਵੇਗੀ ਕਿਉਂਕਿ ਸਰਕਾਰੀ ਸ਼ਟਡਾਊਨ ਕਾਰਨ ਉਹ 'ਸਨੈਪ' ਨੂੰ ਅਦਾਇਗੀ ਕਰਨ ਲਈ ਹੰਗਾਮੀ ਫੰਡ ਦੀ ਵਰਤੋਂ ਨਹੀਂ ਕਰ ਸਕਦੇ | ਅਮਰੀਕਾ ਦੇ 60 ਸਾਲਾਂ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ 'ਸਨੈਪ' ਦੇ ਖੁਰਾਕ ਸੁਰੱਖਿਆ ਪੈਸਾ ਦੇਣ 'ਚ ਦੇਰੀ ਹੋਈ ਹੈ | ਰਾਸ਼ਟਰਪਤੀ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 2 ਵਾਰ ਹੋਏ ਸਰਕਾਰ ਸ਼ੱਟਡਾਊਨ ਦੌਰਾਨ ਵੀ ਇਹ ਅਦਾਇਗੀ ਰੋਕੀ ਨਹੀਂ ਗਈ ਸੀ |