29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਮਨ ਕੀ ਬਾਤ ਦਾ 140ਵਾਂ ਐਪੀਸੋਡ: ਪ੍ਰਧਾਨ ਮੰਤਰੀ ਮੋਦੀ ਨੇ ਨਸ਼ਾ ਮੁਕਤੀ, ਸਿਹਤ, ਕਲਾ ਅਤੇ ਭਾਰਤੀ ਵਿਰਾਸਤ ਦੇ ਮੁੱਦਿਆਂ ’ਤੇ ਕੀਤੀ ਚਰਚਾ

ਦਿੱਲੀ, 29 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ, 29 ਨਵੰਬਰ 2026 ਨੂੰ ਆਪਣੇ ਮਾਸਿਕ...

ਅਜੀਤ ਡੈਸਕ 29-11-2026

ਦਿੱਲੀ, 29 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ, 29 ਨਵੰਬਰ 2026 ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 140ਵੇਂ ਐਪੀਸੋਡ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਮਾਜਿਕ ਜਾਗਰੂਕਤਾ, ਨਸ਼ਾ ਮੁਕਤੀ, ਸਿਹਤ, ਭਾਰਤੀ ਕਲਾ, ਸੱਭਿਆਚਾਰ ਅਤੇ ਦੇਸ਼ ਦੀਆਂ ਉਪਲਬਧੀਆਂ ਨਾਲ ਜੁੜੇ ਕਈ ਅਹਿਮ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ।

ਨਸ਼ਾ ਮੁਕਤੀ ਲਈ ਨੌਜਵਾਨਾਂ ਨੂੰ ਕੀਤਾ ਪ੍ਰੇਰਿਤ

ਪ੍ਰਧਾਨ ਮੰਤਰੀ ਨੇ ਨਸ਼ਿਆਂ ਦੇ ਵਧ ਰਹੇ ਮਾੜੇ ਪ੍ਰਭਾਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਕ ਅਜਿਹੇ ਨੌਜਵਾਨ ਨਾਲ ਗੱਲਬਾਤ ਵੀ ਸਾਂਝੀ ਕੀਤੀ, ਜਿਸ ਨੇ ਨਸ਼ੇ ਦੀ ਲਤ ਨੂੰ ਹਰਾਉਂਦਿਆਂ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ। ਇਸ ਉਦਾਹਰਨ ਰਾਹੀਂ ਉਨ੍ਹਾਂ ਨੇ ਨਸ਼ਾ ਮੁਕਤੀ ਅਤੇ ਦ੍ਰਿੜ੍ਹ ਇਰਾਦੇ ਦੀ ਮਹੱਤਤਾ ਉਜਾਗਰ ਕੀਤੀ।

ਚਿੱਤਰਕਾਰ ਸੋਭਾ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਮਹਾਨ ਚਿੱਤਰਕਾਰ ਸੋਭਾ ਸਿੰਘ ਜੀ ਦੀ 125ਵੀਂ ਜਯੰਤੀ ਦੇ ਮੌਕੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਸੋਭਾ ਸਿੰਘ ਵਲੋਂ ਬਣਾਏ ਗਏ ਇਤਿਹਾਸਕ ਚਿੱਤਰਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਯਾਦ ਵਿਚ ਯਾਦਗਾਰੀ ਸਿੱਕਾ ਜਾਰੀ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ।

ਸਾਈਕਲਿੰਗ ਮੁਹਿੰਮ ਨਾਲ ਜੁੜੇ 37 ਲੱਖ ਤੋਂ ਵੱਧ ਲੋਕ

ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ‘ਫਿਟ ਇੰਡੀਆ’ ਮੁਹਿੰਮ ਦੀ ‘ਸੰਡੇਜ਼ ਆਨ ਸਾਈਕਲ’ ਪਹਿਲਕਦਮੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਨਾਲ ਦੇਸ਼ ਭਰ ਵਿਚ 30,000 ਤੋਂ ਵੱਧ ਥਾਵਾਂ ’ਤੇ 37 ਲੱਖ ਤੋਂ ਵੱਧ ਲੋਕ ਜੁੜ ਚੁੱਕੇ ਹਨ। ਉਨ੍ਹਾਂ ਨੇ ਲੋਕਾਂ ਨੂੰ ਸਰੀਰਕ ਤੰਦਰੁਸਤੀ ਲਈ ਸਾਈਕਲਿੰਗ ਅਤੇ ਨਿਯਮਤ ਕਸਰਤ ਅਪਣਾਉਣ ਦੀ ਅਪੀਲ ਕੀਤੀ।

ਕੈਨੇਡਾ ਦੇ ਸਾਈਂ ਧਾਮ ਫੂਡ ਬੈਂਕ ਦੀ ਕੀਤੀ ਸ਼ਲਾਘਾ

ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਦੀ ਸੇਵਾ ਭਾਵਨਾ ਦੀ ਪ੍ਰਸ਼ੰਸਾ ਕਰਦਿਆਂ ਮੋਦੀ ਨੇ ਕੈਨੇਡਾ ਵਿਚ ਚੱਲ ਰਹੇ ‘ਸਾਈਂ ਧਾਮ ਫੂਡ ਬੈਂਕ’ ਦਾ ਵਿਸ਼ੇਸ਼ ਜ਼ਿਕਰ ਕੀਤਾ। ਇਹ ਸੰਸਥਾ ਹਰ ਮਹੀਨੇ ਲਗਭਗ 60,000 ਲੋਕਾਂ ਨੂੰ ਭੋਜਨ ਮੁਹੱਈਆ ਕਰਵਾ ਕੇ ਮਨੁੱਖਤਾ ਅਤੇ ਸੇਵਾ ਦੀ ਮਿਸਾਲ ਪੇਸ਼ ਕਰ ਰਹੀ ਹੈ।

ਵੇਨਿਸ ਆਰਟ ਬੀਏਨਾਲੇ ਵਿਚ ਭਾਰਤ ਦੀ ਪ੍ਰਾਪਤੀ ’ਤੇ ਮਾਣ

ਭਾਰਤੀ ਕਲਾ ਅਤੇ ਸੱਭਿਆਚਾਰ ਦੀ ਵਿਸ਼ਵ ਪੱਧਰ ’ਤੇ ਹੋ ਰਹੀ ਪਛਾਣ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਵੇਨਿਸ ਆਰਟ ਬੀਏਨਾਲੇ ਵਿਚ ਭਾਰਤੀ ਪਵੇਲੀਅਨ ਨੂੰ ਸਰਵੋਤਮ ਚੁਣੇ ਜਾਣ ’ਤੇ ਖੁਸ਼ੀ ਜ਼ਾਹਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦਸੰਬਰ ਵਿਚ ਦਿੱਲੀ ਵਿਖੇ ਸ਼ੁਰੂ ਹੋਣ ਵਾਲੇ ਕਲਾ ਅਤੇ ਵਿਰਾਸਤ ਨਾਲ ਸਬੰਧਤ ਉਤਸਵ ਵਿਚ ਬੱਚਿਆਂ ਸਮੇਤ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਸੰਵਿਧਾਨ ਨਿਰਮਾਣ ਵਿੱਚ ਬੀ.ਐਨ. ਰਾਓ ਦੇ ਯੋਗਦਾਨ ਨੂੰ ਕੀਤਾ ਯਾਦ

ਭਾਰਤੀ ਸੰਵਿਧਾਨ ਦੇ ਨਿਰਮਾਣ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਬੀ.ਐਨ. ਰਾਓ ਜੀ ਦੇ ਇਤਿਹਾਸਕ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਸੰਵਿਧਾਨ ਦਾ ਮੁੱਢਲਾ ਢਾਂਚਾ ਤਿਆਰ ਕਰਨ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ‘ਮਿਸ਼ਨ ਕਰਮਯੋਗੀ’ ਰਾਹੀਂ ਪ੍ਰਸ਼ਾਸਨਿਕ ਸਮਰੱਥਾ ਵਧਾਉਣ, ‘ਸੰਚਾਰ ਸਾਥੀ’ ਪੋਰਟਲ ਰਾਹੀਂ ਡਿਜੀਟਲ ਸੁਰੱਖਿਆ, ਭਾਰਤੀ ਚਾਕਲੇਟ ਦੀ ਵਿਸ਼ਵ ਪੱਧਰ ’ਤੇ ਵਧਦੀ ਲੋਕਪ੍ਰਿਯਤਾ ਅਤੇ ਖੇਡਾਂ ਦੀ ਅਹਿਮੀਅਤ ਬਾਰੇ ਵੀ ਵਿਚਾਰ ਸਾਂਝੇ ਕੀਤੇ।

ਆਪਣੇ 140ਵੇਂ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਨੇ ਸਮਾਜਿਕ ਜ਼ਿੰਮੇਵਾਰੀ, ਸਿਹਤਮੰਦ ਜੀਵਨ, ਸੇਵਾ ਭਾਵਨਾ, ਸੱਭਿਆਚਾਰਕ ਵਿਰਾਸਤ ਅਤੇ ਰਾਸ਼ਟਰੀ ਵਿਕਾਸ ਦੇ ਸੰਦੇਸ਼ ਨੂੰ ਮੁੜ ਦੁਹਰਾਇਆ।

ਅਗਲੀ ਖ਼ਬਰ ਸਰਦੀਆਂ ਸ਼ੁਰੂ ਹੁੰਦੇ ਹੀ ਕੇਸ਼ੋਪੁਰ ਛੰਬ ਵਿਚ ਕੁਦਰਤ ਦੀ ਹੈਰਾਨ ਕਰਨ ਵਾਲੀ ਖੂਬਸੂਰਤੀ ਵੇਖਣ ਨੂੰ ਮਿਲਦੀ ਹੈ