28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਅਰਪਨ ਲਿਖਾਰੀ ਸਭਾ ਦੀ ਇਕੱਤਰਤਾ ਸਮੇਂ ਲੇਖਕਾਂ ਨੇ ਆਪਣੇ-ਆਪਣੇ ਤਜ਼ਰਬੇ ਕੀਤੇ ਸਾਂਝੇ

ਅਜੀਤ ਡੈਸਕ 22-07-2025
ਕੈਲਗਰੀ, 21 ਜੁਲਾਈ (ਜਸਜੀਤ ਸਿੰਘ ਧਾਮੀ)-ਅਰਪਨ ਲਿਖਾਰੀ ਸਭਾ ਦੀ ਮਹੀਨਾਵਾਰ ਬੈਠਕ ਕੋਸੋ ਹਾਲ 'ਚ ਡਾ.ਜੋਗਾ ਸਿੰਘ ਸਹੋਤਾ ਅਤੇ ਮਹਿਮਾਨ ਮੁਹੰਮਦ ਸਈਦ ਵੜੈਚ ਦੀ ਸਦਾਰਤ 'ਚ ਹੋਈ | ਉੱਭਰਦੇ ਸ਼ਾਇਰ ਤੇ ਗਾਇਕ ਸੁਖਮੰਦਰ ਗਿੱਲ ਨੇ ਲੱਚਰ ਗੀਤਕਾਰੀ ਨੂੰ ਨਕਾਰਦਾ ਆਪਣਾ ਗੀਤ 'ਯਾਰਾਂ ਦੀ ਮੋਟਰ ਤੇ ਨਾ ਮੁੜ ਖੜਕਣ ਗਲਾਸੀਆਂ/ਜੱਟਾਂ ਦੇ ਹੱਥ ਚੋਂ ਖੋਹ ਲਓ ਦਿੱਤੀਆਂ ਗੰਡਾਸੀਆਂ/ਬੰਦੂਕਾਂ ਦੀ ਥਾਂ ਚਲਾ ਦਿਓ ਹਲ਼ ਤੇ ਪੰਜਾਲ਼ੀਆਂ/ਗੀਤਾਂ ਚ ਹੁਣ ਨਾ ਬੀਜਿਓ ਫ਼ਸਲਾਂ ਦੋਨਾਲੀਆਂ ਸੁਣਾਇਆ | ਨਵੇਂ ਗੀਤਕਾਰਾਂ ਨੂੰ ਉਸਾਰੂ ਤੇ ਮਿਆਰੀ ਲਿਖਣ ਦੀ ਤਾਗੀਦ ਕਰ ਗਿਆ | ਇਸ ਤੇ ਚਰਚਾ ਕਰਦਿਆਂ ਜ਼ੀਰ ਸਿੰਘ ਬਰਾੜ ਨੇ ਕਿਹਾ ਕਿ ਅਜਿਹੇ ਗੀਤਕਾਰ ਸਾਡੀ ਪੱਗ ਉੱਚੀ ਕਰਦੇ ਹਨ, ਜਦਕਿ ਜੋਗਾ ਸਿੰਘ ਸਹੋਤਾ ਨੇ ਇਸ ਨੂੰ ਰਿਆਜ਼ ਕੀਤੀ ਹੋਈ ਸੁਰ ਦੀ ਅਤੇ ਕਮਾਲ ਦੀ ਗਾਇਕੀ ਕਰਾਰ ਦਿੱਤਾ | ਮਾਸਟਰ ਹਰਭਜਨ ਸਿੰਘ ਨੇ ਵਿਅੰਗ ਲੇਖਕ ਗੁਰਨਾਮ ਸਿੰਘ ਤੀਰ ਦਾ ਲੇਖ 'ਜ਼ਮਾਨਾ ਖ਼ਰਾਬ ਹੈ' ਸੁਣਾ ਕੇ ਹਸਾਉਣ ਅਤੇ ਵਿਚਾਰ-ਮਗਨ ਕਰਨ ਦਾ ਮਾਹÏਲ ਸਿਰਜਿਆ | ਡਾ. ਮਨਮੋਹਨ ਬਾਠ ਨੇ ਫ਼ਿਲਮੀ ਗੀਤ 'ਪਰਬਤ ਕੇ ਪੈਰੋਂ ਪਰ ਸ਼ਾਮ ਕਾ ਬਸੇਰਾ ਹੈ' ਗਾ ਕੇ ਮੁਹੰਮਦ ਰਫ਼ੀ ਦੀ ਯਾਦ ਤਾਜ਼ਾ ਕਰ ਦਿੱਤੀ | ਡਾ. ਜੋਗਾ ਸਿੰਘ ਸਹੋਤਾ ਨੇ ਜਸਵੀਰ ਸਿੰਘ ਸਹੋਤਾ ਦਾ ਲਿਖਿਆ ਗੀਤ ਸੁਫ਼ਨਾ ਤੇਰੇ ਪੰਜਾਬ ਦਾ ਸਾਡੇ ਦਿਲ ਵਿਚ ਰਹਿ ਗਿਆ' ਤੇ ਕੇਸਰ ਸਿੰਘ ਨੀਰ ਦੀ ਇਹ ਗ਼ਜ਼ਲ 'ਇਹ ਵੀ ਅਸਾਡਾ ਵਹਿਮ ਹੈ ਮਰ ਕੇ ਮਿਲ਼ਾਂਗੇ ਦੋਸਤਾ/ ਇਹ ਹੈ ਨਿਸ਼ਾਨੀ ਹਾਰ ਦੀ ਉਹ ਮਾਜਰਾ ਕੁੱਝ ਹੋਰ ਹੈ' | ਤਰੰਨਮ 'ਚ ਪੇਸ਼ ਕਰ ਕੇ ਸਰੋਦੀ ਰੰਗ ਬੰਨਿ੍ਹਆਂ | ਦਰਸ਼ਨ ਸਿੰਘ ਬਰਾੜ ਦੀ ਛੰਦ-ਬਧ ਕਵਿਤਾ ਨਾਲ਼ ਮਿੱਤਰਾਂ ਦਗ਼ਾ ਕਮਾਈਏ ਨਾ, ਬਿਨਾਂ ਸੱਦਿਆਂ ਕਿਸੇ ਦੇ ਜਾਈਏ ਨਾ, ਬਿਨ ਦੱਸਿਆਂ ਕਿਸੇ ਦੇ ਆਈਏ ਨਾ ਸਿਆਣੀਆਂ ਮੱਤਾਂ ਦਾ ਖ਼ੂਬਸੂਰਤ ਪਟਾਰਾ ਖੋਲ੍ਹ ਗਈ | ਜ਼ੀਰ ਸਿੰਘ ਬਰਾੜ ਨੇ ਆਪਣੀ ਨੌਕਰੀ ਕਰਦਿਆਂ, ਸਮੇਂ ਦੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਆਖਿਆ ਕਿ ਮਿਹਨਤ ਤੇ ਦਿਆਨਤਦਾਰੀ ਨਾਲ਼ ਕੀਤੀ ਸਰਕਾਰੀ ਨੌਕਰੀ ਦੀ ਤਸੱਲੀ ਉਸ ਦਾ ਸਰਮਾਇਆ ਹੈ | ਅਰਪਨ ਲਿਖਾਰੀ ਸਭਾ ਦੇ ਯੋਗਦਾਨ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਜਿਥੇ ਸਾਹਿਤਕ ਚਰਚਾ ਹੁੰਦੀ ਹੈ ਓਥੇ ਨਾਲ ਨੇਕ ਵਿਚਾਰ ਵੀ ਸੁਨਣ ਨੂੰ ਮਿਲਦੇ ਹਨ¢ ਜਸਵੀਰ ਸਹੋਤਾ ਨੇ ਪੰਜਾਬ ਫੇਰੀ ਦੌਰਾਨ ਹੋਏ ਅਨੁਭਵ ਸਾਂਝੇ ਕੀਤੇ ਤੇ ਆਪਣੀ ਤਾਜ਼ਾ ਕਵਿਤਾ 'ਐਸਾ ਵਰ ਜੋੜੀਂ ਮਾਲਕਾ ਪਹਿਲੇ ਰਿਸ਼ਤੇ ਨਾ ਜਾਣ ਤਰੇੜੇ' ਸੁਣਾਈ | ਸਤਨਾਮ ਸਿੰਘ ਢਾਅ ਨੇ ਵਿਧਾਤਾ ਸਿੰਘ ਧੀਰ ਦੀ ਲਿਖੀ, ਮਹਾਰਾਜਾ ਰਣਜੀਤ ਸਿੰਘ ਦੇ ਪਰਜਾ ਦੇ ਸੇਵਾਦਾਰ ਵਜੋਂ ਕੀਤੀ ਸੇਵਾ ਨੂੰ ਪਾਂਡੀ ਪਾਤਸ਼ਾਹ ਪ੍ਰਭਾਵਸ਼ਾਲੀ ਕਵਿਤਾ ਰਾਹੀਂ ਪੇਸ਼ ਕੀਤਾ | ਕੈਲਗਰੀ ਦੇ ਗੁਪਤ-ਦਾਨੀ ਸ੍ਰ. ਮੁਖਿੰਦਰਪਾਲ ਸਿੰਘ ਉੱਪਲ਼ ਨੇ ਪੰਜਾਬ ਜਾ ਕੇ ਨੇਕ ਕੰਮਾਂ ਲਈ ਦਿਲ ਖੋਲ੍ਹ ਕੇ ਗੁਪਤ-ਦਾਨ ਕਰਨ ਦੀ ਅਹਿਮ ਜਾਣਕਾਰੀ ਸਾਂਝੀ ਕੀਤੀ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਵੀ ਪ੍ਰੇਰਨਾ ਦਿੱਤੀ | ਜਸਵਿੰਦਰ ਸਿੰਘ ਨੇ 1984 ਦੇ ਦਿੱਲੀ 'ਚ ਹੋਏ ਸਿੱਖਾਂ ਦੇ ਕਤਲੇਆਮ ਦੀ ਹੱਡ ਬੀਤੀ ਤੇ ਜੱਗ ਬੀਤੀ ਦੇ ਅੱਖੀਂ ਵੇਖੇ ਹਾਲਾਤ ਬਿਆਨ ਕੀਤੇ | ਲਹਿੰਦੇ ਪੰਜਾਬ ਤੋਂ ਆਏ ਜਨਾਬ ਮੁਹੰਮਦ ਸਈਦ ਵੜੈਚ ਨੇ ਸਭਾ ਦੇ ਮਿਆਰੀ ਪ੍ਰੋਗਰਾਮ ਦੀ ਤਾਰੀਫ਼ ਕੀਤੀ ਅਤੇ ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ਵਿਲੱਖਣ ਅੰਦਾਜ਼ 'ਚ ਸੁਣਾ ਕੇ ਹਾਜ਼ਰੀ ਲਗਵਾਈ | ਜਗਦੇਵ ਸਿੰਘ ਸਿੱਧੂ ਨੇ ਢੁੱਕਵੀਂਆਂ ਟਿੱਪਣੀਆਂ ਕਰਦੇ ਹੋਏ ਸਕੱਤਰ ਦੀਆਂ ਸੇਵਾਵਾਂ ਨਿਭਾਉਂਦਿਆਂ ਸਰੋਤਿਆਂ ਨੂੰ ਕੀਲੀ ਰੱਖਿਆ | ਅਖ਼ੀਰ ਵਿਚ ਪ੍ਰਧਾਨ ਡਾ.ਜੋਗਾ ਸਿੰਘ ਸਹੋਤਾ ਨੇ ਪੇਸ਼ਕਾਰੀਆਂ ਦੇ ਮਿਆਰ ਨੂੰ ਸਲਾਹਿਆ, ਇਨ੍ਹਾਂ ਬਾਰੇ ਹੋਈ ਚਰਚਾ ਨੂੰ ਉਸਾਰੂ ਦੱਸਿਆ ਤੇ ਹਾਜ਼ਰੀਨ ਦਾ ਦਿਲੋਂ ਧੰਨਵਾਦ ਕੀਤਾ¢
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਦੀ ਮੀਟਿੰਗ ਪ੍ਰਧਾਨ ਧੁੱਗਾ ਦੀ ਅਗਵਾਈ 'ਚ ਹੋਈ <br/> ਅਗਲੀ ਖ਼ਬਰ ਸਿਆਟਲ ਦੇ ਪ੍ਰਮੁੱਖ ਕਿਸਾਨ ਆਗੂ ਚੇਤ ਸਿੰਘ ਸਿੱਧੂ ਨੂੰ ਸਦਮਾ, ਵੱਡੇ ਭਰਾ ਦਾ ਪੰਜਾਬ 'ਚ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।