ਸੁਲਤਾਨਪੁਰ ਲੋਧੀ/ਡਡਵਿੰਡੀ, 28 ਨਵੰਬਰ (ਥਿੰਦ,ਝੰਡ)- ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਦੇ ਪ੍ਰਸਿੱਧ ਚਿੱਤਰਕਾਰ ਰਣਜੀਤ ਸਿੰਘ ਰਾਣਾ ਡਡਵਿੰਡੀ ਵਲੋਂ ਤਿਆਰ ਕੀਤੀ ਗਈ ਬਾਬਾ ਬੁੱਢਾ ਸਾਹਿਬ ਜੀ ਅਤੇ ਮਾਤਾ ਖੀਵੀ ਜੀ ਦੀ ਸੁੰਦਰ ਪੇਂਟਿੰਗ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਫਰਿਜ਼ਨੋ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਸ਼ੋਭਿਤ ਹੋਵੇਗੀ। ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਇਹ ਪੇਂਟਿੰਗ ਲੈਣ ਲਈ ਪਹੁੰਚੇ ਭੋਲਾ ਸਿੰਘ ਨੇ ਦੱਸਿਆ ਕਿ ਇਹ ਪੇਂਟਿੰਗ ਇੰਟਰਨੈਸ਼ਨਲ ਢਾਡੀ ਫੌਜਾ ਸਿੰਘ ਪਿੰਡ ਡੱਲਾ ਸਾਹਿਬ ਜੋ ਮੌਜੂਦਾ ਸਮੇਂ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਿਜ਼ਨੋ ਕੈਲੀਫੋਰਨੀਆ ਯੂਐੱਸਏ ਵਿਖੇ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਨਿਭਾ ਰਹੇ ਹਨ, ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਿਆਰ ਕੀਤੀ ਗਈ ਹੈ।
ਇਸ ਮੌਕੇ ਪ੍ਰਸਿੱਧ ਚਿੱਤਰਕਾਰ ਰਣਜੀਤ ਸਿੰਘ ਰਾਣਾ ਡਡਵਿੰਡੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਢਾਡੀ ਫੌਜਾ ਸਿੰਘ ਵਲੋਂ ਉਨ੍ਹਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਅਤੇ ਮਾਤਾ ਖੀਵੀ ਜੀ ਦੀ ਪੇਂਟਿੰਗ ਤਿਆਰ ਕਰਨ ਦੀ ਸੇਵਾ ਸੌਂਪੀ ਗਈ ਸੀ। ਜੋ ਉਨ੍ਹਾਂ ਨੇ ਬਹੁਤ ਹੀ ਸ਼ਿੱਦਤ ਅਤੇ ਅਦਬ ਨਾਲ ਤਿਆਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭੋਲਾ ਸਿੰਘ ਜੋ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਦੇ ਰਹਿਣ ਵਾਲੇ ਹਨ ਅਤੇ ਮੌਜੂਦਾ ਸਮੇਂ ਫਰਿਜ਼ਨੋ ਕੈਲੀਫੋਰਨੀਆ ਵਿਖੇ ਰਹਿ ਰਹੇ ਹਨ, ਵਿਸ਼ੇਸ਼ ਤੌਰ ’ਤੇ ਇਹ ਪੇਂਟਿੰਗ ਪ੍ਰਾਪਤ ਕਰਨ ਲਈ ਪਿੰਡ ਡਡਵਿੰਡੀ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਉਹ ਇਹ ਪੇਂਟਿੰਗ ਭੋਲਾ ਸਿੰਘ ਦੇ ਸਪੁਰਦ ਕਰਦਿਆਂ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਸੁਭਾਗ ਬਖ਼ਸ਼ਿਆ। ਉਨ੍ਹਾਂ ਪੇਂਟਿੰਗ ਲੈਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਭੋਲਾ ਸਿੰਘ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਵਾਗਤ ਵੀ ਕੀਤਾ। ਇਸ ਮੌਕੇ ਭੋਲਾ ਸਿੰਘ ਰਿਟਾਇਰਡ ਐੱਸ.ਡੀ.ਓ. ਬਿਜਲੀ ਵਿਭਾਗ, ਬੀਬੀ ਜਸਵੀਰ ਕੌਰ ਪ੍ਰਧਾਨ ਸ਼੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ, ਸੁਖਵਿੰਦਰ ਸਿੰਘ ਡਡਵਿੰਡੀ, ਅਸਗਰ ਇਕਬਾਲ, ਦਿਲਜੋਤ ਸਿੰਘ, ਸਰਬਜੀਤ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।