ਐਬਸਫੋਰਡ, 16 ਜੁਲਾਈ (ਗੁਰਦੀਪ ਸਿੰਘ ਗਰੇਵਾਲ/ਸੰਦੀਪ ਸਿੰਘ ਸੰਧੂ)-ਕੈਨੇਡਾ ਦੇ ਪੁਰਾਤਨ ਇਤਿਹਾਸ 'ਚ ਪ੍ਰਵਾਸੀ ਪੰਜਾਬੀਆਂ ਨਾਲ ਹੋਈਆਂ ਨਸਲਵਾਦੀ ਵਧੀਕੀਆਂ ਦੇ ਮੱਦੇਨਜ਼ਰ ਸਿਟੀ ਆਫ ਸਰੀ ਦੀ ਮੇਅਰ ਬਰਿੰਡਾ ਲੌਕ ਵੱਲੋਂ 'ਗੁਰੂ ਨਾਨਕ ਜਹਾਜ਼ ਨੂੰ ਸਮਰਪਿਤ ਐਲਾਨਨਾਮਾ' ਜਾਰੀ ਕੀਤਾ ਗਿਆ | ਜ਼ਿਕਰਯੋਗ ਹੈ ਕਿ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਕੈਨੇਡਾ ਦੀ ਧਰਤੀ ਤੋਂ, ਨਸਲੀ ਵਿਤਕਰੇ ਤੇ ਅਣਮਨੁੱਖੀ ਤਸ਼ੱਦਦ ਕਰਦਿਆਂ ਵਾਪਸ ਮੋੜ ਦਿੱਤਾ ਗਿਆ ਸੀ | ਸਿਟੀ ਆਫ ਸਰੀ ਨੇ 23 ਜੁਲਾਈ ਦੇ ਦਿਹਾੜੇ ਨੂੰ 'ਗੁਰੂ ਨਾਨਕ ਜਹਾਜ਼ ਰਿਮੈਬਰੈਂਸ ਡੇਅ (ਯਾਦਗਾਰੀ ਦਿਹਾੜਾ') ਘੋਸ਼ਤ ਕੀਤਾ ਹੈ | ਮੇਅਰ ਬਰਿੰਡਾ ਲੌਕ ਵੱਲੋਂ ਇਹ ਪ੍ਰੋਕਲੇਮੇਸ਼ਨ ਕੌਂਸਲ ਦੀ 14 ਜੁਲਾਈ ਸੋਮਵਾਰ ਦੀ ਮੀਟਿੰਗ 'ਚ ਰੱਖਿਆ ਗਿਆ, ਜਿਸ ਨੂੰ ਕੌਂਸਲਰ ਹੈਰੀ ਬੈਂਸ ਨੇ ਪੜਿ੍ਹਆ | ਮੇਅਰ ਨੇ ਕਿਹਾ ਕਿ ਆਮ ਕਰਕੇ ਐਲਾਨਨਾਮੇ ਕੌਂਸਲ ਇਕੱਤਰਤਾਵਾਂ ਦੌਰਾਨ ਪੜ੍ਹੇ ਨਹੀਂ ਜਾਂਦੇ, ਪਰ ਗੁਰੂ ਨਾਨਕ ਜਹਾਜ਼ ਦਾ ਐਲਾਨਨਾਮਾ ਵਿਸ਼ੇਸ਼ ਹੈ, ਜਿਸ ਕਰਕੇ ਕੌਂਸਲ ਦੀ ਕਾਰਵਾਈ ਦੌਰਾਨ ਮੁਕੰਮਲ ਪੜਿ੍ਹਆ ਜਾ ਰਿਹਾ ਹੈ | ਇਸ ਉਪਰਾਲੇ ਲਈ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਦੇ ਪ੍ਰਬੰਧਕ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਰਾਜ ਸਿੰਘ ਭੰਡਾਲ ਅਤੇ ਬਲਜੀਤ ਕੌਰ ਸੈਣੀ ਸਮੇਤ ਸਮੂਹ ਟੀਮ ਨੇ ਨੇ ਸਰੀ ਸਿਟੀ ਦੀ ਮੇਅਰ ਬਰਿੰਡਾ ਲੌਕ, ਸਮੁੱਚੀ ਸਿਟੀ ਕੌਂਸਲ ਅਤੇ ਵਿਸ਼ੇਸ਼ ਕਰ ਸ. ਸਰਬਜੀਤ ਸਿੰਘ ਬੈਂਸ ਹੁਰਾਂ ਦੇ ਅਣਥਕ ਉਪਰਾਲੇ ਦਾ ਧੰਨਵਾਦ ਕੀਤਾ | 23 ਜੁਲਾਈ, ਦਿਨ ਬੁਧਵਾਰ ਨੂੰ ਸਿਟੀ ਹਾਲ ਸਰੀ ਦੇ ਆਡੀਟੋਰੀਅਮ ਵਿਖੇ ਗੁਰੂ ਨਾਨਕ ਜਹਾਜ਼ ਦਿਹਾੜੇ 'ਤੇ ਸਮਾਗਮ ਹੋਵੇਗਾ, ਜਿਸ 'ਚ ਵੱਖ-ਵੱਖ ਸੰਸਥਾਵਾਂ ਸ਼ਾਮਿਲ ਹੋਣਗੀਆਂ | ਗੁਰੂ ਨਾਨਕ ਜਹਾਜ਼ ਰਿਮੈਬਰਸ ਡੇਅ ਦੇ ਸਿਟੀ ਆਫ ਸਰੀ ਦੇ ਐਲਾਨਨਾਮੇ ਤੋਂ ਪਹਿਲਾਂ, ਸਿਟੀ ਆਫ ਵੈਨਕੂਵਰ ਵੱਲੋਂ ਇਸ ਸਾਲ 23 ਮਈ ਨੂੰ ਗੁਰੂ ਨਾਨਕ ਜਹਾਜ਼ ਦਿਹਾੜਾ ਘੋਸ਼ਤ ਕਰਕੇ ਇਤਿਹਾਸਿਕ ਕਦਮ ਚੁੱਕਿਆ ਜਾ ਚੁੱਕਿਆ ਗਿਆ ਹੈ, ਜੋ ਕਿ ਪ੍ਰਸ਼ੰਸਾਯੋਗ ਹੈ |