ਪੱਛਮ ਦਾ ਨਾਮਵਰ ਸਿੱਖਿਆ ਸ਼ਾਸਤਰੀ ਜੌਹਨ ਐਮੋਸ ਕੈਮਿਸੀਅਨ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜ਼ਾ ਕਰਦਾ ਹੋਇਆ ਲਿਖਦਾ ਹੈ ਕਿ ਸਕੂਲ ਪ੍ਰਿੰਸੀਪਲ ਸਕੂਲ ਦਾ ਉਹ ਧੁਰਾ ਹੁੰਦਾ ਹੈ, ਜਿਸ ਨੇ ਆਪਣੀ ਸੂਝ-ਬੂਝ ਨਾਲ ਚੰਗੇ ਫ਼ੈਸਲੇ ਲੈ ਕੇ ਬੱਚਿਆਂ ਤੇ ਅਧਿਆਪਕਾਂ ਦੀ ਸੁਚੱਜੀ ਅਗਵਾਈ ਕਰਦੇ ਹੋਏ ਬਹੁਤ ਹੋਣਹਾਰ ਵਿਦਿਆਰਥੀ ਪੈਦਾ ਕਰਕੇ ਦੇਸ਼ ਅਤੇ ਸਮਾਜ ਦਾ ਭਵਿੱਖ ਤੈਅ ਕਰਨਾ ਹੁੰਦਾ ਹੈ। ਬਹੁਤ ਹੀ ਖੁਸ਼ਕਿਸਮਤ ਹੁੰਦੇ ਹਨ ਉਹ ਬੱਚੇ ਤੇ ਅਧਿਆਪਕ, ਜਿਨ੍ਹਾਂ ਨੂੰ ਸਕੂਲਾਂ ਵਿਚ ਚੰਗਾ ਅਕਾਦਮਿਕ ਮਾਹੌਲ ਪੈਦਾ ਕਰਨ ਵਾਲਾ ਸਕੂਲ ਪ੍ਰਿੰਸੀਪਲ ਮਿਲ ਜਾਂਦਾ ਹੈ। ਮੇਰੀ ਖੁਸ਼ਕਿਸਮਤੀ ਰਹੀ ਹੈ ਕਿ ਮੈਨੂੰ ਅਜਿਹੀ ਹੀ ਸੰਸਥਾ ਵਿਚ ਆਪਣਾ ਵਿਦਿਆਰਥੀ ਜੀਵਨ ਗੁਜ਼ਾਰਨ ਦਾ ਮੌਕਾ ਮਿਲਿਆ। ਪਰ ਸਾਡੇ ਸੂਬੇ ਦੀ ਸਕੂਲੀ ਸਿੱਖਿਆ ਦੀ ਕਿੰਨੀ ਵੱਡੀ ਤ੍ਰਾਸਦੀ ਹੈ ਕਿ ਜਿਸ ਦੇ ਅਨੇਕਾਂ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਪਿਛਲੇ ਲੰਬੇ ਸਮੇਂ ਤੋਂ ਬਿਨਾਂ ਸਕੂਲ ਮੁਖੀਆਂ ਤੋਂ ਚੱਲ ਰਹੇ ਹਨ। ਅੱਗੇ ਤੁਰਨ ਤੋਂ ਪਹਿਲਾਂ ਸੂਬੇ ਵਿਚ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ ਅਤੇ ਉਨ੍ਹਾਂ ਵਿਚ ਸਕੂਲ ਮੁਖੀਆਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਖਾਲੀ ਅਸਾਮੀਆਂ ਦੀ ਸਥਿਤੀ ਵੇਖ ਲੈਂਦੇ ਹਾਂ।
ਸੂਬੇ ਵਿਚ 12,880 ਪ੍ਰਾਇਮਰੀ, 2,670 ਮਿਡਲ, 1,723 ਹਾਈ ਅਤੇ 1,972 ਸੀਨੀਅਰ ਸੈਕੰਡਰੀ ਸਕੂਲ ਹਨ। ਸੀਨੀਅਰ ਸੈਕੰਡਰੀ ਸਕੂਲਾਂ 'ਚ 856 ਪ੍ਰਿੰਸੀਪਲਾਂ (44 ਫ਼ੀਸਦੀ) ਅਸਾਮੀਆਂ ਖਾਲੀ ਹਨ। ਪ੍ਰਿੰਸੀਪਲਾਂ ਦੀਆਂ ਜ਼ਿਆਦਾਤਰ ਅਸਾਮੀਆਂ ਮੋਗਾ, ਬਠਿੰਡਾ, ਲੁਧਿਆਣਾ, ਜਲੰਧਰ ਅਤੇ ਮਾਨਸਾ ਜ਼ਿਲ੍ਹਿਆਂ 'ਚ ਖਾਲੀ ਹਨ। ਹਾਈ ਸਕੂਲਾਂ 'ਚ ਵੀ ਮੁੱਖ ਅਧਿਆਪਕਾਂ ਦੀਆਂ ਸੈਂਕੜੇ ਅਸਾਮੀਆਂ ਖਾਲੀ ਪਈਆਂ ਹਨ। ਬਲਾਕ ਪ੍ਰਾਇਮਰੀ ਅਫ਼ਸਰਾਂ ਦੀਆਂ ਕੁੱਲ ਅਸਾਮੀਆਂ 228 ਹਨ, ਜਿਨ੍ਹਾਂ 'ਚੋਂ 93 (41 ਫ਼ੀਸਦੀ) ਖਾਲੀ ਹਨ ਤੇ ਜ਼ਿਆਦਾਤਰ ਰੋਪੜ, ਬਠਿੰਡਾ, ਹੁਸ਼ਿਆਰਪੁਰ, ਫ਼ਿਰੋਜ਼ਪੁਰ ਅਤੇ ਹੁਸ਼ਿਆਰਪੁਰ ਵਿਚ ਖਾਲੀ ਹਨ। ਹਾਈ ਸਕੂਲਾਂ 'ਚ ਹੈੱਡ ਮਾਸਟਰਾਂ ਦੀਆਂ 913 ਅਸਾਮੀਆਂ ਭਰੀਆਂ ਹੋਈਆਂ ਅਤੇ 810 (47.01%) ਖਾਲੀ ਹਨ।
ਸਕੂਲਾਂ 'ਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਰਹਿਣਾ ਕੋਈ ਨਵਾਂ ਵਰਤਾਰਾ ਨਹੀਂ ਹੈ। ਸਿੱਖਿਆ ਵਿਭਾਗ, ਹੈੱਡ ਮਾਸਟਰਾਂ, ਵੋਕੇਸ਼ਨਲ ਮਾਸਟਰਾਂ ਲੈਕਚਰਾਰਾਂ ਦੇ ਰਾਖਵਾਂਕਰਨ ਦੇ ਕੋਟੇ ਵਿਭਾਗੀ ਤੇ ਸਿੱਧੀ ਭਰਤੀ ਦੇ ਵਿਵਾਦਾਂ ਅਤੇ ਕੋਰਟ ਕੇਸਾਂ ਨੂੰ ਲੈ ਕੇ ਸਮਾਂ ਲੰਘਾਉਂਦਾ ਰਿਹਾ ਹੈ। ਸਿੱਖਿਆ ਸਕੱਤਰ ਅਤੇ ਉਸ ਸਮੇਂ ਦੀ ਸਿੱਖਿਆ ਮੰਤਰੀ ਸ੍ਰੀਮਤੀ ਉਪਿੰਦਰਜੀਤ ਕੌਰ ਦੇ ਉਪਰਾਲੇ ਸਦਕਾ ਬਹੁਤ ਸਾਲਾਂ ਬਾਅਦ 2009 'ਚ ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਹੋਈਆਂ ਸਨ। ਸਿੱਖਿਆ ਵਿਭਾਗ ਦੀ ਲਾਪ੍ਰਵਾਹੀ ਕਾਰਨ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਮਾਸਟਰਾਂ ਤੇ ਲੈਕਚਰਾਰਾਂ ਤੋਂ ਕਾਰਜਕਾਰੀ ਸਕੂਲ ਮੁਖੀ ਦਾ ਕੰਮ ਲੈਣ ਕਾਰਨ ਅਦਾਲਤੀ ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰ ਨੂੰ ਉਨ੍ਹਾਂ ਨੂੰ ਸਕੂਲ ਮੁਖੀ ਦੇ ਗ੍ਰੇਡ ਦਾ ਕਰੋੜਾਂ ਰੁਪਏ ਦਾ ਬਕਾਇਆ ਦੇਣਾ ਪਿਆ ਸੀ, ਜੋ ਕਿ ਸਰਕਾਰੀ ਖ਼ਜ਼ਾਨੇ 'ਤੇ ਬੋਝ ਪਿਆ। ਵੋਕੇਸ਼ਨਲ ਮਾਸਟਰਾਂ ਤੇ ਹੈੱਡ ਮਾਸਟਰਾਂ ਦੀਆਂ ਅਸਾਮੀਆਂ ਘਟਣ ਕਾਰਨ ਲੈਕਚਰਾਰ ਯੂਨੀਅਨ ਸਰਕਾਰ ਨੂੰ ਵਾਰ-ਵਾਰ ਬੇਨਤੀ ਕਰ ਰਹੀ ਹੈ ਕਿ ਉਨ੍ਹਾਂ ਦੀ ਤਰੱਕੀ ਦਾ ਕੋਟਾ ਵਧਾਇਆ ਜਾਵੇ, ਪਰ ਸਰਕਾਰ ਕੋਈ ਨਾ ਕੋਈ ਬਹਾਨਾ ਲਾ ਕੇ ਇਸ ਮੁੱਦੇ ਨੂੰ ਹੱਲ ਨਹੀਂ ਕਰ ਰਹੀ। ਕਿਸੇ ਨਾ ਕਿਸੇ ਅਦਾਲਤੀ ਕੇਸ ਨੂੰ ਲੈ ਕੇ ਸਕੂਲ ਮੁਖੀਆਂ ਦੀਆਂ ਤਰੱਕੀਆਂ ਦਾ ਮਾਮਲਾ ਲਟਕਿਆ ਰਹਿੰਦਾ ਹੈ। ਸਿੱਖਿਆ ਸਕੱਤਰ ਤੋਂ ਲੈ ਕੇ ਸਿੱਖਿਆ ਮੰਤਰੀ ਇਸ ਗੱਲ ਤੋਂ ਜਾਣੂ ਹਨ ਕਿ ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਹੋਣੀਆ ਜ਼ਰੂਰੀ ਹਨ, ਪਰ ਫਿਰ ਇਨ੍ਹਾਂ ਤਰੱਕੀਆਂ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ।
ਪ੍ਰਾਈਵੇਟ ਮਾਡਲ ਸਕੂਲਾਂ 'ਚ ਪ੍ਰਿੰਸੀਪਲ ਦੀ ਅਸਾਮੀ ਨੂੰ ਤੁਰੰਤ ਭਰਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਸਕੂਲਾਂ ਵਿਚ ਸਕੂਲ ਦੇ ਮਿਆਰੀ ਅਕਾਦਮਿਕ ਮਾਹੌਲ ਦੀ ਅਹਿਮੀਅਤ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ 'ਚ ਪ੍ਰਿੰਸੀਪਲਾਂ ਅਤੇ ਹੈੱਡ ਮਾਸਟਰਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹੋਣ ਕਾਰਨ ਇਕ ਪ੍ਰਿੰਸੀਪਲ ਤੇ ਹੈੱਡ ਮਾਸਟਰ ਨੂੰ ਦੋ-ਤਿੰਨ ਸਕੂਲਾਂ ਦਾ ਕੰਮ ਚਲਾਉਣਾ ਪੈ ਰਿਹਾ ਹੈ, ਜਿਸ ਨਾਲ ਤਿੰਨ ਤੋਂ ਚਾਰ ਲੱਖ ਤੱਕ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਸਵਾਲ ਇਹ ਹੈ ਕਿ ਜਿਹੜੇ ਪ੍ਰਿੰਸੀਪਲ ਤੇ ਹੈੱਡ ਮਾਸਟਰ ਕੋਲ ਦੂਜੇ ਸਕੂਲਾਂ ਦਾ ਚਾਰਜ ਹੁੰਦਾ ਹੈ, ਉਹ ਦੂਜੇ ਸਕੂਲਾਂ ਦਾ ਪ੍ਰਬੰਧ ਕਿਵੇਂ ਵੇਖ ਸਕਦਾ ਹੈ? ਜੇ ਉਹ ਦੂਜੇ ਸਕੂਲਾਂ ਵਿਚ ਜਾਂਦਾ ਵੀ ਹੈ ਤਾਂ ਪਿੱਛੋਂ ਉਸ ਦਾ ਆਪਣਾ ਸਕੂਲ ਵੀ ਪ੍ਰਭਾਵਿਤ ਹੁੰਦਾ ਹੈ। ਜਿਹੜੇ ਮਾਸਟਰ ਤੇ ਲੈਕਚਰਾਰ ਆਪਣੀਆਂ ਜਮਾਤਾਂ ਪੜ੍ਹਾਉਣ ਦੇ ਨਾਲ-ਨਾਲ ਸਕੂਲ ਪ੍ਰਬੰਧ ਚਲਾਉਂਦੇ ਹਨ, ਉਨ੍ਹਾਂ ਦੀਆਂ ਜਮਾਤਾਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਉਹ ਨਾ ਤਾਂ ਬੱਚਿਆਂ ਦੀ ਪੜ੍ਹਾਈ ਨਾਲ ਇਨਸਾਫ਼ ਕਰ ਪਾਉਂਦੇ ਹਨ ਤੇ ਨਾ ਹੀ ਸਕੂਲ ਪ੍ਰਬੰਧ ਚਲਾ ਪਾਉਂਦੇ ਹਨ। ਕਈ ਸਕੂਲ ਅਧਿਆਪਕ ਅਤੇ ਦੂਜੇ ਕਰਮਚਾਰੀ ਉਨ੍ਹਾਂ ਨੂੰ ਸਹਿਯੋਗ ਦੇਣ ਲਈ ਤਿਆਰ ਨਹੀਂ ਹੁੰਦੇ, ਕਿਉਂਕਿ ਉਹ ਉਸ ਨੂੰ ਸਕੂਲ ਮੁਖੀ ਹੀ ਨਹੀਂ ਸਮਝਦੇ। ਬਹੁਤ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਸਕੂਲ ਵਿਚ ਲੜਾਈ-ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ। ਹੋਰ ਚਰਚਾ ਕਰਨ ਤੋਂ ਪਹਿਲਾਂ ਇਕ ਸਕੂਲ ਮੁਖੀ ਦੇ ਕੰਮ ਤੇ ਜ਼ਿੰਮੇਵਾਰੀਆਂ ਨੂੰ ਸਮਝ ਲੈਣਾ ਜ਼ਰੂਰੀ ਹੋਵੇਗਾ। ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਸਕੂਲ ਪ੍ਰਬੰਧ ਨਾਲ ਜੁੜੇ ਫ਼ੈਸਲੇ ਸਕੂਲ ਮੁਖੀ ਨੇ ਹੀ ਲੈਣੇ ਹੁੰਦੇ ਹਨ। ਇਕ ਕਾਰਜਕਾਰੀ ਸਕੂਲ ਮੁਖੀ ਤੇ ਪੱਕੇ ਤੌਰ 'ਤੇ ਕੰਮ ਕਰ ਰਹੇ ਸਕੂਲ ਮੁਖੀ 'ਚ ਬਹੁਤ ਫ਼ਰਕ ਹੁੰਦਾ ਹੈ। ਅਧਿਆਪਕਾਂ ਦੇ ਮਨਾਂ 'ਤੇ ਇਕ ਮਨੋਵਿਗਿਆਨਕ ਡਰ ਅਤੇ ਪ੍ਰਭਾਵ ਹੁੰਦਾ ਹੈ ਕਿ ਪੱਕਾ ਸਕੂਲ ਮੁਖੀ ਉਨ੍ਹਾਂ ਦਾ ਅਧਿਕਾਰੀ ਤੇ ਨਿਗਰਾਨੀ ਕਰਨ ਵਾਲਾ ਹੈ। ਉਹ ਉਨ੍ਹਾਂ ਵਲੋਂ ਕੀਤੀ ਜਾਣ ਵਾਲੀ ਲਾਪ੍ਰਵਾਹੀ ਲਈ ਉਨ੍ਹਾਂ ਨੂੰ ਰੋਕ-ਟੋਕ ਸਕਦਾ ਹੈ।
ਸਕੂਲ ਮੁਖੀ ਅਤੇ ਅਧਿਆਪਕ ਦੇ ਅਹੁਦੇ ਦੇ ਵਿਚਕਾਰਲਾ ਫ਼ਾਸਲਾ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹਾਉਣ, ਅਨੁਸ਼ਾਸਿਤ ਰੱਖਣ ਅਤੇ ਸਕੂਲ ਦੇ ਹੋਰ ਕੰਮ ਚੰਗੀ ਤਰ੍ਹਾਂ ਕਰਨ ਲਈ ਵਚਨਬੱਧ ਬਣਾਉਂਦਾ ਹੈ। ਸਵੇਰ ਦੀ ਪ੍ਰਾਥਨਾ ਸਭਾ, ਜਮਾਤਾਂ ਦੀ ਪੜ੍ਹਾਈ, ਸਾਫ਼-ਸਫ਼ਾਈ, ਸਿੱਖਿਆ ਵਿਭਾਗ ਨਾਲ ਤਾਲਮੇਲ, ਸਕੂਲ ਫੰਡ, ਟਾਈਮ ਟੇਬਲ ਪ੍ਰੀਖਿਆਵਾਂ, ਨਤੀਜੇ, ਅਨੁਸ਼ਾਸਨ, ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨਾਲ ਤਾਲਮੇਲ ਸਕੂਲ ਦੇ ਵੱਖ-ਵੱਖ ਪ੍ਰਬੰਧ, ਪ੍ਰਯੋਗਸ਼ਾਲਾਵਾਂ ਲਾਇਬ੍ਰੇਰੀ ਅਤੇ ਸਕੂਲ ਵਿਚ ਸਮੇਂ-ਸਮੇਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ, ਖੇਡਾਂ, ਸਾਇੰਸ ਪ੍ਰਦਰਸ਼ਨੀਆਂ ਮਿਡ-ਡੇ ਮੀਲ ਸਮੇਂ-ਸਮੇਂ 'ਤੇ ਵਿਭਾਗ ਵਲੋਂ ਦਿੱਤੇ ਜਾਣ ਵਾਲੇ ਵਿਸ਼ੇਸ਼ ਕੰਮ ਕਰਨੇ, ਗ੍ਰਾਂਟਾਂ ਖ਼ਰਚ ਕਰਨੀਆਂ, ਪ੍ਰਸ਼ਾਸਨ ਵਲੋਂ ਲਾਈਆਂ ਜਾਣ ਵਾਲੀਆਂ ਡਿਊਟੀਆਂ ਨਿਭਾਉਣੀਆਂ, ਸਕੂਲ ਪ੍ਰਬੰਧਕ ਕਮੇਟੀਆਂ ਨਾਲ ਤਾਲਮੇਲ ਕਾਇਮ ਕਰਨਾ, ਅਧਿਆਪਕਾਂ ਦੀਆਂ ਤਨਖ਼ਾਹਾਂ ਅਤੇ ਹੋਰ ਪੈਸੇ ਕਢਵਾਉਣੇ, ਉਨ੍ਹਾਂ ਦੀਆਂ ਗੁਪਤ ਰਿਪੋਰਟਾਂ ਲਿਖਣੀਆਂ ਅਤੇ ਹੋਰ ਸਰਗਰਮੀਆਂ ਦੇ ਸੰਚਾਲਨ ਦਾ ਕੰਮ ਸਕੂਲ ਮੁਖੀ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ। ਹੁਣ ਸਵਾਲ ਇਹ ਹੈ ਕਿ, ਕੀ ਇਹ ਸਾਰੇ ਕੰਮ ਇਕ ਕਾਰਜਕਾਰੀ ਮੁਖੀ ਅਤੇ ਦੂਜੇ ਦੋ-ਤਿੰਨ ਸਕੂਲਾਂ ਦਾ ਪ੍ਰਬੰਧ ਚਲਾਉਣ ਵਾਲਾ ਸਕੂਲ ਮੁਖੀ ਕਰ ਸਕਦਾ ਹੈ? ਇੱਥੇ ਵਿਸ਼ੇਸ਼ ਤੌਰ 'ਤੇ ਚਰਚਾ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਆਪਣੇ ਸਕੂਲ ਦਾ ਪ੍ਰਬੰਧ ਚਲਾਉਣ ਦੇ ਨਾਲ-ਨਾਲ ਕੋਈ ਸਕੂਲ ਮੁਖੀ ਦੂਜੇ ਸਕੂਲਾਂ ਦਾ ਪ੍ਰਬੰਧ ਚਲਾਉਂਦਾ ਹੈ ਤਾਂ ਇਕ ਤਾਂ ਉਸ 'ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਵਧਦਾ ਹੈ, ਦੂਜਾ ਜਾਣੇ-ਅਣਜਾਣੇ ਵਿਚ ਕੋਈ ਗਲਤ ਕੰਮ ਹੋਣ ਨਾਲ ਉਸ 'ਤੇ ਆਰਥਿਕ ਜ਼ਿੰਮੇਵਾਰੀ ਵਧ ਸਕਦੀ ਹੈ। ਉਸ ਨੂੰ ਆਡਿਟ ਇਤਰਾਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸ ਦੀ ਪੈਨਸ਼ਨ ਰੁਕ ਸਕਦੀ ਹੈ।
ਇਸ ਲਈ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਸਕੂਲਾਂ ਦੇ ਅਕਾਦਮਿਕ ਮਾਹੌਲ ਨੂੰ ਵਧੀਆ ਬਣਾਉਣ ਲਈ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਸਕੂਲ ਹੈੱਡ ਮਾਸਟਰਾਂ ਤੇ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਜਲਦ ਕੀਤੀਆਂ ਜਾਣ ਅਤੇ ਉਨ੍ਹਾਂ ਦੀਆਂ ਖਾਲੀ ਹੋਣ ਵਾਲੀਆਂ ਮਾਸਟਰਾਂ ਤੇ ਲੈਕਚਰਾਰਾਂ ਦੀਆਂ ਅਸਾਮੀਆਂ ਵੀ ਨਾਲੋ-ਨਾਲ ਭਰੀਆਂ ਜਾਣ।
-ਮੋਬਾਈਲ : 98726 27136