12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਹਰਿਆਣਾ 'ਚ ਬਣੀ 1857 ਦੀ ਕ੍ਰਾਂਤੀ ਦੀ ਗੌਰਵਮਈ ਯਾਦਗਾਰ

ਹਰਿਆਣਾ 'ਚ ਬਣੀ 1857 ਦੀ ਕ੍ਰਾਂਤੀ ਦੀ ਗੌਰਵਮਈ ਯਾਦਗਾਰ

ਅਜੀਤ ਡੈਸਕ 12-11-2026

ਹਰਿਆਣਾ ਦੇ ਅੰਬਾਲਾ ਛਾਉਣੀ 'ਚ 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਦੀ ਸ਼ਹੀਦੀ ਯਾਦਗਾਰ ਬਣਾਈ ਗਈ ਹੈ | ਇਸ ਸ਼ਹੀਦੀ ਯਾਦਗਾਰ ਨੂੰ  ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 5 ਨਵੰਬਰ 2026 ਨੂੰ  ਲੋਕਾਂ ਨੂੰ  ਸਮਰਪਿਤ ਕੀਤਾ ਹੈ | ਸੂਬਾ ਸਰਕਾਰ ਦਾ ਕਹਿਣਾ ਹੈ ਕਿ 22 ਏਕੜਾਂ 'ਚ ਫੈਲੀ ਇਹ ਸ਼ਹੀਦੀ ਯਾਦਗਾਰ ਏਸ਼ੀਆ ਦੀ ਸਭ ਤੋਂ ਵੱਡੀ ਸ਼ਹੀਦੀ ਯਾਦਗਾਰ ਹੈ ਤੇ 1857 ਦੀ ਕ੍ਰਾਂਤੀ ਨੂੰ  ਸਮਰਪਿਤ ਦੇਸ਼ ਦੀ ਪਹਿਲੀ ਯਾਦਗਾਰ ਹੈ | ਇਸ ਸ਼ਹੀਦੀ ਯਾਦਗਾਰ ਅੰਦਰ ਅੰਬਾਲਾ ਛਾਉਣੀ ਤੋਂ ਸ਼ੁਰੂ ਹੋ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਲੜੀ ਗਈ ਆਜ਼ਾਦੀ ਦੀ ਲੜਾਈ ਦੇ ਪ੍ਰਮੁੱਖ ਘਟਨਾਕ੍ਰਮਾਂ ਨੂੰ  ਪ੍ਰਦਰਸ਼ਿਤ ਕੀਤਾ ਗਿਆ ਹੈ | ਇਸ ਸ਼ਹੀਦੀ ਯਾਦਗਾਰ'ਚ ਕੁੱਲ 22 ਗੈਲਰੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚ 1857 ਦੀ ਕ੍ਰਾਂਤੀ, ਕ੍ਰਾਂਤੀਕਾਰੀਆਂ ਦੇ ਸੰਘਰਸ਼ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਜੁੜੇ ਪਹਿਲੂਆਂ ਨੂੰ  ਪ੍ਰਦਰਸ਼ਿਤ ਕੀਤਾ ਗਿਆ ਹੈ | ਇਸ ਸ਼ਹੀਦੀ ਯਾਦਗਾਰ ਨੂੰ  ਬਣਵਾਉਣ 'ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ, ਸੂਬੇ ਦੇ ਮੌਜੂਦਾ ਊਰਜਾ ਤੇ ਟਰਾਂਸਪੋਰਟ ਮੰਤਰੀ ਤੇ ਅੰਬਾਲਾ ਛਾਉਣੀ ਤੋਂ ਵਿਧਾਇਕ ਅਨਿਲ ਵਿਜ ਦੀ ਮੁੱਖ ਭੂਮਿਕਾ ਰਹੀ ਹੈ | ਅਨਿਲ ਵਿਜ ਨੇ ਹੀ ਸਭ ਤੋਂ ਪਹਿਲਾਂ ਇਹ ਸ਼ਹੀਦੀ ਯਾਦਗਾਰ ਬਣਾਉਣ ਦੀ ਮੰਗ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਸਮੇਂ ਵਿਧਾਨ ਸਭਾ 'ਚ ਉਠਾਈ ਸੀ, ਸੂਬੇ 'ਚ ਮਨੋਹਰ ਲਾਲ ਖੱਟਰ ਦੀ ਅਗਵਾਈ 'ਚ ਭਾਜਪਾ ਸਰਕਾਰ ਬਣਨ 'ਤੇ ਅਨਿਲ ਵਿਜ ਨੇ ਆਪਣੀ ਮੰਗ ਨੂੰ  ਪੂਰਾ ਕਰਵਾਉਣ ਲਈ ਤਤਕਾਲੀ ਮੁੱਖ ਮੰਤਰੀ ਖੱਟਰ ਤੋਂ ਇਸ ਯਾਦਗਾਰ ਦਾ ਨੀਂਹ-ਪੱਥਰ ਰਖਵਾਇਆ ਸੀ, ਹਾਲਾਂਕਿ ਇਹ ਸ਼ਹੀਦੀ ਯਾਦਗਾਰ ਮੌਜੂਦਾ ਮੁੱਖ ਮੰਤਰੀ ਸੈਣੀ ਦੇ ਕਾਰਜਕਾਲ 'ਚ ਮੁਕੰਮਲ ਹੋਈ ਹੈ | ਅਮਿਤ ਸ਼ਾਹ ਨੇ ਇਹ ਸ਼ਹੀਦੀ ਯਾਦਗਾਰ ਬਣਵਾਉਣ ਦਾ ਸਿਹਰਾ ਮੁੱਖ ਮੰਤਰੀ ਸੈਣੀ, ਕੇਂਦਰੀ ਮੰਤਰੀ ਖੱਟਰ ਤੇ ਅਨਿਲ ਵਿਜ ਨੂੰ  ਹੀ ਦਿੱਤਾ ਹੈ |  

135 ਭਾਰਤੀ ਸੈਨਿਕ ਹੋਏ ਸਨ ਸ਼ਹੀਦ 
ਅੰਬਾਲਾ ਛਾਉਣੀ 'ਚ 1857 ਦੌਰਾਨ 5ਵੀਂ ਤੇ 60ਵੀਂ ਨੇਟਿਵ ਇਨਫੈਟਰੀ ਦੇ ਸੈਨਿਕਾਂ ਨਾਲ ਹੋਈ ਮੁੱਠਭੇੜ 'ਚ ਪਰੇਡ ਗਰਾਊਾਡ 'ਤੇ ਮਹਿਜ਼ 10 ਮਿੰਟਾਂ ਅੰਦਰ 135 ਭਾਰਤੀ ਸੈਨਿਕਾਂ ਨੂੰ  ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ | ਆਜ਼ਾਦੀ ਦੀ ਪਹਿਲੀ ਲੜਾਈ ਸ਼ਹੀਦੀ ਯਾਦਗਾਰ-1857 ਦੇ ਨਿਰਮਾਣ ਨਾਲ ਜੁੜੀ ਖੋਜ ਦੇ ਦੌਰਾਨ ਅਨੇਕਾਂ ਅਜਿਹੇ ਸਰਕਾਰੀ ਦਸਤਾਵੇਜ਼ ਸਾਹਮਣੇ ਆਏ ਹਨ, ਜਿਨ੍ਹਾਂ 'ਚ ਭਾਰਤੀ ਸੈਨਿਕਾਂ ਤੇ ਕ੍ਰਾਂਤੀਕਾਰੀਆਂ ਦੀ ਬੇਮਿਸਾਲ ਕੁਰਬਾਨੀ ਤੇ ਸੰਘਰਸ਼ ਦੀਆਂ ਕਹਾਣੀਆਂ ਦਰਜ ਹਨ, ਜੋ ਹੁਣ ਤੱਕ ਇਤਿਹਾਸ ਦੇ ਪੰਨਿਆਂ 'ਚ ਢੁਕਵਾਂ ਸਥਾਨ ਨਹੀਂ ਪਾ ਸਕੀਆਂ ਸਨ | ਦੱਸਣਯੋਗ ਹੈ ਕਿ ਅੰਬਾਲਾ ਛਾਉਣੀ 'ਚ ਸ਼ਹੀਦੀ ਯਾਦਗਾਰ ਬਣਾਉਣ ਦਾ ਪ੍ਰਮੁੱਖ ਆਧਾਰ ਅੰਤਰਰਾਸ਼ਟਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਇਤਿਹਾਸਕਾਰ ਡਾ. ਕੇ.ਸੀ. ਯਾਦਵ ਦੇ ਆਪਣੇ ਸੋਧ (ਖੋਜ) ਕਾਰਜ ਦੌਰਾਨ ਪੇਸ਼ ਕੀਤੇ ਗਏ ਤੱਥ ਹਨ | ਡਾ. ਯਾਦਵ ਦੀ ਸੋਧ ਅਨੁਸਾਰ 1857 ਦੀ ਕ੍ਰਾਂਤੀ, ਜਿਸ ਨੂੰ  ਅੰਗਰੇਜ਼ਾਂ ਨੇ 'ਸੈਨਿਕ ਵਿਦਰੋਹ' ਕਿਹਾ ਸੀ, ਮੇਰਠ ਤੋਂ ਕਰੀਬ 9 ਘੰਟੇ ਪਹਿਲਾਂ ਅੰਬਾਲਾ ਛਾਉਣੀ ਤੋਂ ਸ਼ੁਰੂ ਹੋਈ ਸੀ | ਉਨ੍ਹਾਂ ਅਨੁਸਾਰ 10 ਮਈ 1857 ਨੂੰ  ਅੰਬਾਲਾ ਛਾਉਣੀ ਦੀ 5ਵੀਂ ਤੇ 60ਵੀਂ ਨੇਟਿਵ ਇਨਫੈਟਰੀ ਦੇ ਸੈਨਿਕ ਸਵੇਰੇ ਆਪਣੇ ਹਥਿਆਰ ਲੈ ਕੇ ਬਾਹਰ ਆ ਗਏ ਸਨ | ਇਹ ਤੱਥ ਇਸ ਗੱਲ ਵੱਲ ਸੰਕੇਤ ਕਰਦੇ ਹਨ ਕਿ 1857 ਦੇ ਵਿਦਰੋਹ ਦੇ ਇਤਿਹਾਸ 'ਚ ਅੰਬਾਲਾ ਛਾਉਣੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ | ਰਾਸ਼ਟਰੀ ਪੁਰਾਲੇਖ ਤੋਂ ਮਿਲੇ ਇਤਿਹਾਸਕ ਦਸਤਾਵੇਜ਼ਾਂ ਅਨੁਸਾਰ 5ਵੀਂ ਤੇ 60ਵੀਂ ਨੇਟਿਵ ਇਨਫੈਟਰੀ ਦੇ ਸੈਨਿਕਾਂ ਨੂੰ  ਪਰੇਡ ਗਰਾਊਾਡ 'ਚ ਬੁਲਾਇਆ ਗਿਆ ਸੀ ਤੇ ਇਸੇ ਦੌਰਾਨ ਕਥਿਤ ਤੌਰ 'ਤੇ ਕਿਸੇ ਸੈਨਿਕ ਨੇ 'ਫਲਾਈ' ਮਤਲਬ ਭੱਜਣ ਦਾ ਨਾਅਰਾ ਲਗਾਇਆ, ਜਿਸ ਤੋਂ ਬਾਅਦ ਅੰਗਰੇਜ਼ ਸੈਨਿਕਾਂ ਵਲੋਂ ਕੀਤੀ ਗੋਲੀਬਾਰੀ 'ਚ 135 ਸੈਨਿਕ ਮਾਰੇ ਗਏ, 33 ਬੰਦੀ ਬਣਾਏ ਗਏ ਤੇ 40 ਸੈਨਿਕ ਭੱਜਣ 'ਚ ਸਫਲ ਹੋ ਗਏ ਸਨ |
ਭੰਗ ਹੋਈਆਂ ਕਈ ਰੈਜੀਮੈਂਟਾਂ 
1857 ਦੀ ਕ੍ਰਾਂਤੀ ਨੂੰ  ਆਜ਼ਾਦੀ ਦੀ ਪਹਿਲੀ ਲੜਾਈ ਕਹਿਣ ਦਾ ਇਕ ਮਹਤੱਵਪੂਰਨ ਆਧਾਰ ਇਹ ਵੀ ਹੈ, ਕਿ ਇਸ ਤੋਂ ਬਾਅਦ ਅੰਗਰੇਜ਼ਾਂ ਨੇ ਆਪਣੀ ਬੰਗਾਲ ਆਰਮੀ ਦੀਆਂ ਜ਼ਿਆਦਾਤਰ ਭਾਰਤੀ ਰੈਜੀਮੈਂਟਾਂ ਭੰਗ ਕਰ ਦਿੱਤੀਆਂ ਸਨ | ਅੰਗਰੇਜ਼ੀ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ 1857 ਦੇ ਵਿਦਰੋਹ ਦੇ ਬਾਅਦ ਬੰਗਾਲ ਆਰਮੀ ਦੀਆਂ 74 ਨੇਟਿਵ ਇਨਫੈਟਰੀ ਰੈਜੀਮੈਂਟਾਂ 'ਚੋਂ 54 ਭੰਗ ਕਰ ਦਿੱਤੀਆਂ ਤੇ 15 ਰੈਜੀਮੈਂਟਾਂ ਨੂੰ  ਹਥਿਆਰ ਰਹਿਤ ਕਰ ਦਿੱਤਾ ਗਿਆ ਗਈਆਂ ਤੇ ਇਨ੍ਹਾਂ 'ਚੋਂ ਸਿਰਫ਼ 3 ਨੂੰ  ਹੀ ਵਫ਼ਾਦਾਰ ਮੰਨਿਆ ਗਿਆ | ਜਦਕਿ 10 ਲਾਈਟ ਕੈਵੇਲਰੀ ਰੈਜੀਮੈਂਟ ਨੂੰ  ਭੰਗ ਕਰ ਦਿੱਤਾ ਗਿਆ, ਕਿਉਂਕਿ ਇਨ੍ਹਾਂ ਨੇ ਅੰਗਰੇਜ਼ਾਂ ਖ਼ਿਲਾਫ਼ ਹਥਿਆਰ ਉਠਾ ਲਏ ਸਨ | ਅੰਬਾਲਾ ਛਾਉਣੀ 'ਚ 5ਵੀਂ ਤੇ 60ਵੀਂ ਨੇਟਿਵ ਇਨਫੈਟਰੀ ਤੇ ਚੌਥੀ ਕੈਵੇਲਰੀ ਨੂੰ  ਵੀ ਬਾਅਦ 'ਚ ਭੰਗ ਕਰ ਦਿੱਤਾ ਗਿਆ ਸੀ | ਸਰਕਾਰੀ ਦਸਤਾਵੇਜ਼ਾਂ 'ਚ ਇਨ੍ਹਾਂ ਰੈਜੀਮੈਂਟ ਦੇ ਅੱਗੇ ਵਿਦਰੋਹੀ (ਮਿਊਟਨਸ) ਲਿਖੇ ਹੋਣ ਦਾ ਜ਼ਿਕਰ ਮਿਲਦਾ ਹੈ | 1857 ਦੀ ਕ੍ਰਾਂਤੀ 'ਚ ਅੰਗਰੇਜ਼ਾਂ ਖ਼ਿਲਾਫ਼ ਹਥਿਆਰ ਉਠਾਉਣ ਵਾਲੇ ਅਨੇਕਾਂ ਸੈਨਿਕਾਂ ਨੂੰ  ਫਾਂਸੀ ਦੇਣ ਤੇ ਕਈ ਕ੍ਰਾਂਤੀਕਾਰੀਆਂ ਨੂੰ  ਦਰੱਖ਼ਤਾਂ ਨਾਲ ਬੰਨ੍ਹ ਕੇ ਗੋਲੀਆਂ ਮਾਰਨ ਦੇ ਹਵਾਲੇ ਅੰਬਾਲਾ 'ਚ ਕਾਲੀ ਪਲਟਨ ਦੇ ਨੇੜੇ ਇਕ ਸਥਾਨ ਤੋਂ ਮਿਲਦੇ ਹਨ | ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ  ਲੰਬੇ ਸਮੇਂ ਤੱਕ ਉਹ ਸਨਮਾਨ ਨਹੀਂ ਮਿਲਿਆ, ਜਿਸ ਦੇ ਉਹ ਹੱਕਦਾਰ ਸਨ | ਅਜਿਹੇ ਗੁੰਮਨਾਮ ਨਾਇਕਾਂ ਨੂੰ  ਸਮਰਪਿਤ ਇਸ ਯਾਦਗਾਰ 'ਚ ਇਕ ਵਿਸ਼ੇਸ਼ ਗੈਲਰੀ ਬਣਾਈ ਗਈ ਹੈ | ਇਨ੍ਹਾਂ ਗੈਲਰੀਆਂ ਰਾਹੀਂ ਅੰਬਾਲਾ ਛਾਉਣੀ ਥਾਨੇਸਰ, ਰੋਹਤਕ, ਰੇਵਾੜੀ, ਮੇਰਠ, ਦਿੱਲੀ, ਝਾਂਸੀ ਤੇ ਦੇਸ਼ ਭਰ 'ਚ ਹੋਏ ਸ਼ਹੀਦਾਂ ਤੇ ਵੱਖ-ਵੱਖ ਕ੍ਰਾਂਤੀਆਂ ਨੂੰ  ਦਰਸਾਇਆ ਗਿਆ ਹੈ | ਹਰਿਆਣਾ ਦੇ ਰਾਉ ਤੁਲਾਰਾਮ, ਝਾਂਸੀ ਦੀ ਰਾਣੀ ਤੇ ਤਾਂਤੀਆ ਤੋਪੇ ਵਲੋਂ ਆਜ਼ਾਦੀ ਲਈ ਕੀਤੇ  ਸੰਘਰਸ਼ ਨੂੰ  ਸਾਹਮਣੇ ਰੱਖਦਿਆਂ ਅੰਬਾਲਾ ਛਾਉਣੀ ਵਿਖੇ ਇਹ ਰਾਸ਼ਟਰੀ ਪੱਧਰ ਦੀ ਯਾਦਗਾਰ ਬਣਾਈ ਗਈ ਹੈ |  
ਇਤਿਹਾਸਕਾਰਾਂ ਦੀ ਕਮੇਟੀ  
ਇਸ ਯਾਦਗਾਰ ਨੂੰ  ਬਣਾਉਣ ਤੋਂ ਪਹਿਲਾਂ ਦੇਸ਼ ਦੇ ਪ੍ਰਮੁੱਖ ਇਤਿਹਾਸਕਾਰਾਂ ਦੀ ਇਕ ਕਮੇਟੀ ਗਠਿਤ ਕਰ ਕੇ ਉਨ੍ਹਾਂ ਦੇ ਸਹਿਯੋਗ ਨਾਲ ਵਿਆਪਕ ਸੋਧ ਕੀਤੀ ਗਈ ਹੈ | ਇਸ ਪ੍ਰਕਿਰਿਆ ਦੌਰਾਨ ਕਰੀਬ 700 ਸ਼ਹੀਦਾਂ ਦੇ ਨਾਂਅ ਇਕੱਤਰ ਕਰਕੇ ਉਨ੍ਹਾਂ ਨੂੰ  ਇਸ ਯਾਦਗਾਰ 'ਚ ਸੁਨਹਿਰੇ ਅੱਖਰਾਂ 'ਚ ਅੰਕਿਤ ਕੀਤਾ ਗਿਆ ਹੈ, ਜਿਸ 'ਚ ਕ੍ਰਾਂਤੀਕਾਰੀ, ਉਸ ਦੇ ਪਿਤਾ ਤੇ ਪਿੰਡ ਦਾ ਨਾਂਅ ਵੀ ਦਰਜ ਕੀਤਾ ਗਿਆ ਹੈ | ਇਸ ਯਾਦਗਾਰ 'ਚ ਗੁੰਮਨਾਮ ਕ੍ਰਾਂਤੀਕਾਰੀਆਂ ਨੂੰ  ਸ਼ਰਧਾਂਜਲੀ ਦੇਣ ਦੇ ਲਈ ਬਣਾਈ ਗਈ ਵਿਸ਼ੇਸ਼ ਗੈਲਰੀ 'ਚ ਇਕੋ ਸਮੇਂ 40 ਲੋਕ ਖੜ੍ਹੇ ਹੋ ਕੇ ਸ਼ਹੀਦਾਂ ਨੂੰ  ਸ਼ਰਧਾਂਜਲੀ ਦੇ ਸਕਣਗੇ | ਸ਼ਰਧਾਂਜਲੀ ਦੇਣ ਦੀ ਪ੍ਰਕਿਰਿਆ ਨੂੰ  ਇਕ ਵਿਸ਼ੇਸ਼ ਤਕਨੀਕ ਨਾਲ ਜੋੜਿਆ ਗਿਆ ਹੈ, ਜਿਸ ਤਹਿਤ ਸ਼ਰਧਾਂਜਲੀ ਦੇਣ ਮੌਕੇ ਇਕ ਜੋਤ ਜਗ ਕੇ ਆਕਾਸ਼ ਵੱਲ ਉਠਦੀ ਦਿਖਾਈ ਦੇਵੇਗੀ ਅਤੇ ਇਸ ਦੇ ਨਾਲ ਹੀ ਸ਼ਰਧਾਂਜਲੀ ਦੇਣ ਵਾਲੇ ਦਾ ਨਾਂਅ ਵੀ ਰਿਕਾਰਡ 'ਚ ਦਰਜ ਹੋ ਜਾਵੇਗਾ | ਇਸ ਸ਼ਹੀਦੀ ਯਾਦਗਾਰ 'ਚ ਇਕ 63 ਮੀਟਰ ਉੱਚਾ ਕਮਲ  ਦਾ ਫੁੱਲ ਵੀ ਬਣਾਇਆ ਗਿਆ ਹੈ, ਜਿਸ 'ਚ ਦੋ ਹਾਈਸਪੀਡ ਲਿਫਟਾਂ ਲਗਾਈਆਂ ਗਈਆਂ ਹਨ | ਇਸ ਯਾਦਗਾਰ ਦੇ ਵਿਹੜੇ 'ਚ ਇਕ ਹੈਲੀਪੈਡ ਵੀ ਬਣਾਇਆ ਗਿਆ ਹੈ ਤਾਂ ਜੋ ਵਿਦੇਸ਼ਾਂ ਤੋਂ ਆਉਣ ਵਾਲੇ ਖਾਸ ਮਹਿਮਾਨਾਂ ਤੇ ਹੋਰ ਮਹਤੱਵਪੂਰਨ ਲੋਕਾਂ ਨੂੰ  ਇੱਥੇ ਲਿਆ ਕੇ ਸ਼ਹੀਦੀ ਯਾਦਗਾਰ ਦਿਖਾਈ ਜਾ ਸਕੇ |

-ਵਿਸ਼ੇਸ਼ ਪ੍ਰਤੀਨਿਧ 
ਮੋਬਾਈਲ.- 98554-65946
ਈ-ਮੇਲ : ramsinghbrar@gmail.com

ਪਿਛਲੀ ਖ਼ਬਰ ਕਾਮਰੇਡ ਸੋਹਣ ਸਿੰਘ ਜੋਸ਼ ਨੂੰ ਯਾਦ ਕਰਦਿਆਂ...… ਅਗਲੀ ਖ਼ਬਰ ਸ੍ਰੀਮਤੀ ਜੀ ਪ੍ਰਾ0!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।