13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਵੱਡੇ ਘਟਨਾਕ੍ਰਮਾਂ ਦੇ ਸੰਦਰਭ ਵਿਚ-ਰਾਜਨੀਤਕ ਬਚਾਅ ਦੀ ਕੋਸ਼ਿਸ਼ ਹੈ ਸੋਨੀਆ ਗਾਂਧੀ ਦੀ ਕਿਤਾਬ

ਵੱਡੇ ਘਟਨਾਕ੍ਰਮਾਂ ਦੇ ਸੰਦਰਭ ਵਿਚ-ਰਾਜਨੀਤਕ ਬਚਾਅ ਦੀ ਕੋਸ਼ਿਸ਼ ਹੈ ਸੋਨੀਆ ਗਾਂਧੀ ਦੀ ਕਿਤਾਬ

ਅਜੀਤ ਡੈਸਕ 13-11-2026

ਠਹਿਰੀ ਠਹਿਰੀ ਸੀ ਤਬੀਅਤ ਮੇਂ ਰਵਾਨੀ ਆਈ

ਆਜ ਫ਼ਿਰ ਯਾਦ ਮੁਹੱਬਤ ਕੀ ਕਹਾਨੀ ਆਈ |
(ਇਕਬਾਲ ਅਸ਼ਹਰ)

ਸੋਨੀਆ ਗਾਂਧੀ ਦੀ ਕਿਤਾਬ ਨੇ ਰਾਜਨੀਤੀ ਵਿਚ ਤੂਫ਼ਾਨ ਮਚਾ ਦਿੱਤਾ ਹੈ | ਇਸ ਦਾ ਕਾਰਨ ਇਸ ਦੇ ਰਿਲੀਜ਼ ਦਾ ਸਮਾਂ ਵੀ ਹੈ, ਕਿਉਂਕਿ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ ਤੇ ਹਰ ਪਾਰਟੀ ਹਰ ਚੀਜ਼ ਦਾ ਫਾਇਦਾ ਲੈਣ ਦੀ ਕੋਸ਼ਿਸ਼ ਤਾਂ ਕਰਦੀ ਹੀ ਹੈ | ਬੇਸ਼ੱਕ ਮੈਂ ਅਜੇ ਤੱਕ ਇਹ ਕਿਤਾਬ ਨਹੀਂ ਪੜ੍ਹੀ, ਪਰ ਇਸ ਕਿਤਾਬ ਦੇ ਜੋ ਅੰਸ਼ ਮੇਰੇ ਸਾਹਮਣੇ ਆਏ ਹਨ, ਉਨ੍ਹਾਂ ਵਿਚੋਂ ਪੰਜਾਬ, ਖ਼ਾਸ ਕਰਕੇ ਆਪ੍ਰੇਸ਼ਨ ਬਲਿਊ ਸਟਾਰ, ਇੰਦਰਾ ਗਾਂਧੀ ਦਾ ਕਤਲ ਅਤੇ ਉਸ ਤੋਂ ਬਾਅਦ ਹੋਏ ਸਿੱਖ ਕਤਲੇਆਮ ਨਾਲ ਸੰਬੰਧਿਤ ਅੰਸ਼ਾਂ 'ਤੇ ਪੰਜਾਬ ਵਿਚ ਕਾਫ਼ੀ ਜ਼ਿਆਦਾ ਰਾਜਨੀਤੀ ਹੋ ਰਹੀ ਹੈ | ਸੋਨੀਆ ਗਾਂਧੀ ਨੇ ਲਿਖਿਆ ਹੈ ਕਿ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਨੇ ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ) ਵਿਚ ਹੋਏ ਜਾਨੀ ਨੁਕਸਾਨ ਦੀਆਂ ਤਸਵੀਰਾਂ ਤੇ ਵੀਡੀਓ ਦੇਖੀਆਂ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਦਰਦ ਅਤੇ ਅਫਸੋਸ ਦੇ ਹੰਝੂ ਸਨ | ਉਹ ਆਪਣੇ ਘਰ ਵਿਚ ਉਸ ਦਿਨ ਕੁਝ ਗ੍ਰਨੇਡ ਮਿਲਣ ਦੀ ਗੱਲ ਵੀ ਕਰਦੀ ਹੈ | ਸੋਨੀਆ ਗਾਂਧੀ ਦਾ ਦਾਅਵਾ ਹੈ ਕਿ 31 ਅਕਤੂਬਰ, 1984 ਦੀ ਰਾਤ ਨੂੰ  ਹੀ ਰਾਜੀਵ ਗਾਂਧੀ ਨੇ ਜਨਰਲ ਏ.ਐਸ. ਵੈਦਿਆ ਨੂੰ  ਫ਼ੌਜ ਬੁਲਾਉਣ ਲਈ ਕਿਹਾ ਸੀ, ਪਰ ਜਨਰਲ ਵੈਦਿਆ ਨੇ ਦਿੱਲੀ ਵਿਚ ਮੌਜੂਦ ਯੂਨਿਟਾਂ, ਜਿਨ੍ਹਾਂ ਵਿਚ ਸਿੱਖ ਫ਼ੌਜੀ ਕਾਫ਼ੀ ਗਿਣਤੀ ਵਿਚ ਸਨ, ਦੀ ਥਾਂ ਦੂਰੋਂ ਫ਼ੌਜ ਮੰਗਵਾਈ, ਜਿਸ ਕਾਰਨ ਫ਼ੌਜ ਦੀ ਤਾਇਨਾਤੀ ਵਿਚ ਦੇਰੀ ਹੋਈ | ਸੋਨੀਆ 1984 ਦੇ ਦੰਗਿਆਂ (ਕਤਲੇਆਮ) ਨੂੰ  'ਦੁਖਦਾਈ ਤੇ ਸ਼ਰਮਨਾਕ ਕਾਂਡ' ਕਹਿੰਦੀ ਹੈ ਅਤੇ ਮੰਨਦੀ ਹੈ ਕਿ 4 ਕਮਿਸ਼ਨਾਂ, 9 ਕਮੇਟੀਆਂ ਅਤੇ 2 ਵਿਸ਼ੇਸ਼ ਜਾਂਚ ਟੀਮਾਂ ਦੇ ਬਾਵਜੂਦ ਪੀੜਤਾਂ ਨੂੰ  ਇਨਸਾਫ਼ ਮਿਲਣਾ ਔਖਾ ਰਿਹਾ (ਨਹੀਂ ਮਿਲਿਆ) | ਉਹ ਇਹ ਵੀ ਲਿਖਦੀ ਹੈ ਕਿ ਕੁਝ ਕਾਂਗਰਸੀਆਂ 'ਤੇ ਵੀ ਇਸ ਦੇ ਇਲਜ਼ਾਮ ਲੱਗੇ | ਉਹ ਯਾਦ ਕਰਦੀ ਹੈ ਕਿ ਰਾਜੀਵ ਗਾਂਧੀ ਨੇ ਸੰਸਦ ਵਿਚ ਕਿਹਾ ਸੀ ਕਿ 'ਇਹ ਕਤਲੇਆਮ ਦੇਸ਼ ਦੇ ਵਿਵੇਕਸ਼ੀਲ ਲੋਕਾਂ ਦੇ ਜ਼ਮੀਰ 'ਤੇ ਹਮੇਸ਼ਾ ਬੋਝ ਬਣਿਆ ਰਹੇਗਾ |' ਪਰ ਉਹ ਰਾਜੀਵ ਗਾਂਧੀ ਦੇ ਇਨ੍ਹਾਂ ਬੋਲਾਂ ਕਿ 'ਜਦੋਂ ਕੋਈ ਵੱਡਾ ਦਰੱਖਤ ਡਿਗਦਾ ਹੈ ਤਾਂ ਧਰਤੀ ਤਾਂ ਹਿਲਦੀ ਹੀ ਹੈ' ਬਾਰੇ ਇਸ ਕਿਤਾਬ ਵਿਚ ਚੁੱਪ ਹੀ ਰਹੀ ਹੈ |
ਜ਼ਿਕਰਯੋਗ ਹੈ ਕਿ ਜਸਟਿਸ ਰੰਗ ਨਾਥ ਮਿਸ਼ਰਾ ਨੇ 1987 ਵਿਚ ਸਾਫ਼-ਸਾਫ਼ ਲਿਖਿਆ ਸੀ ਕਿ 31 ਅਕਤੂਬਰ ਦੀ ਰਾਤ ਨੂੰ  ਦਿੱਲੀ ਵਿਚ ਕਰੀਬ 5 ਤੋਂ 6 ਹਜ਼ਾਰ ਫ਼ੌਜੀ ਹਾਜ਼ਰ ਸਨ, ਜੇ ਉਨ੍ਹਾਂ ਨੂੰ  ਉਸੇ ਰਾਤ ਦਿੱਲੀ ਦੀਆਂ ਗਲੀਆਂ ਵਿਚ ਉਤਾਰ ਦਿੱਤਾ ਜਾਂਦਾ ਤਾਂ 2000 ਤੋਂ ਵਧੇਰੇ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਸਨ | ਫ਼ੌਜ ਨੂੰ  ਅਧਿਕਾਰਤ ਤੌਰ 'ਤੇ 1 ਨਵੰਬਰ ਨੂੰ  ਬੁਲਾਇਆ ਗਿਆ ਤੇ ਉਹ 2 ਨਵੰਬਰ ਦੀ ਸ਼ਾਮ ਨੂੰ  ਪੁੱਜੀ | ਭਾਵ 2 ਦਿਨ ਕਤਲੋਗਾਰਤ ਕਰਨ ਵਾਲੇ ਗੁੰਡਿਆਂ ਨੂੰ  ਖੁੱਲ੍ਹੀ ਛੁੱਟੀ ਮਿਲੀ ਰਹੀ | ਹੁਣ ਸੋਨੀਆ ਦਾ ਇੰਕਸ਼ਾਫ਼ ਜੇਕਰ ਸੱਚ ਵੀ ਹੈ, ਤਾਂ ਵੀ ਇਸ ਦੇ 2 ਸਪੱਸ਼ਟ ਅਰਥ ਹਨ | ਪਹਿਲਾ ਕਿ ਜੇਕਰ ਜਨਰਲ ਵੈਦਿਆ ਨੇ ਫ਼ੌਜ ਨਹੀਂ ਭੇਜੀ ਤਾਂ ਰਾਜੀਵ ਗਾਂਧੀ ਬਰੀ-ਉਲ-ਜ਼ਿੰਮਾ ਨਹੀਂ ਹੋ ਸਕਦੇ, ਕਿਉਂਕਿ ਉਨ੍ਹਾਂ ਨੇ ਹੁਕਮ ਅਦੂਲੀ ਜਾਂ ਦੇਰ ਨਾਲ ਹੁਕਮ ਲਾਗੂ ਕਰਨ 'ਤੇ ਜਨਰਲ ਵੈਦਿਆ ਖ਼ਿਲਾਫ਼ ਕੋਈ ਐਕਸ਼ਨ ਨਹੀਂ ਲਿਆ | ਦੂਸਰਾ ਇਹ ਕਿ ਸਿੱਖ ਫ਼ੌਜੀਆਂ ਵਾਲੀ ਯੂਨਿਟ ਨੂੰ  ਬੈਰਕਾਂ ਵਿਚ ਬੰਦ ਰੱਖ ਕੇ ਸਿਰਫ਼ ਗ਼ੈਰ-ਸਿੱਖਾਂ ਨੂੰ  ਹੀ ਬੁਲਾਉਣਾ, ਉਹ ਵੀ ਉਸੇ ਵੇਲੇ ਜਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ, ਸਿਰੇ ਦੀ ਫਿਰਕੂ ਜ਼ਹਿਨੀਅਤ ਦਾ ਪ੍ਰਗਟਾਵਾ ਸੀ | ਨਾਨਾਵਤੀ ਕਮਿਸ਼ਨ (2005) ਦੀ ਰਿਪੋਰਟ ਕਾਂਗਰਸੀ ਨੇਤਾਵਾਂ ਦੀ ਭੂਮਿਕਾ ਅਤੇ ਹਿੰਸਾ ਦੇ ਸੰਗਠਿਤ ਤੇ ਯੋਜਨਾਬੱਧ ਹੋਣ ਦਾ ਪ੍ਰਭਾਵ ਦਿੰਦੀ ਹੈ |
ਵਿਰੋਧੀ ਧਿਰਾਂ ਖ਼ਾਸ ਕਰਕੇ ਭਾਜਪਾ ਤੇ ਅਕਾਲੀ ਦਲ ਦੇ ਨੇਤਾ ਇਸ ਕਿਤਾਬ ਨੂੰ  ਗਾਂਧੀ ਪਰਿਵਾਰ ਦੀਆਂ ਗ਼ਲਤੀਆਂ ਨੂੰ  ਲੁਕਾਉਣ ਦੀ ਕੋਸ਼ਿਸ਼ ਦੱਸ ਰਹੇ ਹਨ | ਪੀੜਤਾਂ ਨੂੰ  ਸਰਕਾਰ-ਦਰ-ਸਰਕਾਰ ਜਿਸ ਵਿਚ ਗ਼ੈਰ-ਕਾਂਗਰਸੀ ਸਰਕਾਰਾਂ ਵੀ ਹਨ, ਕੋਲੋਂ 4 ਦਹਾਕੇ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਇਨਸਾਫ਼ ਨਾ ਮਿਲਣਾ ਬਹੁਤ ਸ਼ਰਮਨਾਕ ਤੇ ਪੀੜਾਦਾਇਕ ਹੈ | ਬੇਸ਼ੱਕ ਇਹ ਕਿਤਾਬ ਪਰਿਵਾਰਕ ਯਾਦਾਂ ਦੀ ਕਿਤਾਬ ਹੈ | ਪਰ ਇਸ ਵਿਚ ਨਿੱਜੀ ਦੁੱਖ ਤੇ ਰਾਜਨੀਤਕ ਬਚਾਅ ਦੋਵੇਂ ਹੀ ਦਿਖਾਈ ਦਿੰਦੇ ਹਨ | ਇਸ ਲਈ ਇਸ ਨੂੰ  ਪੂਰੀ ਤਰ੍ਹਾਂ ਇਤਿਹਾਸਕ ਸੱਚ ਨਹੀਂ ਮੰਨਿਆ ਜਾ ਸਕਦਾ ਤੇ ਨਾ ਹੀ ਪੂਰੀ ਤਰ੍ਹਾਂ ਰੱਦ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਇਕ ਪ੍ਰਤੱਖਦਰਸ਼ੀ ਤੇ 'ਫਸਟ ਹੈਾਡ' ਜਾਣਕਾਰੀ ਵਾਲੀ ਇਕ ਵੱਡੀ ਸ਼ਖ਼ਸੀਅਤ ਦਾ ਬਿਆਨ ਹੈ | ਇਸ ਕਿਤਾਬ ਵਿਚ ਇਕ ਪਾਸੇ ਮਾਂ (ਸੱਸ) ਦੀ ਹੱਤਿਆ, ਪਤੀ ਦੀ ਹੱਤਿਆ ਤੇ ਬੱਚਿਆਂ ਦੀ ਜ਼ਿੰਦਗੀ ਦਾ ਫਿਕਰ ਤੇ ਦੂਜੇ ਪਾਸੇ ਉਹ ਹਜ਼ਾਰਾਂ ਪਰਿਵਾਰ ਹਨ, ਜਿਨ੍ਹਾਂ ਦੇ ਘਰਾਂ ਦੇ ਜੀਅ ਮਾਰੇ ਗਏ, ਘਰ ਸਾੜੇ ਗਏ ਤੇ ਹੋਰ ਕਈ ਤਰ੍ਹਾਂ ਦੇ ਜ਼ੁਲਮ ਹੋਏ | ਅਸੀਂ ਸਮਝਦੇ ਹਾਂ ਕਿ ਦੋਵੇਂ ਸੱਚ ਇਕੋ ਸਮੇਂ ਮੌਜੂਦ ਹੋ ਸਕਦੇ ਹਨ |

ਅਪਨੇ ਅਪਨੇ ਸਚ ਕੇ ਕਿੱਸੇ, ਅਪਨੀ ਅਪਨੀ ਨਜ਼ਰ ਕੀ ਬਾਤੇਂ
ਜਿਸ ਨੇ ਜੋ ਦੇਖਾ ਜੋ ਸਮਝਾ ਵੋ ਤੋ ਵੋ ਹੀ ਬੋਲੇਗਾ ਨਾ |
(ਲਾਲ ਫਿਰੋਜ਼ਪੁਰੀ)
ਪੰਜਾਬ ਤੇ ਅਕਾਲੀ-ਭਾਜਪਾ ਰਾਜਨੀਤੀ
ਇਸ਼ਕ ਕੇ ਟੂਟੇ ਹੂਏ ਰਿਸ਼ਤੋਂ ਕਾ ਕਯਾ ਮਾਤਮ ਕਰੇਂ,
ਜ਼ਿੰਦਗੀ ਆ ਤੁਝ ਸੇ ਫਿਰ ਏਕ ਬਾਰ ਸਮਝੌਤਾ ਕਰੇਂ |

ਅਖ਼ਤਰ ਸਈਦ ਖ਼ਾਨ ਦਾ ਇਹ ਸ਼ਿਅਰ ਅਕਾਲੀ- ਭਾਜਪਾ ਸਮਝੌਤੇ ਦੇ ਚਾਹਵਾਨਾਂ ਦੀ ਮਾਨਸਿਕ ਹਾਲਤ ਦੀ ਤਰਜਮਾਨੀ ਕਰਦਾ ਹੈ | ਭਾਵੇਂ ਇਹ ਆਮ ਚਰਚਾ ਹੈ ਕਿ ਭਾਜਪਾ ਤੇ ਅਕਾਲੀ ਦਲ (ਬਾਦਲ) ਵਿਚ ਸਮਝੌਤਾ ਹੋ ਚੁੱਕਾ ਹੈ, ਬਸ ਐਲਾਨ ਹੀ ਬਾਕੀ ਹੈ, ਪਰ ਅਸਲ ਵਿਚ ਇਸ ਸਮਝੌਤੇ ਦੀ ਅਸਲੀਅਤ ਅਜੇ ਧੁਆਂਖੀ ਧੁੰਦ ਦੇ ਪਰਦੇ ਪਿੱਛੇ ਲੁਕੀ ਹੋਈ ਹੀ ਨਜ਼ਰ ਆ ਰਹੀ ਹੈ | ਜਿਸ ਤਰ੍ਹਾਂ ਦੀਆਂ 'ਸਰਗੋਸ਼ੀਆਂ' ਸੁਣਾਈ ਦੇ ਰਹੀਆਂ ਹਨ, ਉਨ੍ਹਾਂ ਅਨੁਸਾਰ ਇਸ ਸਮਝੌਤੇ ਦੇ ਕੋਈ ਬਹੁਤ ਜ਼ਿਆਦਾ ਆਸਾਰ ਨਜ਼ਰ ਨਹੀਂ ਆਉਂਦੇ | ਹਾਲਾਂਕਿ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਸ ਸਮਝੌਤੇ ਵਿਚ ਦਿਲਚਸਪੀ ਵਿਖਾ ਰਹੇ ਹਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੰਜਾਬ ਵਿਚ ਐਨ.ਡੀ.ਏ. ਦੀ ਸਰਕਾਰ ਬਣਾਉਣ ਦੀ ਗੱਲ ਕਰਕੇ ਇਸ ਵੱਲ ਇਸ਼ਾਰਾ ਕਰ ਚੁੱਕੇ ਹਨ, ਪਰ ਅਜਿਹੀਆਂ 'ਸਰਗੋਸ਼ੀਆਂ' ਵੀ ਹਨ ਕਿ ਅਮਿਤ ਸ਼ਾਹ ਦਿਲੋਂ ਇਸ ਸਮਝੌਤੇ ਦੇ ਹੱਕ ਵਿਚ ਨਹੀਂ ਹਨ |  ਦੂਜੇ ਪਾਸੇ ਅਕਾਲੀ ਦਲ ਸਮਝੌਤੇ ਲਈ ਤਿਆਰ ਹੈ ਪਰ ਨਾਲ ਹੀ  ਸਾਰੀਆਂ 117 ਸੀਟਾਂ 'ਤੇੇ ਹਲਕਾ ਇੰਚਾਰਜ ਥਾਪ ਚੁੱਕਾ ਹੈ, ਤਾਂ ਕਿ ਜੇ ਅਚਾਨਕ ਸਮਝੌਤਾ ਨਹੀਂ ਹੁੰਦਾ ਤਾਂ ਉਮੀਦਵਾਰਾਂ ਦੀ ਘਾਟ ਨਾ ਹੋਵੇ | ਬੇਸ਼ੱਕ ਅਜੇ ਸਮਝੌਤੇ ਦੇ ਆਸਾਰ ਖ਼ਤਮ ਨਹੀਂ ਹੋਏ ਪਰ ਸ਼ੰਕੇ ਜ਼ਰੂਰ ਵਧ ਰਹੇ ਹਨ, ਜੇਕਰ 10 ਦਸੰਬਰ ਤੱਕ ਵੀ ਸਮਝੌਤੇ ਦਾ ਐਲਾਨ ਨਾ ਹੋਇਆ ਤਾਂ ਫਿਰ ਸਮਝੌਤਾ ਨਾ ਹੋਣਾ ਹੀ ਤੈਅ ਹੋਵੇਗਾ |
ਦੂਜੇ ਪਾਸੇ ਅਕਾਲੀ ਦਲ ਪੁਨਰ ਸੁਰਜੀਤ ਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਕਿ ਉਹ ਸੁਖਬੀਰ ਸਿੰਘ ਬਾਦਲ ਨਾਲ ਸਮਝੌਤਾ ਕਰਨ ਵਾਲੀ ਕਿਸੇ ਪਾਰਟੀ ਨਾਲ ਵੀ ਨਹੀਂ ਜਾਣਗੇ, ਵੀ ਆਪਣੇ ਵੱਖਰੇ ਅਰਥ ਰੱਖਦਾ ਹੈ | ਗਿਆਨੀ ਜੀ ਦੀ ਅਮਿਤ ਸ਼ਾਹ ਨਾਲ ਨੇੜਤਾ ਕਿਸੇ ਤੋਂ ਛੁਪੀ ਹੋਈ ਨਹੀਂ | ਇਸ ਤਰ੍ਹਾਂ ਜਾਪਦਾ ਹੈ ਜਾਂ ਤਾਂ ਗਿਆਨੀ ਜੀ ਨੂੰ  ਇਹ ਇਸ਼ਾਰਾ ਮਿਲ ਗਿਆ ਹੈ ਕਿ ਭਾਜਪਾ ਅਕਾਲੀ ਦਲ (ਬਾਦਲ) ਨਾਲ ਸਮਝੌਤਾ ਨਹੀਂ ਕਰੇਗੀ ਜਾਂ ਫਿਰ ਉਨ੍ਹਾਂ ਨੂੰ  ਸਾਫ਼ ਕਹਿ ਦਿੱਤਾ ਗਿਆ ਹੈ ਕਿ ਉਹ ਆਪਣਾ ਰਾਹ ਦੇਖ ਲੈਣ, ਕਿਉਂਕਿ ਪੁਨਰ ਸੁਰਜੀਤ ਦਲ ਆਪਣਾ ਵੱਖਰਾ ਫਰੰਟ ਬਣਾਉਣ ਲਈ ਅਕਾਲੀ ਦਲ ਵਰਿਸ ਪੰਜਾਬ ਦੇ, ਅਕਾਲੀ ਦਲ ਮਾਨ, ਬਸਪਾ ਅਤੇ ਹੋਰ  ਕੁਝ ਜਥੇਬੰਦੀਆਂ ਨਾਲ ਗੱਲ ਕਰ ਰਿਹਾ ਹੈ | ਉਂਜ ਇਸ ਸਮੇਂ ਸਿੱਖ ਰਾਜਨੀਤੀ ਦੇ ਪੱਖ ਤੋਂ ਭੰਬਲਭੂਸੇ ਵਾਲੀ ਸਥਿਤੀ ਹੈ, ਕਿਉਂਕਿ ਜੇਕਰ ਉਹ ਮਾਨ ਵਰਗੇ ਸਪੱਸ਼ਟ ਖ਼ਾਲਿਸਤਾਨੀਆਂ ਅਤੇ ਵਾਰਿਸ ਪੰਜਾਬ ਦੇ ਨਾਲ ਸਮਝੌਤਾ ਕਰਦੇ ਹਨ ਤਾਂ ਭਾਜਪਾ ਲਈ ਉਨ੍ਹਾਂ ਨਾਲ ਸਮਝੌਤਾ ਕਰਨਾ ਔਖਾ ਹੋ ਜਾਵੇਗਾ | ਉਂਜ ਭਾਜਪਾ ਲੋੜ ਵੇਲੇ ਪ੍ਰਵਾਹ ਨਹੀਂ ਕਰਦੀ, ਉਸ ਨੇ ਤਾਂ ਜੰਮੂ-ਕਸ਼ਮੀਰ ਵਿਚ ਮਹਿਬੂਬਾ ਮੁਫ਼ਤੀ ਨਾਲ ਵੀ ਸਮਝੌਤਾ ਕਰਨ ਵਿਚ ਦੇਰ ਸੀ ਨਹੀਂ ਲਾਈ | ਅਸੀਂ ਸਮਝਦੇ ਹਾਂ ਕਿ ਭਾਜਪਾ ਇਹ ਸਾਰੀ ਖੇਡ ਇਸ ਲਈ ਲਮਕਾ ਰਹੀ ਹੈ, ਕਿਉਂਕਿ ਉਸ ਦੀ ਪਹਿਲੀ ਪਹਿਲ ਕਾਂਗਰਸ ਨੂੰ  ਸੱਤਾ ਤੋਂ ਬਾਹਰ ਰੱਖਣਾ ਹੈ | ਜੇਕਰ ਭਾਜਪਾ ਦੇ ਸਰਵੇਖਣਾਂ ਵਿਚ ਇਹ ਆਇਆ ਕਿ ਭਾਜਪਾ ਦੇ ਅਕਾਲੀ ਦਲ ਨਾਲ ਸਮਝੌਤਾ ਹੋਣ ਦਾ ਕਾਂਗਰਸ ਨੂੰ  ਫ਼ਾਇਦਾ ਹੋਵੇਗਾ ਤਾਂ ਉਹ ਸਮਝੌਤਾ ਨਹੀਂ ਕਰਨਗੇ ਪਰ ਜੇਕਰ ਇਸ ਸਮਝੌਤੇ ਨਾਲ ਕਾਂਗਰਸ ਨੂੰ  ਨੁਕਸਾਨ ਹੁੰਦਾ ਹੋਇਆ ਤਾਂ ਸਮਝੌਤਾ ਹੋ ਜਾਵੇਗਾ | ਨੋਟ ਕਰਨ ਵਾਲੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੇ ਜ਼ਰੂਰੀ ਰੁਝੇਵੇਂ ਰੱਦ ਕਰਕੇ ਅਚਾਨਕ ਦਿੱਲੀ ਜਾ ਰਹੇ ਹਨ, ਚਰਚਾ ਹੈ ਕਿ ਉਹ ਸਮਝੌਤੇ ਦੀ ਗੱਲਬਾਤ ਸਿਰੇ ਚੜ੍ਹਾਉਣ ਲਈ ਹੀ ਦਿੱਲੀ ਜਾ ਰਹੇ ਹਨ | ਇੱਥੇ ਇਕ ਹੈਰਾਨੀ ਭਰੀ ਖ਼ਬਰ ਇਹ ਵੀ ਹੈ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਮੁੱਖ ਆਗੂਆਂ ਨੂੰ  ਜੇਲ੍ਹ ਵਿਚ ਬੰਦ ਅੰਮਿ੍ਤਪਾਲ ਸਿੰਘ ਦਾ ਇਕ ਸੁਨੇਹਾ ਮਿਲਿਆ ਦੱਸਿਆ ਜਾਂਦਾ ਹੈ ਕਿ ਉਹ ਸਮਝੌਤੇ ਦੀਆਂ ਸ਼ਰਤਾਂ ਲਈ ਸਿਰਫ਼ ਤੇ ਸਿਰਫ਼ 2 ਵਿਅਕਤੀਆਂ ਨਾਲ ਹੀ ਗੱਲ ਕਰਨ | ਇਹ ਦੋਵੇਂ ਹੀ ਭਾਈ ਅੰਮਿ੍ਤਪਾਲ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਵਿਅਕਤੀ ਦੱਸੇ ਜਾਂਦੇ ਹਨ | ਪਰ ਇਸ ਦੇ ਅਰਥ ਕੀ ਹਨ, ਦੱਸਣ ਦੀ ਲੋੜ ਨਹੀਂ ਜਾਪਦੀ |
ਜਬ ਅਕਲ ਨੇ ਕਰ ਡਾਲਾ ਜਜ਼ਬਾਤ ਸੇ ਸਮਝੌਤਾ,
ਹਮ ਕਯੰੂ ਨਾ ਕਰੇਂ ਅਪਨੇ ਹਾਲਾਤ ਸੇ ਸਮਝੌਤਾ |
ਧਾਮੀ ਦੇ ਫਿਰ ਪ੍ਰਧਾਨ ਬਣਨ ਦੇ ਆਸਾਰ

ਇਸ ਵਾਰ 20 ਨਵੰਬਰ, 2026 ਨੂੰ  ਹੋ ਰਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦੁਬਾਰਾ ਪਰ ਬਿਨਾਂ ਮੁਕਾਬਲਾ ਪ੍ਰਧਾਨ ਬਣਨ ਦੇ ਆਸਾਰ ਬਣ ਰਹੇ ਹਨ | ਕਿਉਂਕਿ ਉਨ੍ਹਾਂ ਦੀ ਪ੍ਰਮੁੱਖ ਵਿਰੋਧੀ ਧਿਰ ਅਕਾਲੀ ਦਲ ਪੁਨਰ ਸੁਰਜੀਤ ਦੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਹੋਰ ਅਹੁਦੇਦਾਰ 20 ਨਵੰਬਰ ਨੂੰ  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵਿਚ ਹਿੱਸਾ ਲੈਣ ਦੀ ਥਾਂ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਅਤੇ ਸਿੱਖਾਂ ਤੇ ਪੰਜਾਬ ਦੀਆਂ ਹੋਰ ਮੰਗਾਂ ਲਈ ਸੰਸਦ ਭਵਨ ਅੱਗੇ ਵਿਖਾਵਾ ਕਰਨ ਲਈ ਜਾ ਰਹੇ ਹਨ | ਫਿਰ ਵੀ ਹੋ ਸਕਦਾ ਹੈ ਕਿ ਕੋਈ ਸੰਕੇਤਕ ਵਿਰੋਧ ਕਰਨ ਲਈ ਉਮੀਦਵਾਰ ਬਣ ਜਾਵੇ | ਪਰ ਜ਼ਿਆਦਾ ਆਸਾਰ ਤਾਂ ਬਿਨਾਂ ਮੁਕਾਬਲਾ ਚੋਣ ਦੇ ਹੀ ਦਿਖਾਈ ਦੇ ਰਹੇ ਹਨ ਤੇ ਚੋਣਾਂ ਸਿਰ 'ਤੇ ਹੋਣ ਕਰਕੇ ਅਕਾਲੀ ਦਲ ਵਿਚ ਕੋਈ ਵੀ ਧੜੇਬੰਦੀ ਨਹੀਂ ਚਾਹੇਗਾ |
ਏਕ ਵਾਰਿਸ ਹਮੇਸ਼ਾ ਰਹਿਤਾ ਹੈ,
ਤਖ਼ਤ ਖਾਲੀ ਨਹੀਂ ਰਹਾ ਕਰਤਾ |
(ਮੁਨੀਰ ਨਿਆਜ਼ੀ)

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
5. mail : hslall@ymail.com

ਪਿਛਲੀ ਖ਼ਬਰ ਜੰਮੂ-ਕਸ਼ਮੀਰ ਦੀਆਂ ਚੁਣੌਤੀਆਂ ਅਗਲੀ ਖ਼ਬਰ ਆਜ਼ਾਦੀ ਘੁਲਾਟੀਏ ਜਥੇਦਾਰ ਸੋਹਣ ਸਿੰਘ ਜਲਾਲਉਸਮਾ ਨੂੰ ਯਾਦ ਕਰਦਿਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।