07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਮੋਟਾਪੇ ਦੀ ਚਿੰਤਾ, ਪਰ ਦਿਲ ਹੈ ਕਿ ਮੰਨਦਾ ਹੀ ਨਹੀਂ

ਅਜੀਤ ਡੈਸਕ 19-07-2025

ਜਦੋਂ ਸਰਕਾਰ ਜਨਤਾ ਦੀ ਚਿੰਤਾ ਕਰਨ ਲੱਗੇ ਤਾਂ ਸਮਝਣਾ ਚਾਹੀਦਾ ਹੈ ਕਿ ਜ਼ਰੂਰ ਕੋਈ ਗੰਭੀਰ ਗੱਲ ਹੈ, ਜਦੋਂ ਪ੍ਰਧਾਨ ਮੰਤਰੀ ਵੀ ਕਹਿਣ ਕਿ ਸਾਡੀ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਸਿਹਤ ਲਈ ਵੱਡਾ ਖ਼ਤਰਾ ਹਨ ਅਤੇ ਮੋਟਾਪਾ ਉਨ੍ਹਾਂ 'ਚੋਂ ਇਕ ਹੈ, ਜੋ ਕਈ ਬਿਮਾਰੀਆਂ ਦਾ ਮੂਲ ਕਾਰਨ ਹੈ ਤਾਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਜੇਕਰ ਖਾਣ-ਪੀਣ ਦੀ ਆਦਤ ਵਿਚ ਬਦਲਾਅ ਨਾ ਕੀਤੇ ਗਏ ਤਾਂ ਇਹ ਭਵਿੱਖਬਾਣੀ ਸੱਚ ਹੋ ਸਕਦੀ ਹੈ ਕਿ 2050 ਤੱਕ ਤਿੰਨਾਂ 'ਚੋਂ ਇਕ ਵਿਅਕਤੀ ਅਰਥਾਤ ਇਕ ਤਿਹਾਈ ਆਬਾਦੀ ਮੋਟਾਪੇ ਤੋਂ ਪੀੜਤ ਹੋਵੇਗੀ। ਇਸ ਲਈ ਸਮਾਂ ਰਹਿੰਦਿਆਂ ਕਦਮ ਉਠਾਉਣ ਵਿਚ ਹੀ ਭਲਾਈ ਹੈ।
ਸੁਆਦ ਤੇ ਚਟਕਾਰੇ ਦੀ ਆਦਤ
ਜੇਕਰ ਭੋਜਨ ਵਿਭਿੰਨਤਾ ਦੀ ਗੱਲ ਕਰੀਏ ਤਾਂ ਇਸ ਨੂੰ ਕੰਮ ਚਲਾਊ, ਕਚਰਾ (ਜੰਕ), ਪੌਸ਼ਟਿਕ, ਜੈਵਿਕ, ਆਯੁਰਵੈਦਿਕ, ਕੁਦਰਤੀ, ਕੈਮੀਕਲ ਮੁਕਤ, ਚੀਨੀ ਮੁਕਤ, ਖੂਨ ਸਾਫ਼ ਕਰਨ ਵਾਲਾ ਅਤੇ ਪੱਤੇਦਾਰ (ਘਾਹ-ਫੂਸ) ਜਿਹੇ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਇਹ ਖਾਣ ਵਾਲੇ 'ਤੇ ਨਿਰਭਰ ਹੈ ਕਿ ਉਸ ਨੇ ਕੀ ਖਾਣਾ ਤੇ ਪੀਣਾ ਹੈ। ਸਰਕਾਰ ਦੀ ਜਿਨ੍ਹਾਂ ਖਾਧ ਪਦਾਰਥਾਂ 'ਤੇ ਨਜ਼ਰ ਹੈ, ਉਨ੍ਹਾਂ ਵਿਚ ਸਮੋਸਾ, ਕਚੌਰੀ, ਛੋਲੇ-ਭਟੂਰੇ ਤੇ ਉਹ ਵਿਅੰਜਨ ਹਨ, ਜੋ ਮੋਟਾਪਾ ਵਧਾਉਂਦੇ ਹਨ, ਜਿਸ ਤਰ੍ਹਾਂ ਸਿਗਰਟ ਤੇ ਸ਼ਰਾਬ ਦੀ ਬੋਤਲ 'ਤੇ ਵੱਡੇ-ਵੱਡੇ ਅੱਖਰਾਂ ਵਿਚ ਹਾਨੀਕਾਰਕ ਤੇ ਖ਼ਤਰਨਾਕ ਹੋਣ ਦੀ ਚਿਤਾਵਨੀ ਲਿਖੀ ਹੁੰਦੀ ਹੈ, ਉਵੇਂ ਹੀ ਇਨ੍ਹਾਂ ਪਦਾਰਥਾਂ ਬਾਰੇ ਵੀ ਚਿਤਾਵਨੀ ਲਿਖਣੀ ਚਾਹੀਦੀ ਹੈ। ਹੁਣ ਜੇਕਰ ਕੋਈ ਜਾਣਦਾ ਹੋਇਆ ਵੀ ਇਨ੍ਹਾਂ ਨੂੰ ਘਰ ਲਿਆਉਂਦਾ ਹੈ ਜਾਂ ਹਲਵਾਈ ਦੀ ਦੁਕਾਨ 'ਤੇ ਇਨ੍ਹਾਂ ਨੂੰ ਸੁਆਦ ਨਾਲ ਖਾਂਦਾ ਹੈ ਤਾਂ ਕੋਈ ਕੀ ਕਰ ਸਕਦਾ ਹੈ। ਜੇਕਰ ਅਸੀਂ ਆਪਣੇ ਦੇਸ਼ ਵਿਚ ਵਿਆਹਾਂ, ਜਨਮ ਦਿਨਾਂ ਜਾਂ ਅਜਿਹੀਆਂ ਹੋਰ ਦਾਅਵਤਾਂ ਦੀ ਗੱਲ ਕਰੀਏ ਤਾਂ ਪਰੋਸੇ ਜਾਣ ਵਾਲੇ ਪਦਾਰਥਾਂ ਦੀ ਗਿਣਤੀ ਦੋ-ਚਾਰ ਨਹੀਂ, ਸਗੋਂ ਦਰਜਨਾਂ ਵਿਚ ਹੁੰਦੀ ਹੈ। ਕੋਈ ਵੀ ਮਹਿਮਾਨ ਚਾਹੁੰਦੇ ਹੋਏ ਵੀ ਸਾਰਿਆਂ ਦਾ ਸੁਆਦ ਨਹੀਂ ਮਾਣ ਸਕਦਾ, ਪਰ ਫਿਰ ਵੀ ਇੰਨਾ ਕੁ ਤਾਂ ਖਾ ਹੀ ਲੈਂਦਾ ਹੈ ਕਿ ਖੱਟੇ ਡਕਾਰ ਆਉਣ ਜਾਂ ਬਦਹਜ਼ਮੀ ਤੋਂ ਬਚਿਆ ਸਕੇ ਜਾਂ ਨਾ। ਜੇਕਰ ਕੋਈ ਆਦਮੀ ਅਕਸਰ ਅਜਿਹੀਆਂ ਦਾਅਵਤਾਂ ਵਿਚ ਜਾਂਦਾ ਹੈ ਤਾਂ ਉਸ ਨੂੰ ਮੋਟਾ ਹੋਣ ਤੋਂ ਕੌਣ ਰੋਕ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜ਼ਿਆਦਾ ਤੇਲ, ਘਿਓ ਅਤੇ ਤੇਜ਼ ਮਸਾਲਿਆਂ ਨਾਲ ਬਣਿਆ ਸੁਆਦਲਾ ਭੋਜਨ ਵਾਰ-ਵਾਰ ਖਾਣ ਨਾਲ ਸਰੀਰ 'ਤੇ ਚਰਬੀ ਵਧਣ ਲੱਗਦੀ ਹੈ। ਇਸ ਆਦਤ 'ਤੇ ਕਾਬੂ ਨਾ ਪਾਉਣ ਕਾਰਨ 'ਬਲੱਡ ਪ੍ਰੈਸ਼ਰ, ਸ਼ੂਗਰ ਤੇ ਹਾਰਟ' ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਸ਼ਾਇਦ ਇਸੇ ਲਈ ਮਾਹਰਾਂ ਵਲੋਂ ਚੀਨੀ ਤੇ ਨਮਕ ਘੱਟ ਇਸਤੇਮਾਲ ਕਰਨ ਲਈ ਕਿਹਾ ਜਾਂਦਾ ਹੈ। ਸਰਕਾਰ ਨੇ ਤੇਲਾਂ ਦੀ ਖਪਤ 'ਚ 10 ਫ਼ੀਸਦੀ ਦੀ ਕਮੀ ਕਰਨ ਲਈ ਕਿਹਾ ਹੈ, ਤਾਂ ਜੋ 2025 ਦੇ ਅੰਤ ਤੱਕ ਮੋਟਾਪੇ ਵਾਲੇ ਅੱਧੇ ਲੋਕਾਂ ਨੂੰ ਇਸ ਤੋਂ ਮੁਕਤੀ ਦਿਵਾਈ ਜਾ ਸਕੇ।
ਸਰਕਾਰ ਦੀ ਅਣਗਹਿਲੀ
ਸਰਕਾਰ ਨੇ ਨਿਯਮ ਕਾਨੂੰਨਾਂ ਨਾਲ ਇਕ ਸਰਕਾਰੀ ਸੰਸਥਾਨ ਐੱਫ. ਐੱਸ.ਐੱਸ. ਏ.ਆਈ. ਦਾ ਗਠਨ ਇਕ ਅਥਾਰਟੀ ਦੇ ਤੌਰ 'ਤੇ ਸਿਹਤ ਮੰਤਰਾਲੇ ਦੇ ਅਧੀਨ ਕੀਤਾ ਸੀ, ਜਿਸ ਦੀ ਜ਼ਿੰਮੇਵਾਰੀ ਖੁਰਾਕ ਸੁਰੱਖਿਆ ਲਈ ਮਾਪਦੰਡ ਬਣਾ ਕੇ ਉਨ੍ਹਾਂ ਦੀ ਪਾਲਣਾ ਕਰਵਾਉਣੀ ਹੈ। ਇਸ ਦਾ ਕੰਮ ਹੈ ਖੁਰਾਕ ਸਮੱਗਰੀ ਨੂੰ ਬਣਾਉਣ, ਵੇਚਣ ਤੇ ਆਯਾਤ ਕਰਨ ਸਮੇਂ ਇਨ੍ਹਾਂ ਦੀ ਗੁਣਵੱਤਾ ਦੀ ਜਾਂਚ ਕਰਨਾ, ਤਾਂ ਜੋ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋਵੇ। ਇਸ ਲਈ ਸਵਦੇਸ਼ੀ ਤੇ ਅੰਤਰਰਾਸ਼ਟਰੀ ਕੰਪਨੀਆਂ ਦੁਆਰਾ ਡੱਬਾਬੰਦ (ਪੈਕਿਡ) ਖਾਣ-ਪੀਣ ਵਾਲੇ ਸਾਮਾਨ ਦੇ ਬਾਜ਼ਾਰ ਵਿਚ ਵਿਕਰੀ ਲਈ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਲਾਜ਼ਮੀ ਤੌਰ 'ਤੇ ਤੈਅ ਮਾਪਦੰਡਾਂ 'ਚੋਂ ਲੰਘਾਉਣਾ ਜ਼ਰੂਰੀ ਹੈ। ਦੇਸ਼ 'ਚ ਖਾਣ-ਪੀਣ ਦਾ 30 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੈ, ਅਜਿਹੀ ਕੋਈ ਖਾਧ ਸਮੱਗਰੀ ਨਹੀਂ ਹੈ, ਜੋ ਪੈਕੇਟ ਵਿਚ ਨਾ ਮਿਲਦੀ ਹੋਵੇ। ਇਨ੍ਹਾਂ ਚੀਜ਼ਾਂ ਦੀ ਵਰਤੋਂ ਮਹੀਨਿਆਂ ਤੋਂ ਸਾਲਾਂ ਤੱਕ ਹੁੰਦੀ ਹੈ। ਜੇਕਰ ਤਾਜ਼ਾ ਬਣਿਆ ਭੋਜਨ ਇਕ ਦਿਨ ਬਾਅਦ ਬੇਹਾ ਤੇ ਬੇਸੁਆਦਾ ਹੋ ਜਾਂਦਾ ਹੈ ਤਾਂ ਲੰਬੇ ਸਮੇਂ ਤੱਕ ਖਾਣ ਯੋਗ ਬਣਾਈ ਰੱਖਣ ਲਈ ਪੈਕੇਟ ਬੰਦ ਖਾਧ ਪਦਾਰਥਾਂ 'ਚ ਜ਼ਰੂਰ ਕੁਝ ਰਸਾਇਣ ਮਿਲਾਏ ਜਾਂਦੇ ਹਨ। ਮਿਲਾਵਟ ਰੋਕਣ ਲਈ ਮਿਲਾਵਟਖੋਰਾਂ ਦੀ ਨਿਗਰਾਨੀ ਕਰਨਾ ਵੀ ਇਸ ਅਥਾਰਟੀ ਦੀ ਜ਼ਿੰਮੇਵਾਰੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਸਜ਼ਾ ਤੇ ਜੁਰਮਾਨੇ ਦੀ ਸਿਫ਼ਾਰਸ਼ ਵੀ ਇਹੋ ਅਥਾਰਟੀ ਕਰਦੀ ਹੈ। ਪਰ ਇਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅਕਸਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ।
ਇਕ ਉਦਾਹਰਨ ਤੋਂ ਸਮਝੋ-ਦਿੱਲੀ ਹਾਈ ਕੋਰਟ ਦੇ ਹੁਕਮ ਨਾਲ 2014 ਵਿਚ ਗਠਿਤ ਇਕ ਕਮੇਟੀ ਨੇ ਸਕੂਲਾਂ ਵਿਚ ਜੰਕ ਖਾਧ ਸਮੱਗਰੀ ਨਾ ਪਹੁੰਚ ਸਕੇ, ਇਸ ਦੀ ਵਿਵਸਥਾ ਕਰਨ ਲਈ ਕਿਹਾ ਸੀ। ਅਜਿਹੇ ਪੈਕੇਟਾਂ ਵਿਚਲੇ ਖਾਧ ਪਦਾਰਥ ਕਿਹੜੀਆਂ ਚੀਜ਼ਾਂ ਤੋਂ ਬਣੇ ਹਨ, ਇਸ ਦੇ ਸਿਹਤ ਲਈ ਕੀ ਫਾਇਦੇ ਤੇ ਨੁਕਸਾਨ ਹਨ, ਉਨ੍ਹਾਂ ਬਾਰੇ ਜਾਣਕਾਰੀ ਲਿਖਣ ਲਈ ਕਿਹਾ ਗਿਆ ਸੀ। ਸਮਾਂ ਲੰਘਦਾ ਗਿਆ ਤੇ ਅਨੇਕਾਂ ਹੋਰ ਲੋਕਾਂ ਨੇ ਆਪਣੀ ਰਾਇ ਦਿੱਤੀ ਕਿ ਖਾਣ-ਪੀਣ ਦੀ ਸਮੱਗਰੀ ਬਣਾਉਣ ਵਾਲਿਆਂ ਦਾ ਉਪਭੋਗਤਾਵਾਂ ਦੀ ਸਿਹਤ ਦਾ ਧਿਆਨ ਰੱਖਣਾ ਪਹਿਲਾ ਫਰਜ਼ ਹੈ। ਅਸੀਂ ਜੋ ਖਾ ਰਹੇ ਹਾਂ, ਉਸ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਪਰ ਵੱਡੀਆਂ-ਵੱਡੀਆਂ ਕੰਪਨੀਆਂ ਦੀ ਨੀਤੀ ਹੈ ਕਿ ਉਪਭੋਗਤਾ ਨੂੰ ਪਤਾ ਨਾ ਲੱਗ ਸਕੇ ਕਿ ਅਸੀਂ ਕੀ ਖਾ ਰਹੇ ਹਾਂ। ਇਹ ਸਭ ਕੁਝ ਸਰਕਾਰ ਦੇ ਢਿੱਲੇ ਤੇ ਟਾਲਮਟੋਲ ਵਾਲੇ ਰਵੱਈਏ ਕਾਰਨ ਹੀ ਹੈ।
ਅਪ੍ਰੈਲ 2025 ਵਿਚ ਸੁਪਰੀਮ ਕੋਰਟ ਨੇ ਤਿੰਨ ਮਹੀਨਿਆਂ ਦਾ ਸਮਾਂ ਦਿੰਦਿਆਂ ਖਾਣ-ਪੀਣ ਦੀ ਸਮੱਗਰੀ 'ਤੇ ਸਭ ਕੁਝ ਲਿਖਣ ਦਾ ਪ੍ਰਬੰਧ ਕਰਨ ਲਈ ਕਿਹਾ ਸੀ, ਇਹ ਮਿਆਦ ਖ਼ਤਮ ਹੋਣ 'ਤੇ ਤਿੰਨ ਮਹੀਨਿਆਂ ਲਈ ਹੋਰ ਮੁਹਲਤ ਦਿੱਤੀ ਗਈ। ਹੁਣ ਇਹ ਮਿਆਦ ਖ਼ਤਮ ਹੋਣ 'ਤੇ ਕੀ ਹੋਵੇਗਾ, ਕੁਝ ਨਹੀਂ ਕਿਹਾ ਜਾ ਸਕਦਾ। ਦਰਅਸਲ ਕੰਪਨੀਆਂ ਦੇ ਮਾਲਕ ਭ੍ਰਿਸ਼ਟ ਨੇਤਾਵਾਂ ਨਾਲ ਮਿਲ ਕੇ ਅਜਿਹੀ ਕੋਈ ਵੀ ਵਿਵਸਥਾ ਨਹੀਂ ਬਣਨ ਦੇਣਾ ਚਾਹੁੰਦੇ, ਜਿਸ ਨਾਲ ਉਨ੍ਹਾਂ ਦੀ ਅਸਲੀਅਤ ਸਾਹਮਣੇ ਆ ਸਕੇ। ਖ਼ਤਰਨਾਕ ਕੈਮੀਕਲਾਂ ਜਾਂ ਮਸਾਲਿਆਂ ਨਾਲ ਪਕਾਏ ਗਏ ਫਲ ਕਿੰਨੇ ਹਾਨੀਕਾਰਕ ਹੁੰਦੇ ਹਨ, ਇਹ ਦੱਸਣ ਦੀ ਮੰਗ ਕੋਈ ਗ਼ਲਤ ਨਹੀਂ ਹੈ। ਗੰਦੇ ਨਾਲਿਆਂ ਤੇ ਚਿੱਕੜ ਵਾਲੇ ਪਾਣੀ ਵਿਚ ਸਬਜ਼ੀਆਂ ਨੂੰ ਧੋਣਾ ਤੇ ਉਨ੍ਹਾਂ 'ਤੇ ਜ਼ਹਿਰੀਲੇ ਰੰਗਾਂ ਦੀ ਪਰਤ ਚੜ੍ਹਾਉਣੀ, ਕੀ ਕੋਈ ਮਾਮੂਲੀ ਗੱਲ ਹੈ?
ਆਪਣੀ ਸਿਹਤ ਆਪਣੇ ਹੱਥ
ਭੋਜਨ ਉਹੀ ਜੋ ਮਨ ਨੂੰ ਚੰਗਾ ਲੱਗੇ- ਜਿਸ ਨੂੰ ਖਾਣ ਨਾਲ ਛਾਤੀ 'ਚ ਜਲਣ, ਪੇਟ 'ਚ ਵੱਟ, ਚਬਾਉਣ 'ਚ ਕੋਈ ਮੁਸ਼ਕਿਲ ਨਾ ਹੋਵੇ ਅਤੇ ਉਸ ਦੇ ਜਲਦੀ ਪਚਣ ਨਾਲ ਸੰਤੁਸ਼ਟੀ ਮਿਲੇ। ਹੁਣ ਜੇਕਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਤਾਂ ਜਨਤਾ ਦਾ ਵੀ ਫ਼ਰਜ਼ ਹੈ ਕਿ ਅਜਿਹੀਆਂ ਚੀਜ਼ਾਂ ਦਾ ਬਾਈਕਾਟ ਕੀਤਾ ਜਾਵੇ, ਜਿਨ੍ਹਾਂ ਬਾਰੇ ਅਸਲ ਤੱਥ ਛੁਪਾਏ ਜਾਂਦੇ ਹਨ। ਚੰਗੀ ਸਿਹਤ ਲਈ ਜ਼ਰੂਰੀ ਹੈ ਕਿ ਸੰਤੁਲਿਤ ਭੋਜਨ ਸਮੇਂ ਸਿਰ ਖਾਧਾ ਜਾਵੇ। ਸਾਡਾ ਸਰੀਰ ਆਪੇ ਤੈਅ ਕਰ ਲਵੇਗਾ ਕਿ ਖਾਣੇ ਨਾਲ ਮੋਟਾਪਾ ਵਧੇਗਾ ਕਿ ਨਹੀਂ। ਸਰੀਰ ਦਾ ਵਜ਼ਨ ਵਧਾਉਣ ਜਾਂ ਘਟਾਉਣ ਦਾ ਪੈਮਾਨਾ ਅਸੀਂ ਖ਼ੁਦ ਤੈਅ ਕਰਨਾ ਹੈ। ਭਾਵੇਂ ਜੱਗ ਵਿਚ ਤਰ੍ਹਾਂ-ਤਰ੍ਹਾਂ ਦੇ ਭੋਜਨ ਪਦਾਰਥ ਹਨ, ਪਰ ਜ਼ਰੂਰਤ ਅਨੁਸਾਰ ਖਾਣ ਵਿਚ ਹੀ ਸਮਝਦਾਰੀ ਹੁੰਦੀ ਹੈ।

ਈ-ਮੇਲ : pooranchandsarin@gmail.com

ਪਿਛਲੀ ਖ਼ਬਰ 19-07-2025 ਅਗਲੀ ਖ਼ਬਰ ਭਾਜਪਾ ਮੁੜ ਤੋਂ ਆਪਣੇ ਪੁਰਾਣੇ ਨੇਤਾਵਾਂ ਨੂੰ ਤਰਜੀਹ ਦੇਣ ਲੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।