25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

19-07-2025

ਅਜੀਤ ਡੈਸਕ 19-07-2025

 ਚਾਰ ਪੀੜ੍ਹੀਆਂ ਦਾ ਗੀਤਕਾਰ
ਜੱਟ ਮਾਨ ਮਰਾੜ੍ਹਾਂ ਦਾ
ਸੰਪਾਦਕ : ਭੋਲਾ ਸਿੰਘ ਸ਼ਮੀਰੀਆ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 250 ਰੁਪਏ, ਸਫ਼ੇ : 184
ਸੰਪਰਕ : 95010-12199

ਵਿਚਾਰਾਧੀਨ ਪੁਸਤਕ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੇ ਪ੍ਰਸੰਸਕਾਂ ਵਲੋਂ ਅਤੀ ਜ਼ੋਰ ਪਾਉਣ 'ਤੇ ਸੂਝਵਾਨ ਸੰਪਾਦਕ ਨੇ ਉੱਚ ਕੋਟੀ ਦੀਆਂ ਵੱਖ-ਵੱਖ ਸ਼ਖ਼ਸੀਅਤਾਂ/ਵਿਦਵਾਨਾਂ ਪਾਸੋਂ ਆਰਟੀਕਲ ਮੰਗਵਾ ਕੇ ਬੜੀ ਮਿਹਨਤ ਨਾਲ ਸੰਪਾਦਿਤ ਕੀਤੀ ਹੈ। ਮੈਨੂੰ ਤਾਂ ਇਹ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਲਾ 'ਅਭਿਨੰਦਨ ਗ੍ਰੰਥ' ਹੀ ਜਾਪਦਾ ਹੈ। ਇਸ ਰਚਨਾ ਬਾਰੇ ਲਿਖਦਿਆਂ ਵਿਲੱਖਣ ਸ਼ਖ਼ਸੀਅਤ ਅਤੇ ਗੀਤਕਾਰੀ ਨੂੰ ਦੇਣ ਬਾਰੇ ਬਾਬੂ ਸਿੰਘ ਮਾਨ ਦੇ ਯੋਗਦਾਨ ਦੀ ਚਰਚਾ ਰੀਵਿਊ ਆਕਾਰ ਦੇ ਕਲਾਵੇ 'ਚੋਂ ਨਿਕਲ ਨਿਕਲ ਜਾਂਦੀ ਹੈ। ਇਸ ਕਿਤਾਬ ਵਿਚ 15 ਵਿਦਵਾਨਾਂ ਦੇ ਨਿਬੰਧ ਹਨ। ਇਕ ਮੁਲਾਕਾਤ ਹੈ। 'ਮਾਨ' ਨੂੰ ਨੇੜਿਉਂ ਜਾਣਨ ਵਾਲੇ 10 ਵਿਅਕਤੀਆਂ ਦੇ ਵਿਚਕਾਰ ਸੰਕਲਿਤ ਹਨ। ਇਸ ਤੋਂ ਉਪਰੰਤ ਉਸ ਦੀਆਂ ਪੁਸਤਕਾਂ ਦਾ ਵੇਰਵਾ, ਫ਼ਿਲਮਾਂ ਲਈ ਲਿਖੇ ਗੀਤ, ਫ਼ਿਲਮੀ ਸਕਰਿਪਟਾਂ ਦੀ ਸੂਚੀ, ਗੀਤਾਂ ਨੂੰ ਆਵਾਜ਼ ਦੇਣ ਵਾਲੇ ਕਲਾਕਾਰਾਂ ਆਦਿ ਦੀਆਂ ਸੂਚੀਆਂ ਉਪਲਬਧ ਹਨ। ਗੀਤਕਾਰ ਦੀ ਸਿਰਜਣ-ਪ੍ਰਕਿਰਿਆ ਇਉਂ ਹੈ ਸਵੇਰੇ ਉੱਠਦਿਆਂ ਸਾਰ ਹੀ ਕਿਸੇ ਨਾ ਕਿਸੇ ਗੀਤ ਦੇ ਮੁਖੜੇ ਨੂੰ ਲੈ ਕੇ ਕਈ-ਕਈ ਬੰਦ ਲਿਖ ਲੈਂਦਾ ਹੈ, ਫਿਰ ਜਿਹੜਾ ਜ਼ਿਆਦਾ ਢੁਕਵਾਂ ਹੈ, ਉਸ ਨੂੰ ਫਿੱਟ ਕਰ ਲੈਂਦਾ ਹੈ। 'ਮਾਨ' ਆਪਣੇ ਪਾਤਰਾਂ ਦੀਆਂ ਭਾਵਨਾਵਾਂ ਵਿਚ ਟੁੱਭੀ ਮਾਰਦਾ ਹੈ, ਡੁੱਬਦਾ ਹੈ, ਤਰਦਾ ਹੈ, ਫਿਰ ਲਿਖਦਾ ਹੈ। ਮਾਨ ਦੇ ਸੁਭਾਅ ਬਾਰੇ ਵੀ ਜਾਣਕਾਰੀ ਮਿਲਦੀ ਹੈ। ਉਹ ਮਹਿਮਾਨ ਨਿਵਾਜ਼ ਹੈ। ਸੁਭਾਅ ਹਸਾਉਣਾ ਹੈ। ਟਿੱਚਰਬਾਜ਼ੀ ਕਰਨ ਦਾ ਸ਼ੁਗਲ ਹੈ। ਹਾਜ਼ਰ-ਜੁਆਬੀ ਹੈ। ਉਹ ਰੋਟੀ ਪਾਣੀ ਖਾਣਾ ਭਾਵੇਂ ਭੁੱਲ ਜਾਵੇ ਪਰ ਦਾੜ੍ਹੀ ਨੂੰ ਕਲਫ਼ ਲਗਾਉਣਾ ਨਹੀਂ ਭੁੱਲਦਾ। ਇਨਸਾਫ਼ ਪਸੰਦ ਹੈ। ਪਿੰਡ ਦਾ ਸਰਪੰਚ ਵੀ ਰਿਹਾ। ਪਿੰਡ ਦੇ ਝਗੜੇ ਥਾਣੇ ਨਹੀਂ ਜਾਣ ਦਿੱਤੇ। ਪੰਜਾਬੀ ਸੱਭਿਆਚਾਰ ਰੂਪਮਾਨ ਕਰਦੇ 3500 ਦੇ ਲਗਭਗ ਗੀਤ ਰਿਕਾਰਡ ਹੋ ਚੁੱਕੇ ਹਨ। ਉਸ ਦੇ ਗੀਤ ਫਿਲਮਾਂ ਵਿਚ ਆਸ਼ਾ ਭੌਂਸਲੇ, ਮੁਹੰਮਦ ਰਫ਼ੀ, ਅਨੁਰਾਧਾ, ਕਵਿਤਾ ਕ੍ਰਿਸ਼ਨਾਮੂਰਤੀ, ਪੰਕਜ ਉਦਾਸ ਵਾਡੇਕਰ ਆਦਿ ਨੇ ਵੀ ਗਾਏ ਹਨ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਆਪ ਨੂੰ ਮਿਲ ਕੇ ਗੀਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਸੀ। ਉਹ ਨਵਤੇਜ ਸਿੰਘ ਨੂੰ ਵੀ ਮਿਲੇ ਸਨ। ਵੱਖ-ਵੱਖ 15 ਸ਼ਖ਼ਸੀਅਤਾਂ ਨੇ ਉਨ੍ਹਾਂ ਦੀਆਂ ਗੀਤਾਂ ਦੀਆਂ ਉਦਾਹਰਨਾਂ ਦੇ ਕੇ ਪ੍ਰਮਾਣਿਕ ਵਿਸ਼ਲੇਸ਼ਣ ਕੀਤਾ ਹੈ। ਅਜਿਹੇ ਵਿਦਵਾਨਾਂ ਦੀਆਂ ਚੋਣਵੀਆਂ ਟਿੱਪਣੀਆਂ ਵੀ ਪਾਠਕਾਂ ਲਈ ਲਾਹੇਵੰਦ ਰਹਿਣਗੀਆਂ। ਜਿਵੇਂ ਮਾਨ ਗੀਤਾਂ ਦਾ ਝਰਨਾ ਹੈ (ਭੋਲਾ ਸਿੰਘ ਸ਼ਮੀਰੀਆ), ਮਾਨ ਸਾਹਿਬ ਨੂੰ ਗੱਲ ਬੜੀ ਅਹੁੜਦੀ ਹੈ। ਮਜ਼ਾਕ ਤਾਂ ਉਨ੍ਹਾਂ ਦੀ ਮੁੱਠੀ ਵਿਚ ਪਿਆ ਹੁੰਦੈ (ਮੁਹੰਮਦ ਸਦੀਕ), ਗੀਤਾਂ ਦਾ ਵਣਜਾਰਾ ਹੈ (ਡਾ. ਰਾਜਿੰਦਰਪਾਲ ਸਿੰਘ ਬਰਾੜ), ਜੇ ਮਾਨ ਸਾਹਿਬ ਨਾ ਹੁੰਦੇ ਤਾਂ ਸ਼ਾਇਦ ਸਾਡਾ ਵੀ ਕਿਤੇ ਨਾਂਅ ਨਾ ਹੁੰਦਾ (ਬੀਬੀ ਰਣਜੀਤ ਕੌਰ), ਸੂਰਜ, ਚੰਦਰਮਾ ਵਾਂਗ ਮਾਨ ਵੀ ਇਕ ਹੈ (ਜਸਵੰਤ ਸੰਦੀਲਾ), ਉਹ ਸੱਭਿਆਚਾਰਕ ਗੀਤਾਕਾਰੀ ਦੇ ਤਖ਼ਤ 'ਤੇ ਸਦਾ ਬਿਰਾਜਮਾਨ ਰਹਿਣਗੇ (ਹਰਭਜਨ ਮਾਨ), ਮਾਨ ਦੇ ਗੋਡਿਆਂ 'ਤੇ ਨਤਮਸਤਕ ਹੁੰਦਾ ਹਾਂ (ਦੇਬੀ ਮਖਸੂਸਪੁਰੀ), ਮਾਨ ਨਾਲ ਮੁਲਾਕਾਤ ਵੀ ਕੀਤੀ ਹੈ (ਗੁਰਪ੍ਰੀਤ ਸਿੰਘ ਕੋਟਕਪੂਰਾ), ਗੀਤਾਂ ਦਾ ਕਾਵਿ-ਸ਼ਾਸਤਰੀ ਪ੍ਰਯੋਜਨ ਹੈ (ਡਾ. ਗੁਰਨਾਇਬ ਸਿੰਘ), ਬਾਬੂ ਸਿੰਘ ਮਾਨ ਦੇ ਗੀਤ ਸੁਣਦਿਆਂ ਪੰਜਾਬੀ ਜਨਜੀਵਨ ਦੇ ਦਰਸ਼ਨ ਹੁੰਦੇ ਹਨ (ਡਾ. ਨਿਰਮਲ ਜੌੜਾ), ਜੋ ਜੋ ਵੇਖਿਆ, ਗੀਤ ਬਣਦੇ ਗਏ (ਨਿੰਦਰ ਘੁਗਿਆਣਵੀ), ਰਿਸ਼ਤਿਆਂ ਨਾਤਿਆਂ ਦੇ ਗੀਤ ਬਣਾਏ (ਜਸਪਾਲ ਮਾਨ ਖੇੜਾ), ਤਰਜ਼ ਅਤੇ ਗੀਤ ਇਕੱਠੇ ਅਹੁੜਦੇ ਨੇ (ਮਨਪ੍ਰੀਤ ਟਿਵਾਣਾ), ਪੰਜਾਬ ਸਰਕਾਰ ਵਲੋਂ 'ਪੰਜਾਬ ਰਤਨ' ਵਜੋਂ ਸਨਮਾਨਿਆ ਜਾਵੇ (ਹਰਦਿਆਲ ਗਾਮੀ ਹਰਦਾਸਪੁਰੀ), 'ਮੇਰੇ ਬਾਬਲ ਦਾ ਬੇਲੀ-ਬਾਬੂ ਸਿੰਘ ਮਾਨ' (ਡਾ. ਕਮਲਦੀਪ ਕੌਰ ਪੈਰੀ) ਆਦਿ। ਸੰਖੇਪ ਇਹ ਕਿ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਪੁਸਤਕ ਪੜ੍ਹ ਕੇ ਹੀ ਪਾਠਕ, ਸੰਪਾਦਕ ਦੀ ਮਿਹਨਤ ਦਾ ਮੁੱਲ ਪਾ ਸਕਦੇ ਹਨ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਮਘਦਾ ਸੂਰਜ
ਮੱਘਰ ਸਿੰਘ ਕੁਲਰੀਆਂ
ਲੇਖਕ : ਡਾ. ਜਗਤਾਰ ਸਿੰਘ ਜੋਗਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 228 ਰੁਪਏ, ਸਫ਼ੇ : 200 ਰੁਪਏ
ਸੰਪਰਕ : 98728-80223

ਹਰਿਆਣਾ ਦੀ ਹੱਦ ਨਾਲ ਲਗਦੇ ਇਕ ਪਿੰਡ ਦਾ ਨਾਂਅ ਹੈ ਕੁਲਰੀਆਂ। ਸਮੇਂ-ਸਮੇਂ ਚੱਲੀਆਂ ਲੋਕ-ਲਹਿਰਾਂ ਵਿਚ ਇਸ ਪਿੰਡ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਇਸੇ ਪਿੰਡ ਵਿਚ ਹੀ ਮੱਘਰ ਸਿੰਘ ਦਾ ਜਨਮ ਹੋਇਆ ਸੀ, ਜਿਸ ਨੇ ਲੋਕਾਂ ਨੂੰ ਲਾਮਬੰਦ ਕਰਦਿਆਂ ਇਕ ਲੋਕ-ਲਹਿਰ ਉਸਾਰਨ ਲਈ ਨਿੱਗਰ ਕੰਮ ਕੀਤਾ। ਉਹ ਜੇਲ੍ਹਾਂ ਅੰਦਰ ਮੁਸ਼ਕਿਲਾਂ ਹੰਢਾਉਂਦਾ ਰਿਹਾ ਅਤੇ ਜੇਲ੍ਹ ਦੀਆਂ ਕੰਧਾਂ 'ਤੇ ਵੀ ਕ੍ਰਾਂਤੀ ਦੇ ਗੀਤ ਲਿਖਦਾ ਰਿਹਾ। ਨਕਸਲਬਾੜੀ ਲਹਿਰ ਦੌਰਾਨ ਉਸ ਦੀ ਸ਼ਖ਼ਸੀਅਤ ਉੱਭਰ ਕੇ ਸਾਹਮਣੇ ਆਈ। ਹਥਲੀ ਪੁਸਤਕ ਦੇ ਸੰਪਾਦਕ ਡਾ. ਜਗਤਾਰ ਸਿੰਘ ਜੋਗਾ ਨੇ ਵੱਖ-ਵੱਖ ਵਿਦਵਾਨਾਂ ਦੁਆਰਾ ਮੱਘਰ ਸਿੰਘ ਕੁਲਰੀਆਂ ਦੇ ਸੰਘਰਸ਼ਮਈ ਜੀਵਨ ਦੀਆਂ ਝਲਕਾਂ ਨੂੰ ਕਲਮਬੱਧ ਕੀਤੀਆਂ। ਬੜੀ ਸੁਚੱਜਤਾ ਨਾਲ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਅਧਿਆਇ ਵਿਚ ਮੱਘਰ ਸਿੰਘ ਕੁਲਰੀਆਂ ਦੇ ਦੋਸਤਾਂ ਅਤੇ ਆਗੂਆਂ ਦੇ ਵਿਚਾਰਾਂ ਨੂੰ ਰੂਪਮਾਨ ਕੀਤਾ ਹੈ। ਇਸ ਅਧਿਆਇ ਦੇ ਲੇਖਕਾਂ ਦੇ ਨਾਂਅ ਇਸ ਪ੍ਰਕਾਰ ਹਨ : ਜਗਤਾਰ ਸਿੰਘ ਜੋਗਾ, ਜਗਦੀਸ਼ ਰਾਏ ਕੁਲਰੀਆਂ, ਸਮਰਜੀਤ ਸਿੰਘ ਆਜ਼ਾਦ, ਗੁਰਦਿਆਲ ਸਿੰਘ ਸੀਤਲ, ਮੇਜਰ ਸਿੰਘ ਦਰੀਆਪੁਰ, ਬਾਰੂ ਸਤਵਰਗ, ਕਰਮ ਜੀਤ ਜੋਗਾ, ਜਗਰੂਪ ਸਿੰਘ ਝੁਨੀਰ, ਸੁਖਦੇਵ ਸਿੰਘ ਪਾਂਧੀ ਅਤੇ ਚੰਦ ਸਿੰਘ ਭੂਪਾਲ। ਦੂਜੇ ਅਧਿਆਏ ਵਿਚ ਮੱਘਰ ਸਿੰਘ ਕੁਲਰੀਆਂ ਦੇ ਭੈਣ-ਭਰਾ ਅਤੇ ਜੀਵਨ ਸਾਥਣ ਨਾਲ ਮੁਲਾਕਾਤ ਦਰਸਾਈ ਗਈ ਹੈ। ਤੀਜੇ ਅਧਿਆਏ ਵਿਚ ਮੱਘਰ ਸਿੰਘ ਕੁਲਰੀਆਂ ਨਾਲ ਸੰਘਰਸ਼ ਕਰਦੇ ਆਗੂਆਂ ਦੇ ਵਿਚਾਰ ਵਰਣਨ ਕੀਤੇ ਹਨ। ਇਮਨ੍ਹਾਂ ਲੇਖਕਾਂ ਦੇ ਨਾਂਅ ਹਨ ਸੁਖਦੇਵ ਸਿੰਘ ਭੂਪਾਲ, ਅਜਾਇਬ ਸਿੰਘ ਟਿਵਾਣਾ, ਓਮ ਪ੍ਰਕਾਸ਼ ਗਾਸੋ, ਡਾ. ਲਖਵਿੰਦਰ ਸਿੰਘ, ਸੁਖਦਰਸ਼ਨ ਨੱਤ, ਰਣਜੀਤ ਲਹਿਰਾ, ਹਮੀਰ ਸਿੰਘ, ਨਰਾਇਣ ਦੱਤ, ਸੁਖਮਿੰਦਰ ਸਿੰਘ ਭਾਗੀਵਾਂਦਰ, ਮਨਜੀਤ ਕੌਰ ਮੀਤੀ ਜਖੇਪਲ, ਕਰਨੈਲ ਸਿੰਘ ਜਖੇਪਲ, ਹਰਗਿਆਨ ਸਿੰਘ ਢਿੱਲੋਂ, ਮਨਜੀਤ ਮਾਨ ਮੰਡੀ ਕਲਾਂ, ਬਚਿੰਦ ਸਿੰਘ। ਪੁਸਤਕ ਦੇ ਅਖ਼ੀਰ ਵਿਚ 'ਮੱਘਰ ਸਿੰਘ ਕੁਲਰੀਆਂ ਦੀ ਜ਼ਿੰਦਗਾਨੀ ਤਸਵੀਰਾਂ ਦੀ ਜ਼ੁਬਾਨੀ' ਸਿਰਲੇਖ ਅਧੀਨ ਬੜੀਆਂ ਮਹੱਤਵਪੂਰਨ ਤਸਵੀਰਾਂ ਛਾਪੀਆਂ ਗਈਆਂ ਹਨ। ਇਸ ਪੁਸਤਕ ਨੂੰ ਪੜ੍ਹਨ ਉਪਰੰਤ ਜਿਥੇ ਪਾਠਕਾਂ ਨੂੰ ਇਕ ਸੰਘਰਸ਼ੀਲ ਤੇ ਕ੍ਰਾਂਤੀਕਾਰੀ ਸ਼ਖ਼ਸੀਅਤ ਦੇ ਜੀਵਨ ਤੋਂ ਇਕ ਨਰੋਈ ਅਗਵਾਈ ਤੇ ਪ੍ਰੇਰਨਾ ਮਿਲਦੀ ਹੈ, ਉਥੇ ਦੇਸ਼ ਭਗਤੀ ਦਾ ਜਜ਼ਬਾ ਵੀ ਉਨ੍ਹਾਂ ਨੂੰ ਹਲੂਣਦਾ ਹੈ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

ਰੂਪ ਇਲਾਹੀ
ਸ਼ਾਇਰਾ : ਹਰਜੀਤ ਕੌਰ ਗਿੱਲ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨ, ਸਮਾਣਾ
ਮੁੱਲ : 199 ਰੁਪਏ, ਸਫ਼ੇ : 89
ਸੰਪਰਕ : 98554-36300

ਸਮੇਂ ਦੇ ਨਾਲ-ਨਾਲ ਪੰਜਾਬੀ ਕਾਵਿ-ਸਿਰਜਣਾ ਵਿਚ ਵੀ ਬਦਲਾਅ ਆਇਆ ਹੈ। ਬੀਤੇ ਵਿਚ ਕਵਿਤਾ ਦੇ ਵਿਸ਼ੇ ਸੀਮਤ ਸਨ ਤੇ ਇਨ੍ਹਾਂ ਦੇ ਦਾਇਰੇ ਵੀ ਏਨੇ ਵਸੀਹ ਨਹੀਂ ਸਨ। ਸੰਚਾਰ ਸਾਧਨਾਂ ਨੇ ਦੁਨੀਆ ਛੋਟੀ ਕਰ ਦਿੱਤੀ ਹੈ ਤੇ ਪਲਾਂ ਵਿਚ ਕਿਤੇ ਵੀ ਵਾਪਰੀ ਹੋਈ ਘਟਨਾ ਦੀ ਖ਼ਬਰ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ। ਇਸ ਦਾ ਸਾਹਿਤ ਨੇ ਵੀ ਅਸਰ ਕਬੂਲਿਆ ਹੈ ਪਰ ਇਸ ਦੇ ਸਮਾਨਾਂਤਰ ਬਿਨਾਂ ਖੋਜ-ਖ਼ਬਰ ਨਿੱਜ ਲਈ ਕਵਿਤਾ ਅਜੇ ਵੀ ਲਿਖੀ ਜਾ ਰਹੀ ਹੈ। 'ਰੂਪ ਇਲਾਹੀ' ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਇਸ ਸਮਾਨਅੰਤਰਤਾ ਦੇ ਮੱਧ ਵਿਚ ਰੱਖਿਆ ਜਾ ਸਕਦਾ ਹੈ ਇਸ ਪੁਸਤਕ ਵਿਚ ਬਹੁਤਾ ਕਰਕੇ ਮੁਹੱਬਤ ਤੇ ਨਿੱਜੀ ਵਲਵਲਿਆਂ ਦਾ ਪ੍ਰਗਟਾਓ ਹੈ ਪਰ ਦੂਜੇ ਭਾਗ ਦੀਆਂ ਕੁਝ ਰਚਨਾਵਾਂ ਪੁਰਾਣੇ ਪੰਜਾਬ ਨੂੰ ਸਮਰਪਿਤ ਹਨ, ਜੋ ਇਸ ਸੰਗ੍ਰਹਿ ਦੀਆਂ ਬਿਹਤਰੀਨ ਕਵਿਤਾਵਾਂ ਹਨ। ਇਹ ਕਵਿਤਾਵਾਂ ਛੰਦ-ਬੰਦ ਵੀ ਹਨ ਤੇ ਆਜ਼ਾਦ ਵੀ। ਹਰਜੀਤ ਦੀ ਇਹ ਸੋਚ ਵੀ ਪ੍ਰਭਾਵਿਤ ਕਰਦੀ ਹੈ ਕਿ ਇਨਸਾਨੀਅਤ ਹੀ ਸਭ ਤੋਂ ਉੱਚਾ-ਸੁੱਚਾ ਧਰਮ ਹੈ। ਉਂਝ ਹਰਜੀਤ ਕੌਰ ਗਿੱਲ ਦੀ ਇਹ ਤੀਸਰੀ ਕਾਵਿ-ਪੁਸਤਕ ਹੈ, ਇਸ ਪੜਾਅ ਤਕ ਪਹੁੰਚਦਿਆਂ ਸ਼ਾਇਰਾ ਵਿਚ ਸੰਸਾਰ ਪੱਧਰ 'ਤੇ ਹੋ ਰਹੇ ਚੰਗੇ-ਮਾੜੇ ਪ੍ਰਤੀ ਜਗਿਆਸਾ ਜਾਗ ਪੈਣੀ ਚਾਹੀਦੀ ਸੀ। ਖ਼ੈਰ, ਇਸ ਪੁਸਤਕ ਦੀਆਂ ਰਚਨਾਵਾਂ ਆਪਣੇ ਮੁਹੱਬਤੀ ਪ੍ਰਵਚਨਾਂ ਪ੍ਰਤੀ ਸਹਿਰਦ ਹਨ। ਪਿਆਰ ਅਜਿਹਾ ਜਜ਼ਬਾ ਤੇ ਜ਼ਿੰਦਗੀ ਦਾ ਤੱਤ ਹੈ, ਜਿਸ ਬਿਨਾਂ ਸੰਸਾਰ ਅਧੂਰਾ ਹੈ ਅਤੇ ਇਸ ਬਿਨਾਂ ਜੀਵਿਆ ਹੀ ਨਹੀਂ ਜਾ ਸਕਦਾ। ਇਸ ਤੋਂ ਬਿਨਾਂ ਉਸ ਨੇ ਆਪਣੀ ਸਿਰਜਣਾ ਵਿਚ ਪਿੰਡ ਨੂੰ ਵੀ ਯਾਦ ਰੱਖਿਆ ਹੈ ਤੇ ਖੇਤ ਵੀ ਉਸ ਦੇ ਚੇਤੇ ਵਿਚ ਵਸੇ ਹੋਏ ਹਨ। 'ਰੂਪ ਇਲਾਹੀ' ਦੇ ਦੋ ਪੰਨਿਆਂ 'ਤੇ ਮਾਡਰਨ ਟੱਪੇ ਵੀ ਛਾਪੇ ਹੋਏ ਮਿਲਦੇ ਹਨ। ਹਰਜੀਤ ਦੀ ਇਸ ਕਿਤਾਬ ਵਿਚ ਕੁੱਝ ਰਚਨਾਵਾਂ ਗ਼ਜ਼ਲਨੁਮਾ ਵੀ ਹਨ, ਜਿਨ੍ਹਾਂ 'ਚੋਂ ਕੁਝ ਪ੍ਰਭਾਵਿਤ ਕਰਦੀਆਂ ਹਨ। ਹਰਜੀਤ ਅੰਦਰ ਕਵਿਤਾ ਦਾ ਵੇਗ ਹੈ ਤੇ ਉਸ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅਧਿਐਨ ਤੇ ਅਭਿਆਸ ਨਾਲ ਉਹ ਇਸ ਤੋਂ ਵੀ ਬਿਹਤਰ ਲਿਖਣ ਦੀ ਯੋਗਤਾ ਰੱਖਦੀ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਦਾਤੇ ਦੀਆਂ ਦਾਤਾਂ
ਲੇਖਕ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਗਰੇਸ਼ੀਅਸ ਬੁਕਸ, ਪਟਿਆਲਾ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 094175-62053

ਜਗਜੀਤ ਮੁਕਤਸਰੀ ਚਰਚਿਤ ਗੀਤਕਾਰ ਹੈ। 'ਦਾਤੇ ਦੀਆਂ ਦਾਤਾਂ' ਉਸ ਦਾ 25ਵਾਂ ਗੀਤ-ਸੰਗ੍ਰਹਿ ਹੈ। ਇਸ ਗੀਤ-ਸੰਗ੍ਰਹਿ ਵਿਚ ਉਸ ਨੇ 'ਤੇਰੇ ਬਿਨਾਂ ਨਹੀਓਂ ਜੱਗ 'ਤੇ...' ਤੋਂ ਲੈ ਕੇ 'ਖੈਰ ਜ਼ਿੰਦਗੀ ਦਾ...' ਤੱਕ 72 ਗੀਤ ਸ਼ਾਮਿਲ ਕੀਤੇ ਹਨ। 'ਖ਼ੈਰ ਜ਼ਿੰਦਗੀ ਦਾ...' ਰਚਨਾ ਡਾ. ਸਰਬਜੀਤ ਜੋਤੀ ਦੀ ਹੈ, ਜੋ ਕਿ ਉਨ੍ਹਾਂ ਦੀ ਸਪੁੱਤਰੀ ਹਨ। ਇਹ ਗੀਤ ਧਾਰਮਿਕ ਅਤੇ ਸੱਭਿਆਚਾਰਕ ਬਿਰਤੀ ਵਾਲੇ ਹਨ। ਇਨ੍ਹਾਂ ਗੀਤਾਂ 'ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰੂਹ ਦਾ ਵਾਸਾ ਹੈ। ਸਮਾਜਿਕ ਅਤੇ ਸੱਭਿਆਚਾਰਕ ਮਨੁੱਖੀ ਜੀਵਨ ਦੇ ਅਨੇਕਾਂ ਰੰਗਾਂ ਦੀ ਵੰਨ-ਸੁਵੰਨਤਾ ਇਨ੍ਹਾਂ ਗੀਤਾਂ ਵਿਚ ਦੇਖੀ ਜਾ ਸਕਦੀ ਹੈ। ਗੁਰੂਆਂ, ਪੀਰਾਂ, ਫ਼ਕੀਰਾਂ, ਜੋਧਿਆਂ, ਵਲੀਆਂ, ਪਰ-ਉਪਕਾਰੀ ਜੀਵਾਂ ਦੀ ਧਰਤੀ ਪੰਜਾਬ ਦੇ ਅਨੇਕਾਂ ਕਿਰਦਾਰਾਂ ਦੀ ਬਾਤ ਵੀ ਇਨ੍ਹਾਂ ਗੀਤਾਂ 'ਚ ਛੂਹੀ ਗਈ ਹੈ। ਗੀਤ ਦੀ ਰੂਹ ਸੰਗੀਤ ਹੁੰਦਾ ਹੈ। ਇਹ ਗੀਤ ਸਹਿਜੇ ਹੀ ਗਾਏ ਜਾ ਸਕਦੇ ਹਨ। ਜਗਜੀਤ ਮੁਕਤਸਰੀ ਖ਼ੁਦ ਵੀ ਸੰਗੀਤ ਨਾਲ ਸੰਬੰਧਿਤ ਹੋਣ ਕਰਕੇ ਉਨ੍ਹਾਂ ਨੂੰ ਸੁਰ ਅਤੇ ਤਾਲ ਦੀ ਭਰਪੂਰ ਸੋਝੀ ਹੈ। ਗੀਤਾਂ ਦੀ ਸ਼ਬਦਾਵਲੀ ਬਹੁਤ ਹੀ ਸਹਿਜ ਵਾਲੀ ਸਾਦਗੀ ਭਰਪੂਰ ਹੈ। ਗੁਰੂ ਆਸ਼ੇ ਅਨੁਸਾਰ ਮਨੁੱਖੀ ਜ਼ਿੰਦਗੀ ਨੂੰ ਸਾਦਗੀ, ਨਿਮਰਤਾ, ਸੰਤੋਖ ਅਤੇ ਭਾਣੇ ਵਿਚ ਰਹਿਣ ਦੀ ਬੇਨਤੀ ਇਨ੍ਹਾਂ ਗੀਤਾਂ ਦੀ ਪ੍ਰਮੁੱਖ ਸੁਰ ਹੈ। ਇਸੇ ਕਰਕੇ ਇਹ ਗੀਤ ਮਾਨਵਤਾ ਦੇ ਕਲਿਆਣ ਦੀ ਹਾਮੀ ਭਰਦੇ ਹਨ। ਲੱਚਰ ਅਤੇ ਗ਼ੈਰ-ਮਿਆਰੀ ਸ਼ਬਦਾਂ ਤੋਂ ਪਰਹੇਜ਼ ਵੀ ਇਨ੍ਹਾਂ ਗੀਤਾਂ ਦੀ ਖੂਬੀ ਹੈ ਕਿਉਂਕਿ ਇਹ ਗੀਤ ਸਸਤੀ ਸ਼ੌਹਰਤ ਤੋਂ ਪਰ੍ਹੇ ਰਹਿਣ ਦੀ ਤਾਕੀਦ ਕਰਦੇ ਹਨ। ਜ਼ੋਰਾਵਰਾਂ ਨੂੰ ਮਾੜਿਆਂ 'ਤੇ ਜ਼ੁਲਮ ਨਾ ਕਰਨ ਦੀ ਪ੍ਰੇਰਨਾ ਦਿੰਦੇ ਹਨ। ਕੁਝ ਕੁ ਮਿਸਾਲਾਂ ਪੇਸ਼ ਹਨ :
ਸੱਚ ਦੀ ਥਾਵੇਂ ਝੂਠ ਹੈ,
ਅੱਜ ਪ੍ਰਧਾਨ ਵੇ ਸਾਈਆਂ।
ਹਾਵੀ ਹੋਇਆ ਫਿਰਦੈ,
ਅੱਜ ਸ਼ੈਤਾਨ ਵੇ ਸਾਈਆਂ।
ਗ਼ਰੀਬ ਦੀ ਗ਼ਰੀਬੀ ਨੂੰ,
ਨਾ ਰੋਲ ਬੰਦਿਆ।
ਨਾ ਤੂੰ ਦੁੱਖੜੇ,
ਗ਼ਰੀਬਾਂ ਦੇ ਫਰੋਲ ਬੰਦਿਆ।
ਸਰਵਰਕ ਵੀ ਪ੍ਰਕਿਰਤਿਕ ਵਰਤਾਰੇ ਦੀ ਝਲਕ ਦਿਖਾਉਂਦਾ ਹੈ। ਪ੍ਰੰਤੂ ਸਿਰਲੇਖ ਹੇਠ ਕਾਵਿ ਨੂੰ 'ਕਵਿ' ਲਿਖਿਆ ਸ਼ਬਦ ਅੱਖਰਦਾ ਹੈ। ਲਗਾਤਾਰ ਕਾਵਿ ਸਿਰਜਣਾ ਲਈ ਜਗਜੀਤ ਮੁਕਤਸਰ ਨੂੰ ਸ਼ਾਬਾਸ਼ੀ। ਸ਼ੁੱਭ ਕਾਮਨਾਵਾਂ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਲੌਕਡਾਊਨ ਇੰਫਿਨਿਟੀ
(ਲੌਕਡਾਊਨ ਅਲਫ਼ਾ ਦਾ ਲੜੀਵਾਰ ਨਾਵਲ)
ਲੇਖਕ : ਡਾ. ਕਰਨੈਲ ਸ਼ੇਰਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 192
ਸੰਪਰਕ : 95011-45039

ਪੰਜਾਬੀ ਨਾਵਲ ਸਾਹਿਤ ਵਿਚ ਥ੍ਰਿਲਰ ਨਾਵਲ-ਰਚਨਾ ਟਾਵੀਂ ਹੀ ਹੋਈ ਹੈ। ਪ੍ਰਵਾਸੀ ਨਾਵਲਕਾਰ ਡਾ. ਕਰਨੈਲ ਸ਼ੇਰਗਿੱਲ ਨੇ ਆਪਣੇ ਪਲੇਠੇ ਨਾਵਲ 'ਲੌਕਡਾਊਨ ਅਲਫ਼ਾ' ਨਾਲ ਇਸ ਧਾਰਾ ਦੀ ਨਾਵਲ ਨਵੀਸੀ ਨੂੰ ਬੇਹੱਦ ਘੁੱਟ ਕੇ ਅਤੇ ਮਜ਼ਬੂਤੀ ਨਾਲ ਹੱਥ ਪਾਇਆ ਹੈ। ਜਦੋਂ ਕੋਰੋਨਾ ਬਿਮਾਰੀ ਕਰਕੇ ਲੋਕ ਘਰਾਂ 'ਚ ਨਜ਼ਰਬੰਦ ਸਨ, ਉਦੋਂ ਨਾਵਲਕਾਰ ਨੇ ਇਸ ਨਾਵਲ ਦੀ ਘਾੜਤ ਕੀਤੀ। ਇਹ ਹਥਲਾ ਨਾਵਲ ਨਾਵਲਕਾਰ ਦੇ ਪਲੇਠੇ ਨਾਵਲ ਦੀ ਦੂਜੀ ਲੜੀ ਵਜੋਂ ਪ੍ਰਕਾਸ਼ਿਤ ਹੋਇਆ ਹੈ। ਪਹਿਲੇ ਨਾਵਲ ਦੀ ਹਰਮਨਪਿਆਰਤਾ ਨੇ ਹੀ ਨਾਵਲਕਾਰ ਦੇ ਜ਼ਿਹਨ 'ਚ ਇਸ ਦੂਜੇ ਨਾਵਲ ਦੀ ਕਹਾਣੀ ਨੂੰ ਅੱਗੇ ਤੋਰਿਆ ਹੈ। ਇਸ ਵਿਚ ਪਹਿਲੇ ਨਾਵਲ ਦੇ ਪਾਤਰਾਂ ਦੀ ਅਗਲੀ ਪੀੜ੍ਹੀ ਦੇ ਪਾਤਰਾਂ ਦੀ ਜ਼ਿੰਦਗੀ ਦਾ ਬਿਰਤਾਂਤ ਸਾਂਝਾ ਕੀਤਾ ਗਿਆ ਹੈ। ਇਸ ਨਾਵਲ ਵਿਚ ਗ਼ੈਰ-ਕੁਦਰਤੀ ਤਾਕਤਾਂ ਦਾ ਦਖ਼ਲ ਵੀ ਇਕ ਅਜੀਬ ਸਸਪੈਂਸ ਪੈਦਾ ਕਰਦਾ ਹੈ।
ਇਸ ਨਾਵਲ ਵਿਚ ਅੰਮ੍ਰਿਤਾ ਵਾਪਸ ਆਉਂਦੀ ਹੈ। ਅਜਿਹੀ ਔਰਤ ਜੋ ਆਪਣੇ ਅਧੂਰੇ ਪਿਆਰ ਦਾ ਬਦਲਾ ਲੈਣ ਖ਼ਾਤਰ ਅਪਰਾਧੀ ਬਣ ਜਾਂਦੀ ਹੈ। ਡਾ. ਕਰਨੈਲ ਸ਼ੇਰਗਿੱਲ ਨੇ ਆਪਣੀਆਂ ਲੁਭਾਉਣੀਆਂ ਨਾਵਲ ਕਲਾ ਦੀਆਂ ਜੁਗਤੀਆਂ ਦੀ ਵਰਤੋਂ ਕਰਕੇ ਪਾਠਕ-ਮਨ 'ਚ ਦਿਲਕਸ਼ ਜਾਦੂ ਜਗਾਉਣ ਦਾ ਕਮਾਲ ਦਿਖਾਇਆ ਹੈ। ਉਸ ਨੇ ਪੰਜਾਬੀ ਨਾਵਲ ਨੂੰ ਅਜਿਹੇ ਦਿਸਹੱਦਿਆਂ ਤੱਕ ਪਹੁੰਚਾਇਆ ਹੈ, ਜਿਥੇ ਉਸ ਦੀ ਲੇਖਣੀ, ਨਾਵਲ ਰਚਨਾਕਾਰੀ ਨਿਵੇਕਲੀ ਲਿਸ਼ਕਾਂ ਮਾਰਦੀ ਤੱਕੀ ਜਾ ਸਕਦੀ ਹੈ। ਇਸੇ ਲਈ ਇਸ ਨਾਵਲ ਦੇ ਮੁੱਢ 'ਚ ਲੇਖਕ ਜਸਵੀਰ ਰਾਣਾ ਅਮਰਗੜ੍ਹ ਮਲੇਰਕੋਟਲਾ ਲਿਖਦੇ ਹਨ ਕਿ ਇਹ ਨਾਵਲ ਮਨੁੱਖੀ ਰਿਸ਼ਤਿਆਂ ਦੇ ਲਾਕਡਾਊਨ ਤੇ ਉਨ੍ਹਾਂ ਵਿਚ ਪ੍ਰਵੇਸ਼ ਕਰ ਚੁੱਕੇ ਗ਼ੈਰ-ਮਾਨਵੀ ਵਾਇਰਸ ਦੀਆਂ ਅਨਚੇਤਨੀ-ਚੇਤਨੀ ਪਰਤਾਂ ਦਾ ਖ਼ੁਲਾਸਾ ਕਰਦਾ ਹੈ। ਪਰਪੱਕ ਲੇਖਣੀ ਦੇ ਮਾਲਕ ਡਾ. ਕਰਨੈਲ ਸ਼ੇਰਗਿੱਲ ਪੰਜਾਬੀ ਨਾਵਲ ਦੇ ਵਿਹੜੇ ਦੇ ਬਹੁਪੱਖੀ ਰਚਨਾਕਾਰ ਹਨ। ਭਰਵਾਂ ਸਵਾਗਤ ਤਾਂ ਬਣਦਾ ਹੀ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444

 


ਸੱਸਾਂ ਬਾਝ ਨਾ
ਪੀੜ੍ਹੀਆਂ ਡਹਿੰਦੀਆਂ ਜੇ
ਲੇਖਿਕਾ : ਕੁਲਵੰਤ ਕੌਰ ਸੰਧੂ
ਪ੍ਰਕਾਸ਼ਕ : ਰੀਥਿੰਕ ਪਬਲੀਸ਼ਰ, ਸੰਗਰੂਰ
ਮੁੱਲ : 425 ਰੁਪਏ, ਸਫ਼ੇ : 188
ਸੰਪਰਕ : 79888-71445

ਗੀਤਾਂ ਵਿਚਲੀ ਲੈਅ ਅਤੇ ਪ੍ਰਗੀਤਾਤਮਿਕਤਾ ਮਨੁੱਖ ਦੀ ਸਿਰਜਣਾਤਮਿਕਤਾ ਦਾ ਹੀ ਕਾਵਿ-ਰੂਪ ਹੈ। ਕਿਉਂਕਿ ਗੀਤ ਦਾ ਬਾਹਰੀ ਸੰਗੀਤ, ਉਸ ਦੇ ਅੰਦਰਲੇ ਸੰਗੀਤ ਨਾਲ ਇਕਸੁਰ ਹੋਣ ਕਰਕੇ ਲੋਕ-ਮਨਾਂ ਦੇ ਵਧੇਰੇ ਨੇੜੇ ਹੁੰਦਾ ਹੈ, ਇਸ ਲਈ ਗੀਤਕਾਰੀ ਹੀ ਪੰਜਾਬੀ ਦਾ ਮੌਲਿਕ ਪ੍ਰਗੀਤਕ ਰੂਪ ਹੈ। ਕੁਲਵੰਤ ਕੌਰ ਸੰਧੂ ਨੇ ਆਪਣੇ ਹਥਲੇ ਗੀਤ-ਸੰਗ੍ਰਹਿ 'ਸੱਸਾਂ ਬਾਝ ਨਾ ਪੀੜ੍ਹੀਆਂ ਡਹਿੰਦੀਆਂ ਜੇ' ਨਾਲ ਲੋਕ-ਕਾਵਿ ਦੀ ਇਸ ਵੰਨਗੀ ਨੂੰ ਜਿਊਂਦਾ ਰੱਖਣ ਵਿਚ ਅਹਿਮ ਯੋਗਦਾਨ ਪਾਇਆ ਹੈ:
ਦੂਰ ਮਾਪੇ ਮਾਣ ਥੋੜ੍ਹਾ,
ਮਾਣ ਥੋੜ੍ਹਾ ਵੇ ਬੀੜ ਘੋੜਾ
ਬੀੜ ਘੋੜਾ, ਸਿੰਘ ਜੀ
ਅਸਾਂ ਪੇਕਿਆਂ ਨੂੰ ਜਾਣਾ ਵੇ।
ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਲ ਕੀਤੇ ਗਏ ਗੀਤ ਲਗਭਗ ਡੇਢ ਪੌਣੇ ਦੋ ਸਦੀਆਂ ਪੁਰਾਣੇ ਪ੍ਰਤੀਤ ਹੁੰਦੇ ਹਨ। ਇਹ ਗੀਤ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਵਿਚ ਆਪਣੇ ਨਿਰਾਲੇ ਰੰਗਾਂ ਦੀ ਛਾਪ ਛੱਡਦੇ ਰਹੇ ਹਨ। ਸੱਸਾਂ ਅਤੇ ਨੂੰਹਾਂ ਦੇ ਖੱਟੇ-ਮਿੱਠੇ ਰਿਸ਼ਤਿਆਂ ਦਾ ਵਰਣਨ, ਪਤਨੀ-ਪਤਨੀ, ਦਿਉਰ-ਭਰਜਾਈ ਅਤੇ ਨਣਦਾਂ-ਭਰਜਾਈਆਂ ਦੇ ਆਪਸੀ ਮਿਲਵਰਤਣ ਦਾ ਬਿਰਤਾਂਤ ਵੀ ਹੈ। ਜੀਵਨ ਦੀਆਂ ਕੁੱਝ ਅਟੱਲ ਸੱਚਾਈਆਂ ਨੂੰ ਵੀ ਬੜੇ ਬੇਬਾਕ ਢੰਗ ਨਾਲ ਉਘਾੜਨ ਦੀ ਕੋਸ਼ਿਸ਼ ਕੀਤੀ ਗਈ ਹੈ:
ਮੂਰਖ ਤਾਂ ਝਗੜੇ ਸਾਰੀ ਰਾਤ, ਮਿਲਣੇ ਦੀ ਇਕ ਵੇ ਘੜੀ
ਲਾਵਾਂ ਤਾਂ ਸਾਡੇ ਨਾਲ ਲਈਆਂ, ਝਾਕ ਰੱਖਦਾ ਬਿਗਾਨੀ।
ਹੱਸਣਾ-ਖੇਡਣਾ ਹੀ ਜੀਵਨ ਹੈ ਅਤੇ ਲੋਕਗੀਤ ਮਨੁੱਖ ਦੇ ਮਨੋਰੰਜਨ ਦਾ ਮੁੱਖ ਸਰੋਤ ਰਹੇ ਹਨ। ਇਨ੍ਹਾਂ ਲੋਕਗੀਤਾਂ ਨੂੰ ਪੰਜਾਬ ਦੇ ਵਿਆਹਾਂ, ਰੀਤੀ-ਰਿਵਾਜਾਂ, ਤਿਉਹਾਰਾਂ ਅਤੇ ਖ਼ੁਸ਼ੀਆਂ-ਖੇੜਿਆਂ ਮੌਕੇ ਪੁਰਾਣੀ ਪੀੜ੍ਹੀ ਦੀਆਂ ਔਰਤਾਂ ਗਾਇਆ ਕਰਦੀਆਂ ਸਨ। ਉਨ੍ਹਾਂ ਦੇ ਦੁਨੀਆ ਤੋਂ ਤੁਰ ਜਾਣ ਨਾਲ ਸਾਡਾ ਇਹ ਗੀਤਾਂ ਦਾ ਅਨਮੋਲ ਖਜ਼ਾਨਾ ਵੀ ਗੁਆਚ ਗਿਆ। ਅਜੇ ਵੀ ਕਿਤੇ ਕਿਤੇ ਕੁਝ ਪੁਰਾਣੀ ਪੀੜ੍ਹੀ ਦੀਆਂ ਔਰਤਾਂ ਗੀਤ ਗਾਉਂਦੀਆਂ ਮਿਲ ਜਾਂਦੀਆਂ ਹਨ। ਕੁਲਵੰਤ ਕੌਰ ਸੰਧੂ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਨੇ ਪੰਜਾਬ ਦੇ ਇਸ ਅਮੀਰ ਵਿਰਸੇ ਨੂੰ ਸੰਭਾਲਣ ਦਾ ਸੁਹਿਰਦ ਯਤਨ ਕੀਤਾ ਹੈ। ਇਸ ਨਿੱਗਰ ਉਪਰਾਲੇ ਦਾ ਭਰਵਾਂ ਸਮਰਥਨ ਕਰਦਾ ਹੋਇਆ ਮੈਂ ਉਨ੍ਹਾਂ ਦੀ ਇਸ ਪੜ੍ਹਨਯੋਗ ਅਤੇ ਸੰਭਾਲਣਯੋਗ ਪੁਸਤਕ ਦਾ ਹਾਰਦਿਕ ਸਵਾਗਤ ਕਰਦਾ ਹਾਂ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਪਿਛਲੀ ਖ਼ਬਰ ਆਸਮਾਨ ਦਾ ਰੰਗ ਨੀਲਾ ਕਿਉਂ ਦਿਖਾਈ ਦਿੰਦਾ ਹੈ? ਅਗਲੀ ਖ਼ਬਰ ਮੋਟਾਪੇ ਦੀ ਚਿੰਤਾ, ਪਰ ਦਿਲ ਹੈ ਕਿ ਮੰਨਦਾ ਹੀ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।