25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਭਾਜਪਾ ਮੁੜ ਤੋਂ ਆਪਣੇ ਪੁਰਾਣੇ ਨੇਤਾਵਾਂ ਨੂੰ ਤਰਜੀਹ ਦੇਣ ਲੱਗੀ

ਅਜੀਤ ਡੈਸਕ 19-07-2025

ਜ਼ਖ਼ਮ ਕੁਛ ਐਸੇ ਦਇਏ ਹੈਂ ਨਏਂ ਰਾਹੋਂ ਨੇ ਹਮੇਂ
ਹਾਰ ਕਰ ਫ਼ਿਰ ਹੈਂ ਚਲੇ ਅਪਨੇ ਹੀ ਮਾਜ਼ੀ ਕੀ ਤਰਫ਼।
ਪੰਜਾਬ ਭਾਜਪਾ ਦਾ ਹਾਲ ਵੀ ਕੁਝ ਅਜਿਹਾ ਹੀ ਨਜ਼ਰ ਆ ਰਿਹਾ ਹੈ। ਪੰਜਾਬ ਭਾਜਪਾ ਵਿਚ ਇਕ ਵਾਰ ਤਾਂ ਕਾਂਗਰਸ ਤੇ ਅਕਾਲੀ ਦਲ ਵਿਚੋਂ ਖ਼ਾਸ ਕਰ ਕੇ ਕਾਂਗਰਸ ਵਿਚੋਂ ਨੇਤਾਵਾਂ ਨੂੰ ਥੋਕ ਦੇ ਭਾਅ ਲਿਆ ਕੇ ਉਨ੍ਹਾਂ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪ ਦਿੱਤੀ ਗਈ ਸੀ। ਪਰ ਭਾਜਪਾ ਦਾ ਇਹ ਤਜਰਬਾ ਬਹੁਤਾ ਸਫਲ ਨਹੀਂ ਰਿਹਾ। ਉਲਟਾ ਉਸ ਦਾ ਆਪਣਾ ਕੇਡਰ ਤੇ ਆਰ.ਐਸ.ਐਸ. ਨਾਲ ਜੁੜੇ ਲੋਕ ਭਾਵੇਂ ਪਾਰਟੀ ਤੋਂ ਬਾਹਰ ਤਾਂ ਨਹੀਂ ਗਏ ਸਨ ਪਰ ਉਹ ਪਾਰਟੀ ਪ੍ਰਤੀ ਉਦਾਸੀਨ ਜ਼ਰੂਰ ਨਜ਼ਰ ਆਉਣ ਲੱਗੇ ਸਨ। ਇਸ ਅਸਫਲਤਾ ਅਤੇ ਪਾਰਟੀ ਦੇ ਪੁਰਾਣੇ ਨੇਤਾਵਾਂ ਦੇ ਲਗਾਤਾਰ ਵਿਰੋਧ ਨੇ ਅਖੀਰ ਪਾਰਟੀ ਹਾਈਕਮਾਨ ਨੂੰ ਵਾਪਸ ਮਾਜ਼ੀ (ਭੂਤ ਕਾਲ) ਦੇ ਰਸਤੇ 'ਤੇ ਤੁਰਨ ਲਈ ਮਜਬੂਰ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਤੋਂ ਹੋਈ, ਜਦੋਂ ਪਾਰਟੀ ਨੇ ਪੁਰਾਣੇ ਵਫ਼ਾਦਾਰ ਨੇਤਾ ਜੀਵਨ ਗੁਪਤਾ ਨੂੰ ਉਮੀਦਵਾਰ ਬਣਾਇਆ। ਇਸ ਸਥਿਤੀ 'ਤੇ ਪੱਕੀ ਮੋਹਰ ਉਸ ਵੇਲੇ ਲੱਗ ਗਈ ਜਦੋਂ ਪੰਜਾਬ ਭਾਜਪਾ ਦੇ ਕਾਂਗਰਸ ਵਿਚੋਂ ਆਏ ਪ੍ਰਧਾਨ ਸੁਨੀਲ ਜਾਖੜ ਦੇ ਲੰਮੇ ਸਮੇਂ ਤੋਂ ਲਟਕਦੇ ਅਸਤੀਫ਼ੇ ਦੇ ਚਲਦਿਆਂ ਭਾਵੇਂ ਅਜੇ ਵੀ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ, ਪਰ ਪਹਿਲਾਂ ਪਾਰਟੀ ਪ੍ਰਧਾਨ ਰਹੇ ਤੇ ਪਾਰਟੀ ਦੇ ਪੁਰਾਣੇ ਟਕਸਾਲੀ ਤੇ ਅਜ਼ਮਾਏ ਹੋਏ ਨੇਤਾ ਅਸ਼ਵਨੀ ਸ਼ਰਮਾ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ। ਸਾਡੀ ਜਾਣਕਾਰੀ ਅਨੁਸਾਰ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਬਣਾਏ ਜਾਣ ਦਾ ਸਵਾਗਤ ਪੰਜਾਬ ਭਾਜਪਾ ਦੇ ਲਗਭਗ ਸਾਰੇ ਧੜਿਆਂ ਵਲੋਂ ਕੀਤਾ ਗਿਆ ਹੈ। ਖਾਸ ਕਰ ਸਵਰਗੀ ਕਮਲ ਸ਼ਰਮਾ ਦੇ ਧੜੇ ਨਾਲ ਸੰਬੰਧਿਤ ਨੇਤਾਵਾਂ, ਜਿਨ੍ਹਾਂ ਵਿਚੋਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਸੁਭਾਸ਼ ਸ਼ਰਮਾ ਖੁਦ ਵੀ ਪ੍ਰਧਾਨਗੀ ਪਦ ਦੇ ਉਮੀਦਵਾਰ ਸਨ, ਨੇ ਵੀ ਇਸ ਨਿਯੁਕਤੀ ਦਾ ਖੁੱਲ੍ਹ ਕੇ ਸਵਾਗਤ ਕੀਤਾ ਹੈ। ਇਸੇ ਧੜੇ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਵੀ ਉਨ੍ਹਾਂ ਦੀ ਨਿੁਯਕਤੀ ਦਾ ਸਵਾਗਤ ਕੀਤਾ ਹੈ। ਕਮਾਲ ਦੀ ਗੱਲ ਹੈ ਕਿ ਉਨ੍ਹਾਂ ਦੇ ਵਿਰੋਧੀ ਮੰਨੇ ਜਾਂਦੇ ਨੇਤਾਵਾਂ ਨੇ ਵੀ ਇਸ ਵਾਰ ਉਨ੍ਹਾਂ ਦੀ ਨਿਯੁਕਤੀ 'ਤੇ ਕੋਈ ਸਵਾਲ ਨਹੀਂ ਉਠਾਇਆ। ਸਭ ਤੋਂ ਵੱਡੀ ਗੱਲ ਇਹ ਕਿ ਦੂਸਰੀਆਂ ਪਾਰਟੀਆਂ ਵਿਚੋਂ ਆਏ ਬਹੁਤੇ ਸੀਨੀਅਰ ਨੇਤਾਵਾਂ ਨੇ ਵੀ ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ। ਹਾਲਾਂਕਿ ਇਹ ਵੀ ਬਹੁਤ ਚਰਚਾ ਸੀ ਕਿ ਪਾਰਟੀ ਵਿਚ ਆਰ.ਐਸ.ਐਸ. ਦੇ ਨੁਮਾਇੰਦੇ ਮੰਨੇ ਜਾਂਦੇ ਸ਼ਕਤੀਸ਼ਾਲੀ ਨੇਤਾ ਤੇ ਸੰਗਠਨ ਦੇ ਜਨਰਲ ਸਕੱਤਰ ਸ੍ਰੀ ਨਿਵਾਸਲੂ ਕਾਂਗਰਸ ਵਿਚੋਂ ਆਏ ਦੋ ਸਿੱਖ ਨੇਤਾਵਾਂ ਵਿਚੋਂ ਕਿਸੇ ਇਕ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਲਈ ਜ਼ੋਰ ਲਗਾ ਰਹੇ ਹਨ। ਪਰ ਪਾਰਟੀ ਦੇ ਪੁਰਾਣੇ ਨੇਤਾ ਤੇ ਸਾਰੇ ਗੁੱਟ ਹਾਈਕਮਾਨ 'ਤੇ ਜ਼ੋਰ ਪਾ ਰਹੇ ਸਨ ਕਿ ਪਾਰਟੀ ਦਾ ਸੂਬਾ ਪ੍ਰਧਾਨ ਕਿਸੇ ਬਾਹਰੋਂ ਆਏ ਨੇਤਾ ਦੀ ਥਾਂ ਕਿਸੇ ਪਾਰਟੀ ਦੇ ਪੁਰਾਣੇ ਨੇਤਾ ਨੂੰ ਹੀ ਬਣਾਇਆ ਜਾਵੇ। ਸਾਡੀ ਜਾਣਕਾਰੀ ਅਨੁਸਾਰ ਭਾਵੇਂ ਅਜੇ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਹੀ ਬਣਾਇਆ ਗਿਆ ਹੈ, ਪਰ ਅਸਲ ਵਿਚ ਉਨ੍ਹਾਂ ਦੀ ਚੋਣ ਪੰਜਾਬ ਭਾਜਪਾ ਦੇ ਅਗਲੇ ਪ੍ਰਧਾਨ ਵਜੋਂ ਹੀ ਕੀਤੀ ਗਈ ਹੈ। ਕਾਰਜਕਾਰੀ ਪ੍ਰਧਾਨ ਬਣਾਉਣਾ ਇਕ ਤਕਨੀਕੀ ਮਜਬੂਰੀ ਸੀ, ਕਿਉਂਕਿ ਪਾਰਟੀ ਦੀਆਂ ਜਥੇਬੰਦਕ ਚੋਣਾਂ ਹੋ ਰਹੀਆਂ ਹਨ। ਇਸ ਲਈ ਕਿਸੇ ਦੀ ਪ੍ਰਧਾਨ ਵਜੋਂ ਨਿਯੁਕਤੀ ਸੰਭਵ ਨਹੀਂ ਸੀ। ਪਤਾ ਲੱਗਾ ਹੈ ਕਿ ਅਗਲੇ ਕੁਝ ਦਿਨਾਂ ਵਿਚ ਹੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਉਪਰੰਤ ਸ੍ਰੀ ਸ਼ਰਮਾ ਨੂੰ ਬਾਕਾਇਦਾ ਪੰਜਾਬ ਭਾਜਪਾ ਦਾ ਪ੍ਰਧਾਨ ਚੁਣ ਲਿਆ ਜਾਵੇਗਾ। ਪਤਾ ਲੱਗਾ ਹੈ ਕਿ ਭਾਜਪਾ ਨੇ ਸ੍ਰੀ ਸ਼ਰਮਾ ਦੀ ਚੋਣ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਨੂੰ ਸਾਹਮਣੇ ਰੱਖ ਕੇ ਕੀਤੀ ਹੈ। ਸਾਡੀ ਜਾਣਕਾਰੀ ਅਨੁਸਾਰ ਅਸ਼ਵਨੀ ਸ਼ਰਮਾ ਆਪਣੀ ਨਵੀਂ ਟੀਮ ਬਣਾਉਣ ਸਮੇਂ ਪੁਰਾਣੇ ਭਾਜਪਾ ਨੇਤਾਵਾਂ ਅਤੇ ਬਾਹਰਲੀਆਂ ਪਾਰਟੀਆਂ ਵਿਚੋਂ ਆਏ ਨੇਤਾਵਾਂ ਵਿਚਕਾਰ ਬਰਾਬਰ ਦਾ ਸੰਤੁਲਨ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਨਗੇ। ਪਰ ਇਹ ਪੱਕਾ ਹੈ ਕਿ ਭਾਜਪਾ ਪੰਜਾਬ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਸੱਤਾ ਹਾਸਿਲ ਕਰਨ ਦੇ ਨਿਸ਼ਾਨੇ ਨਾਲ ਲੜੇਗੀ। ਸ਼ਕੀਲ ਬਦਾਯੂੰਨੀ ਦੇ ਲਫ਼ਜ਼ਾਂ ਵਿਚ:
ਤੇਰੀ ਮਹਿਫ਼ਿਲ ਮੇਂ ਕਿਸਮਤ ਆਜ਼ਮਾ ਕਰ ਹਮ ਭੀ ਦੇਖੇਂਗੇ,
ਘੜੀ ਭਰ ਤੋ ਤੇਰੇ ਨਜ਼ਦੀਕ ਆ ਕਰ ਹਮ ਭੀ ਦੇਖੇਂਗੇ।
5 ਮੈਂਬਰੀ ਕਮੇਟੀ ਦੀ ਪਰਖ਼ ਦੀ ਘੜੀ
ਹੈ ਆਜਮਾਇਸ਼ ਕੀ ਘੜੀ ਰਾਹ-ਏ-ਮੁਹੱਬਤ ਮੇਂ ਸੁਨੋ।
ਹਰ ਹਾਲ ਮੇਂ ਇਸ ਇਮਤਿਹਾਂ ਸੇ ਤੋ ਗੁਜ਼ਰਨਾ ਹੈ ਤੁਮੇਂ।

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 2 ਦਸੰਬਰ, 2024 ਨੂੰ ਅਕਾਲੀ ਦਲ ਦੀ ਭਰਤੀ ਲਈ ਨਿਯੁਕਤ 7 ਮੈਂਬਰਾਂ ਵਿਚੋਂ 2 ਦੇ ਅਸਤੀਫ਼ਿਆਂ ਤੋਂ ਬਾਅਦ ਜਿਹੜੇ 5 ਮੈਂਬਰ ਇਸ ਮਾਮਲੇ ਨੂੰ ਸੰਭਾਲ ਰਹੇ ਹਨ, ਉਹ ਹੁਣ 5 ਮੈਂਬਰੀ ਭਰਤੀ ਕਮੇਟੀ ਦੇ ਨਾਂਅ ਅਧੀਨ ਕੰਮ ਕਰ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਵਿਚ ਸਾਫ਼ ਤੇ ਸਪੱਸ਼ਟ ਲਿਖਿਆ ਗਿਆ ਸੀ ਕਿ, 'ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ। ਭਰਤੀ ਬੋਗ਼ਸ ਨਾ ਹੋਵੇ, ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ, ਪੁਰਾਣੇ ਡੈਲੀਗੇਟਾਂ ਦੇ ਨਾਲ-ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ-ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧੀ ਵਿਧਾਨ ਮੁਤਾਬਿਕ ਕਰਨ।'
ਹੈਰਾਨੀ ਦੀ ਗੱਲ ਹੈ ਕਿ ਇਸ ਸਪੱਸ਼ਟ ਹੁਕਮ ਕਿ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਡੈਲੀਗੇਟ ਕਰਨਗੇ, ਦੇ ਬਾਵਜੂਦ ਆਏ ਦਿਨ ਇਹ ਚਰਚਾ ਚੱਲਦੀ ਰਹਿੰਦੀ ਹੈ ਕਿ 5 ਮੈਂਬਰੀ ਕਮੇਟੀ ਦੇ ਇਸ ਮੈਂਬਰ ਜਾਂ ਉਸ ਮੈਂਬਰ ਨੂੰ ਪ੍ਰਧਾਨ ਬਣਾਉਣ ਦੇ ਅਸਾਰ ਹਨ ਜਾਂ ਇਸ ਧਿਰ ਨਾਲ ਆਏ ਪੁਰਾਣੇ ਨੇਤਾਵਾਂ ਵਿਚੋਂ ਕਿਸੇ ਇਕ ਨੂੰ ਇਸ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਇਸ ਵੇਲੇ ਪਹਿਲਾਂ ਚੱਲਦੇ ਕਰੀਬ ਪੌਣੀ ਦਰਜਨ ਨਾਵਾਂ ਦੀ ਥਾਂ ਹੁਣ 3 ਪ੍ਰਮੁੱਖ ਨਾਵਾਂ ਦੀ ਚਰਚਾ ਸੁਣਾਈ ਦੇ ਰਹੀ ਹੈ ਕਿ ਇਨ੍ਹਾਂ ਵਿਚੋਂ ਕਿਸੇ ਇਕ ਦੇ ਪ੍ਰਧਾਨ ਬਣਨ ਦੇ ਆਸਾਰ ਹਨ। ਇਨ੍ਹਾਂ ਨਾਵਾਂ ਵਿਚੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ 5 ਮੈਂਬਰੀ ਕਮੇਟੀ ਦੀ ਮੈਂਬਰ ਬੀਬੀ ਸਤਵੰਤ ਕੌਰ ਦੇ ਨਾਂਅ ਸ਼ਾਮਿਲ ਹਨ। ਇਸ ਦਰਮਿਆਨ 5 ਮੈਂਬਰੀ ਕਮੇਟੀ ਕਦੇ ਅਕਾਲੀ ਦਲ (ਵਾਰਸ ਪੰਜਾਬ ਦੇ) ਦੇ ਮੁਖੀ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਖ਼ਾਲਸਾ ਨਾਲ ਸਮਝੌਤੇ ਦੀ ਗੱਲਬਾਤ ਕਰਦੀ ਹੈ ਤੇ ਕਦੇ ਉਸ ਵਲੋਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨਾਲ ਗੱਲਬਾਤ ਦੀਆਂ ਖ਼ਬਰਾਂ ਆਉਂਦੀਆਂ ਹਨ, ਜਿਸ ਨਾਲ ਇਹ ਪ੍ਰਭਾਵ ਬਣ ਰਿਹਾ ਹੈ ਕਿ 5 ਮੈਂਬਰੀ ਕਮੇਟੀ ਦੇ ਮੈਂਬਰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਰਤੀ ਕਰਨ ਅਤੇ ਚੋਣ ਲਈ 6 ਮਹੀਨੇ ਦਾ ਸਮਾਂ ਦਿੱਤਾ ਸੀ, ਜੋ ਲੰਘ ਚੁੱਕਾ ਹੈ ਤੇ ਜਾਪਦਾ ਹੈ ਕਿ ਅਜੇ ਮਾਮਲਾ ਹੋਰ ਲਟਕੇਗਾ। ਇਸ ਦਰਮਿਆਨ 5 ਮੈਂਬਰੀ ਕਮੇਟੀ ਦੇ ਇਕ ਮੈਂਬਰ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਹਵਾਲੇ ਨਾਲ ਛਪੀ ਇਕ ਖ਼ਬਰ ਨੇ 5 ਮੈਂਬਰੀ ਕਮੇਟੀ ਦੇ ਸਮਰਥਕਾਂ ਵਿਚ ਤਰਥੱਲੀ ਜਿਹੀ ਮਚਾ ਦਿੱਤੀ ਹੈ। 'ਹਿੰਦੋਸਤਾਨ ਟਾਈਮਜ਼' ਦੀ ਇਕ ਰਿਪੋਰਟ ਵਿਚ ਸ੍ਰੀ ਇਯਾਲੀ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਵਲੋਂ ਨਿਯੁਕਤ ਪੈਨਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੱਦਾ ਦਿੱਤਾ ਹੈ ਕਿ ਉਹ ਅਹੁਦੇਦਾਰਾਂ ਦੀ ਚੋਣ ਵਿਚ ਭਾਗ ਲੈਣ, ਜਿਹੜੀ ਕਿ ਇਕ ਮਹੀਨੇ ਵਿਚ ਹੋ ਰਹੀ ਹੈ। ਇਸ ਖ਼ਬਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਹ ਕਰੀਬ 500 ਡੈਲੀਗੇਟ ਚੁਣਨਗੇ। ਇਹ ਤਕਰੀਬਨ ਓਨੇ ਹੀ ਡੈਲੀਗੇਟ ਹਨ, ਜਿੰਨੇ ਸੁਖਬੀਰ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਹਨ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਭਾਵੇਂ 2 ਦਸੰਬਰ ਦੇ ਹੁਕਮਨਾਮੇ ਵਿਚ ਪੁਰਾਣੇ ਤੇ ਨਵੇਂ ਡੈਲੀਗੇਟਾਂ ਵਲੋਂ 6 ਮਹੀਨੇ ਦੇ ਅੰਦਰ-ਅੰਦਰ ਚੋਣ ਕਰਨ ਦੀ ਗੱਲ ਕਹੀ ਗਈ ਸੀ, ਪਰ ਇਸੇ ਹੀ ਹੁਕਮਨਾਮੇ ਵਿਚ ਇਹ ਵੀ ਸਾਫ਼-ਸਾਫ਼ ਲਿਖਿਆ ਗਿਆ ਸੀ ਕਿ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧੀ ਵਿਧਾਨ (ਭਾਵ ਅਕਾਲੀ ਦਲ ਦੇ ਵਿਧੀ ਵਿਧਾਨ) ਮੁਤਾਬਿਕ ਕੀਤੀ ਜਾਵੇ। ਪਰ ਜਦੋਂ ਨਵੀਂ ਭਰਤੀ ਹੋ ਗਈ ਤਾਂ ਪੁਰਾਣੇ ਡੈਲੀਗੇਟ ਤਾਂ ਡੈਲੀਗੇਟ ਹੀ ਨਹੀਂ ਰਹਿਣਗੇ। ਇਸ ਦਰਮਿਆਨ ਅੱਜ ਹੀ 5 ਮੈਂਬਰੀ ਕਮੇਟੀ ਦੇ ਇਕ ਮੈਂਬਰ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਅਸੀਂ 20 ਜੁਲਾਈ ਤੋਂ ਡੈਲੀਗੇਟ ਚੁਣਨ ਦੀ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ ਤੇ ਆਸ ਹੈ ਕਿ 31 ਜੁਲਾਈ ਤੱਕ ਇਹ ਮੁਕੰਮਲ ਹੋ ਜਾਵੇਗੀ ਅਤੇ ਅਗਸਤ ਵਿਚ ਪ੍ਰਧਾਨ ਦੀ ਚੋਣ ਹੋ ਜਾਵੇਗੀ। ਉਂਝ ਤਾਂ ਜਿਵੇਂ ਕਿਹਾ ਗਿਆ ਹੈ ਕਿ ਭਰਤੀ ਕਮੇਟੀ ਦੀ ਭਰਤੀ ਮੁਹਿੰਮ ਨਾਲ 12 ਲੱਖ ਮੈਂਬਰਾਂ ਦੀ ਭਰਤੀ ਹੋ ਚੁੱਕੀ ਹੈ ਤੇ ਅਜੇ 14 ਲੱਖ ਹੋਰ ਮੈਂਬਰਾਂ ਦੀ ਭਰਤੀ ਦੀ ਵੈਰੀਫਿਕੇਸ਼ਨ (ਤਸਦੀਕ) ਬਾਕੀ ਹੈ, ਤਾਂ ਇਹ ਬਹੁਤ ਮੁਸ਼ਕਿਲ ਜਾਪਦਾ ਹੈ ਕਿ ਡੈਲੀਗੇਟ ਚੁਣਨ ਦਾ ਕੰਮ ਜੋ 117 ਹਲਕਿਆਂ ਵਿਚ ਹੋਣਾ ਹੈ ਸਿਰਫ਼ 12 ਦਿਨਾਂ ਵਿਚ ਮੁਕੰਮਲ ਹੋ ਸਕੇਗਾ। ਸੋ, ਇਹ ਸਥਿਤੀ 5 ਮੈਂਬਰੀ ਕਮੇਟੀ ਲਈ ਕਿਸੇ ਅਗਨੀ ਪ੍ਰਕਿਰਿਆ ਤੋਂ ਘੱਟ ਨਹੀਂ ਜਾਪਦੀ। ਹੁਣ ਦੇਖਣ ਵਾਲੀ ਗੱਲ ਇਹ ਵੀ ਹੈ ਕਿ, ਕੀ 5 ਮੈਂਬਰੀ ਕਮੇਟੀ ਡੈਲੀਗੇਟਾਂ ਦੀ ਚੋਣ ਕਰਕੇ, ਉਨ੍ਹਾਂ ਦੀ ਮਰਜ਼ੀ ਨਾਲ ਲੋਕਰਾਜੀ ਕਦਰਾਂ-ਕੀਮਤਾਂ ਅਨੁਸਾਰ ਨਵੇਂ ਪ੍ਰਧਾਨ ਦੀ ਵਿਧੀ ਵਿਧਾਨ ਅਨੁਸਾਰ ਚੋਣ ਕਰਵਾ ਸਕੇਗੀ ਜਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਵਾਂਗ ਹੀ ਡੈਲੀਗੇਟਾਂ ਨੂੰ ਕਾਪੀਆਂ ਅਨੁਸਾਰ ਨਿਯੁਕਤ ਕਰਕੇ ਤੇ ਉਨ੍ਹਾਂ ਕੋਲੋਂ ਸਾਰੇ ਅਧਿਕਾਰ ਲੈ ਕੇ 5 ਮੈਂਬਰੀ ਕਮੇਟੀ ਦੇ ਮੈਂਬਰਾਂ ਅਤੇ ਕੁਝ ਪੁਰਾਣੇ ਪ੍ਰਮੁੱਖ ਨੇਤਾਵਾਂ ਦੀ ਆਪਸੀ ਸਹਿਮਤੀ ਨਾਲ ਕਿਸੇ ਨੂੰ ਪ੍ਰਧਾਨ ਥਾਪ ਦਿੱਤਾ ਜਾਏਗਾ।
ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ॥
ਅਭੀ ਇਸ਼ਕ ਕੇ ਇਮਤਹਾਂ ਔਰ ਭੀ ਹੈਂ।''
-ਅਲਾਮਾ ਇਕਬਾਲ

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

ਪਿਛਲੀ ਖ਼ਬਰ ਮੋਟਾਪੇ ਦੀ ਚਿੰਤਾ, ਪਰ ਦਿਲ ਹੈ ਕਿ ਮੰਨਦਾ ਹੀ ਨਹੀਂ ਅਗਲੀ ਖ਼ਬਰ ਆਸਥਾ ਦੇ ਕੇਂਦਰ ਪ੍ਰਤੀ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।