16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਯੂ.ਪੀ. ਦੀ ਸਮਾਜਿਕ ਅੰਗੜਾਈ

ਯੂ.ਪੀ. ਦੀ ਸਮਾਜਿਕ ਅੰਗੜਾਈ

ਅਜੀਤ ਡੈਸਕ 16-11-2026

ਆਉਂਦੇ ਸਾਲ ਦੇ ਸ਼ੁਰੂ ਵਿਚ ਹੀ ਪੰਜਾਬ ਸਮੇਤ 5 ਰਾਜਾਂ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਇਨ੍ਹਾਂ ਵਿਚ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਆਦਿ ਸ਼ਾਮਿਲ ਹਨ | ਉੱਤਰ ਪ੍ਰਦੇਸ਼ ਦੇਸ਼ ਦਾ ਇਕ ਵੱਡਾ ਰਾਜ ਹੈ | ਇਸ ਦੀ ਸਿਆਸਤ ਦਾ ਰਾਜਧਾਨੀ ਦਿੱਲੀ 'ਤੇ ਵੀ ਵੱਡਾ ਅਸਰ ਪੈਂਦਾ ਹੈ | ਉਂਝ ਵੀ ਪਿਛਲੇ ਲੰਮੇ ਸਮੇਂ ਤੋਂ ਇਹ ਪ੍ਰਦੇਸ਼ ਕਈ ਪੱਖਾਂ ਤੋਂ ਸਿਆਸਤ ਦਾ ਧੁਰਾ ਬਣਿਆ ਰਿਹਾ ਹੈ | ਇੱਥੇ ਕੁਝ ਫਿਰਕੂ ਹਿੰਦੂ ਜਥੇਬੰਦੀਆਂ ਵਲੋਂ ਭਾਜਪਾ ਦੀ ਸ਼ਹਿ 'ਤੇ ਸਦੀਆਂ ਪੁਰਾਣੀ ਬਾਬਰੀ ਮਸਜਿਦ ਨੂੰ  ਤੋੜਨਾ  ਵੀ ਇਕ ਅਜਿਹਾ ਘਟਨਾਕ੍ਰਮ ਸੀ, ਜਿਸ ਦਾ ਰਾਸ਼ਟਰੀ-ਅੰਤਰਰਾਸ਼ਟਰੀ ਪ੍ਰਭਾਵ ਸਦੀਆਂ ਤੱਕ ਬਣਿਆ ਰਹੇਗਾ | ਇਸ ਨੂੰ  ਤੋੜਨ ਤੇ ਲੰਮੀ ਕਸ਼ਮਕਸ਼ ਦੇ ਬਾਅਦ ਅਯੁੱਧਿਆ ਵਿਚ ਇਸੇ ਥਾਂ 'ਤੇ ਰਾਮ ਮੰਦਿਰ ਦੀ ਉਸਾਰੀ ਵੀ ਭਾਰਤੀ ਮਾਨਸਿਕਤਾ 'ਤੇ ਵੱਡਾ ਪ੍ਰਭਾਵ ਪਾਉਣ ਵਾਲੀ ਘਟਨਾ ਮੰਨੀ ਜਾਂਦੀ ਹੈ | ਸਿਆਸੀ ਮੰਚ 'ਤੇ ਇਸ ਦਾ ਭਾਜਪਾ ਨੂੰ  ਵੱਡਾ ਲਾਭ ਪੁੱਜਾ ਹੈ | 
ਪਿਛਲੀਆਂ ਦੋ ਪਾਰੀਆਂ ਤੋਂ ਇੱਥੇ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿਚ ਭਾਜਪਾ ਪ੍ਰਸ਼ਾਸਨ ਚਲਾ ਰਹੀ ਹੈ, ਜੋ ਤੀਸਰੀ ਵਾਰ ਸੱਤਾ ਹਥਿਆਉਣ ਲਈ ਤਿਆਰ-ਬਰ-ਤਿਆਰ ਦਿਖਾਈ ਦਿੰਦੀ ਹੈ | ਯੋਗੀ ਆਦਿੱਤਿਆਨਾਥ ਨੇ ਇਸ ਸਮੇਂ ਵਿਚ ਸੂਬੇ ਦੇ ਵਿਕਾਸ ਨੂੰ  ਕਈ ਪੱਖਾਂ ਤੋਂ ਪੂਰੀ ਗਤੀ ਵੀ ਦਿੱਤੀ ਹੈ | ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਇਸ ਦੀ ਹਰ ਤਰ੍ਹਾਂ ਨਾਲ ਸਹਾਇਤਾ ਕੀਤੀ ਜਾਂਦੀ ਰਹੀ ਹੈ | ਵਾਰ-ਵਾਰ ਭਾਜਪਾ ਆਗੂਆਂ ਵਲੋਂ ਡਬਲ ਇੰਜਣ ਦੀ ਸਰਕਾਰ ਦੀ ਸਫ਼ਲਤਾ ਦੀਆਂ ਪ੍ਰਾਪਤੀਆਂ ਗਣਾਈਆਂ ਜਾ ਰਹੀਆਂ ਹਨ | ਮੁੱਖ ਮੰਤਰੀ ਨੇ ਜਿੱਥੇ ਰਾਜ ਨੂੰ  ਵਿਕਾਸ ਦੇ ਰਾਹ 'ਤੇ ਤੋਰਨ ਲਈ ਵੱਡੀ ਸਰਗਰਮੀ ਦਿਖਾਈ ਹੈ, ਉੱਥੇ ਉਸ ਦੇ ਪ੍ਰਸ਼ਾਸਨ ਵਲੋਂ ਗੈਂਗਸਟਰਵਾਦ ਦੇ ਨਾਲ-ਨਾਲ ਅਮਨ ਕਾਨੂੰਨ ਦੀ ਸਥਿਤੀ ਨਾਲ ਵੀ ਚੰਗੀ ਤਰ੍ਹਾਂ ਨਜਿੱਠਿਆ ਜਾ ਰਿਹਾ ਹੈ | ਕਦੀ ਦੇਸ਼ ਭਰ ਵਿਚ ਪਿਛਾਕੜੀ ਸੂਬੇ ਦੇ ਨਾਂਅ ਨਾਲ ਜਾਣਿਆ ਜਾਂਦਾ ਉੱਤਰ ਪ੍ਰਦੇਸ਼ ਅੱਜ ਜਿੱਥੇ ਹਰ ਪੱਖੋਂ ਵਿਕਾਸ ਦੇ ਰਾਹ 'ਤੇ ਦੌੜਦਾ ਦਿਖਾਈ ਦੇ ਰਿਹਾ ਹੈ, ਉੱਥੇ ਚਿਰਾਂ ਤੋਂ ਵਿਗ਼ੜੀ ਰਹੀ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਚ ਵੀ ਵੱਡਾ ਸੁਧਾਰ ਹੋਇਆ ਹੈ | ਇਸ ਦੇ ਨਾਲ ਹੀ ਰਾਮ ਮੰਦਿਰ ਦੀ ਉਸਾਰੀ ਵੀ ਇਕ ਵੱਡਾ ਧਾਰਮਿਕ ਭਾਵਨਾ ਨਾਲ ਜੁੜਿਆ ਮੁੱਦਾ ਦਿਖਾਈ ਦਿੰਦਾ ਹੈ | ਦੂਸਰੇ ਪਾਸੇ ਦਹਾਕਿਆਂ ਤੋਂ ਕਦੀ ਇਥੇ ਪ੍ਰਭਾਵਸ਼ਾਲੀ ਰਹੀ ਕਾਂਗਰਸ ਪਾਰਟੀ ਇਥੇ ਰਿੜਦੀ-ਖੁੜਦੀ ਅਤੇ ਲੜਖੜਾਉਂਦੀ ਦਿਖਾਈ ਦੇ ਰਹੀ ਹੈ | ਇਥੇ ਇਕ ਸਮੇਂ ਤੱਕ ਮਾਇਆਵਤੀ ਦੀ ਅਗਵਾਈ ਵਾਲੀ ਬਹੁਜਨ ਸਮਾਜ ਪਾਰਟੀ ਦਾ ਵੀ ਚੰਗਾ ਪ੍ਰਭਾਵ ਬਣਿਆ ਰਿਹਾ ਹੈ | ਇਸ ਦੇ ਨਾਲ ਹੀ ਪਹਿਲਾਂ ਮੁਲਾਇਮ ਸਿੰਘ ਯਾਦਵ ਅਤੇ ਫਿਰ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਦਾ ਵੀ ਇੱਥੇ ਵੱਡਾ ਆਧਾਰ ਬਣਿਆ ਰਿਹਾ ਹੈ | ਇਸ ਵਾਰ ਹੋਣ ਜਾ ਰਹੀਆਂ ਚੋਣਾਂ ਨੂੰ  ਇਸ ਲਈ ਦਿਲਚਸਪੀ ਨਾਲ ਵੇਖਿਆ ਜਾ ਰਿਹਾ ਹੈ ਕਿ ਪਿਛਲੇ ਲਗਭਗ 10 ਸਾਲ ਤੋਂ ਇੱਥੇ ਚਲੀ ਆ ਰਹੀ ਭਾਜਪਾ ਦੀ ਸਰਕਾਰ ਨੂੰ  ਕਾਂਗਰਸ ਅਤੇ ਸਮਾਜਵਾਦੀ ਪਾਰਟੀ, ਕਿਸ ਤਰ੍ਹਾਂ ਦੀ ਟੱਕਰ ਦੇ ਸਕਣਗੀਆਂ? ਇਸ ਨੂੰ  ਲੈ ਕੇ ਇਨ੍ਹਾਂ ਦੋਹਾਂ ਪਾਰਟੀਆਂ ਵਿਚ ਚੋਣ ਗੱਠਜੋੜ ਦੀ ਵੱਡੀ ਸੰਭਾਵਨਾ ਬਣ ਹੋਈ ਹੈ ਜੋ ਸੂਬੇ ਵਿਚ ਇਕ ਮਜ਼ਬੂਤ ਸਿਆਸੀ ਗੱਠਜੋੜ ਦਾ ਸੰਕੇਤ ਦੇਣ ਦੇ ਸਮਰੱਥ ਹੋ ਸਕਦੀ ਹੈ |
ਪਰ ਹੁਣ ਸੂਬੇ ਦੇ ਸਿਆਸੀ ਖੇਤਰ ਵਿਚ ਇਕ ਹੋਰ ਸਿਆਸੀ ਘਟਨਾ ਵੀ ਅਹਿਮ ਸਾਬਤ ਹੋਣ ਵਾਲੀ ਕਹੀ ਜਾ ਸਕਦੀ ਹੈ | ਅਸੂੱਦੀਨ ਓਵੈਸੀ ਦਾ ਦੇਸ਼ ਵਿਚ ਇਕ ਵੱਡੇ ਮੁਸਲਿਮ ਆਗੂ ਵਜੋਂ ਪ੍ਰਭਾਵ ਬਣਿਆ ਹੋਇਆ ਹੈ | ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿਚ ਦਲਿਤ ਆਗੂ ਚੰਦਰਸ਼ੇਖਰ ਆਜ਼ਾਦ ਵੀ ਲਗਾਤਾਰ ਇਥੇ ਵਾਪਰ ਰਹੇ ਸਿਆਸੀ ਘਟਨਾਕ੍ਰਮਾਂ ਨਾਲ ਜੁੜਿਆ ਰਿਹਾ ਹੈ | ਇਨ੍ਹਾਂ ਦੋਹਾਂ ਦੀਆਂ ਸਿਆਸਤ ਦੇ ਖੇਤਰ ਵਿਚ ਹੁਣ ਤੱਕ ਬਹੁਤ ਵੱਡੀਆਂ ਪ੍ਰਾਪਤੀਆਂ ਤਾਂ ਭਾਵੇਂ ਨਹੀਂ ਮੰਨੀਆਂ ਜਾ ਸਕਦੀਆਂ ਪਰ ਇਨ੍ਹਾਂ ਨੂੰ  ਅਣਗੌਲਿਆਂ ਕਰਨਾ ਵੀ ਬੇਹੱਦ ਮੁਸ਼ਕਿਲ ਜਾਪਦਾ ਹੈ | ਓਵੈਸੀ ਨੇ ਆਪਣੀ ਪਾਰਟੀ ਆਲ ਇੰਡੀਆ ਮਜਲਿਸ-ਏ-ਇਤਹਾਦਉਲ ਮੁਸਲਮੀਨ (ਏ.ਆਈ.ਐਮ.ਆਈ.ਐਮ.) ਅਤੇ ਚੰਦਰ ਸ਼ੇਖਰ ਆਜ਼ਾਦ ਦੀ ਪਾਰਟੀ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਆਉਂਦੀਆਂ ਚੋਣਾ ਲਈ ਸਾਂਝਾ ਮੁਹਾਜ਼ ਬਣਾ ਕੇ ਸੂਬੇ ਦੀਆਂ ਸਾਰੀਆਂ 403 ਸੀਟਾਂ 'ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ | ਉਨ੍ਹਾਂ ਨੇ ਆਪਣੇ ਗੱਠਜੋੜ ਨੂੰ  ਸਮਾਜਿਕ ਪਰਿਵਰਤਨ ਮੋਰਚਾ ਦਾ ਨਾਂਅ ਦਿੱਤਾ ਹੈ | ਇਹ ਮੋਰਚਾ ਸਮਾਜਵਾਦੀ ਪਾਰਟੀ ਅਤੇ ਬਸਪਾ 'ਤੇ ਵੀ ਅਸਰ ਪਾ ਸਕਦਾ ਹੈ | ਉੱਤਰ ਪ੍ਰਦੇਸ਼ ਵਿਚ ਜਾਤੀਵਾਦ ਦਾ ਵੀ ਵੱਡਾ ਪ੍ਰਭਾਵ ਰਿਹਾ ਹੈ | ਇੱਥੇ 21 ਫ਼ੀਸਦੀ ਦੇ ਲਗਭਗ ਦਲਿਤ ਆਬਾਦੀ ਹੈ ਅਤੇ 19 ਫ਼ੀਸਦੀ ਦੇ ਕਰੀਬ ਮੁਸਲਿਮ ਆਬਾਦੀ ਹੈ | ਓਵੈਸੀ ਦੀ ਅਤੇ ਚੰਦਰਸ਼ੇਖਰ ਦੀ ਪਾਰਟੀ ਇਸ 40 ਫ਼ੀਸਦੀ ਆਬਾਦੀ 'ਤੇ ਆਪਣਾ ਪ੍ਰਭਾਵ ਕਾਇਮ ਕਰਨ ਦੀ ਆਸ ਰੱਖਦੀਆਂ ਹਨ | ਦੂਸਰੇ ਪਾਸੇ ਇਨ੍ਹਾਂ ਦੇ ਚੋਣ ਮੈਦਾਨ ਵਿਚ ਗੱਠਜੋੜ ਬਣਾ ਕੇ ਆਉਣ ਨਾਲ ਭਾਜਪਾ ਨੂੰ  ਸਿਆਸੀ ਲਾਭ ਪੁੱਜਣ ਦੀ ਹੋਰ ਵੀ ਸੰਭਾਵਨਾ ਵਧ ਗਈ ਹੈ | ਬਣਦੇ ਇਸ ਨਵੇਂ ਸਮੀਕਰਨ ਨੂੰ  ਕਿਸੇ ਵੀ ਤਰ੍ਹਾਂ ਅਣਗੌਲਿਆਂ ਨਹੀਂ ਕੀਤਾ ਜਾ ਸਕੇਗਾ |

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਆਰ. ਐਮ. ਪੀ. ਆਈ. ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਅਗਲੀ ਖ਼ਬਰ ਕਿੰਨਾ ਕੁ ਪ੍ਰਭਾਵੀ ਰਹੇਗਾ ਓਵੈਸੀ ਤੇ ਚੰਦਰਸ਼ੇਖਰ ਦਾ ਗੱਠਜੋੜ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।