16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸਮਰਸਤਾ ਸੰਕਲਪ ਯਾਤਰਾ : ਬੇਗਮਪੁਰਾ ਦਾ ਸੁਨੇਹਾ

ਸਮਰਸਤਾ ਸੰਕਲਪ ਯਾਤਰਾ : ਬੇਗਮਪੁਰਾ ਦਾ ਸੁਨੇਹਾ

ਅਜੀਤ ਡੈਸਕ 16-11-2026
ਭਾਰਤ ਦੀ ਮਹਾਨ ਸੰਤ ਪਰੰਪਰਾ ਨੇ ਸਮਾਜ ਨੂੰ  ਸਮਾਨਤਾ, ਮਨੁੱਖਤਾ, ਭਾਈਚਾਰੇ ਤੇ ਅਧਿਆਤਮਿਕ ਚੇਤਨਾ ਦਾ ਮਾਰਗ ਦਿਖਾਇਆ ਹੈ | ਇਸ ਪਰੰਪਰਾ 'ਚ ਗੁਰੂ ਰਵਿਦਾਸ ਜੀ ਦਾ ਸਥਾਨ ਬਹੁਤ ਉੱਚਾ ਤੇ ਵਿਲੱਖਣ ਹੈ | ਉਨ੍ਹਾਂ ਦੀ ਬਾਣੀ ਸਿਰਫ਼ ਭਗਤੀ ਦਾ ਪ੍ਰਗਟਾਵਾ ਨਹੀਂ, ਸਗੋਂ ਸਮਾਜਿਕ ਕ੍ਰਾਂਤੀ, ਮਨੁੱਖੀ ਅਧਿਕਾਰਾਂ ਤੇ ਜਾਤ-ਪਾਤ ਤੋਂ ਮੁਕਤ ਸਮਾਜ ਦੀ ਸਥਾਪਨਾ ਦਾ ਮਹਾਨ ਸੰਦੇਸ਼ ਹੈ | ਗੁਰੂ ਰਵਿਦਾਸ ਜੀ ਨੇ ਆਪਣੇ ਸਮੇਂ 'ਚ ਸਮਾਜਿਕ ਵਿਤਕਰੇ ਤੇ ਅਸਮਾਨਤਾ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਅਜਿਹੇ ਸਮਾਜ ਦੀ ਕਲਪਨਾ ਕੀਤੀ, ਜਿੱਥੇ ਹਰ ਮਨੁੱਖ ਨੂੰ  ਸਨਮਾਨ, ਬਰਾਬਰੀ ਤੇ ਆਜ਼ਾਦੀ ਪ੍ਰਾਪਤ ਹੋਵੇ | ਗੁਰੂ ਰਵਿਦਾਸ ਜੀ ਦੇ 650ਵੇਂ ਆਗਮਨ ਪੁਰਬ ਨੂੰ  ਸਮਰਪਿਤ ਭਾਜਪਾ ਵਲੋਂ ਆਯੋਜਿਤ ਕੀਤੀ ਜਾ ਰਹੀ 'ਸਮਰਸਤਾ ਸੰਕਲਪ ਯਾਤਰਾ' ਇਸੇ ਮਹਾਨ ਵਿਚਾਰਧਾਰਾ ਨੂੰ  ਜਨ-ਜਨ ਤੱਕ ਪਹੁੰਚਾਉਣ ਦਾ ਇਕ ਮਹੱਤਵਪੂਰਨ ਉਪਰਾਲਾ ਹੈ | 18 ਨਵੰਬਰ ਨੂੰ  ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਤੋਂ ਸ਼ੁਰੂ ਹੋ ਕੇ 3 ਦਸੰਬਰ ਨੂੰ  ਵਾਰਾਨਸੀ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ ਵਿਖੇ ਸਮਾਪਤ ਹੋਣ ਵਾਲੀ ਇਹ ਯਾਤਰਾ 2,558 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ | ਸੱਤ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 46 ਸ਼ਹਿਰਾਂ 'ਚੋਂ ਲੰਘਣ ਵਾਲੀ ਇਹ ਯਾਤਰਾ ਦੋ ਕਰੋੜ ਤੋਂ ਵੱਧ ਲੋਕਾਂ ਤੱਕ ਗੁਰੂ ਜੀ ਦੀਆਂ ਸਿੱਖਿਆਵਾਂ ਪਹੁੰਚਾਉਣ ਦਾ ਟੀਚਾ ਰੱਖਦੀ ਹੈ |
ਗੁਰੂ ਰਵਿਦਾਸ ਜੀ ਦੀ ਬਾਣੀ ਦਾ ਕੇਂਦਰੀ ਸਿਧਾਂਤ ਮਨੁੱਖੀ ਸਮਾਨਤਾ ਹੈ | ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮਨੁੱਖ ਦੀ ਮਹਾਨਤਾ ਉਸ ਦੀ ਜਾਤ, ਜਨਮ ਜਾਂ ਸਮਾਜਿਕ ਰੁਤਬੇ ਨਾਲ ਨਹੀਂ, ਸਗੋਂ ਉਸ ਦੇ ਕਰਮਾਂ, ਭਗਤੀ ਤੇ ਵਿਚਾਰਾਂ ਨਾਲ ਨਿਰਧਾਰਤ ਹੁੰਦੀ ਹੈ | ਗੁਰੂ ਜੀ ਦਾ ਇਹ ਸ਼ਬਦ ਸਮਾਜ ਨੂੰ  ਅੱਜ ਵੀ ਇਕ ਨਵੀਂ ਦਿਸ਼ਾ ਦਿੰਦਾ ਹੈ:-
ਜਾਤਿ ਜਾਤਿ ਮਹਿ ਜਾਤਿ ਹੈ
ਜਿਉ ਕੇਲਨ ਕੇ ਪਾਤ¨
ਰਵਿਦਾਸ ਨ ਮਾਨੁਖ ਜੁੜਿ ਸਕੈ
ਜਉ ਲਉ ਜਾਤਿ ਨ ਜਾਤ¨
ਇਸ ਵਿਚਾਰ ਦਾ ਭਾਵ ਹੈ ਕਿ ਜਾਤ-ਪਾਤ ਦੀਆਂ ਪਰਤਾਂ ਮਨੁੱਖੀ ਸਮਾਜ ਨੂੰ  ਵੰਡਦੀਆਂ ਹਨ | ਜਦੋਂ ਤੱਕ ਇਹ ਵੰਡ ਖ਼ਤਮ ਨਹੀਂ ਹੁੰਦੀ, ਉਦੋਂ ਤੱਕ ਮਨੁੱਖਤਾ ਅਸਲ ਰੂਪ 'ਚ ਇਕਜੁੱਟ ਨਹੀਂ ਹੋ ਸਕਦੀ | ਅੱਜ ਦੇ ਸਮੇਂ ਵਿਚ ਜਦੋਂ ਸਮਾਜ ਨੂੰ  ਵੱਖ-ਵੱਖ ਪਛਾਣਾਂ ਦੇ ਆਧਾਰ 'ਤੇ ਵੰਡਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ, ਗੁਰੂ ਜੀ ਦੀ ਬਾਣੀ ਸਾਨੂੰ ਆਪਸੀ ਸਤਿਕਾਰ ਤੇ ਸਮਾਜਿਕ ਏਕਤਾ ਦਾ ਰਸਤਾ ਦਿਖਾਉਂਦੀ ਹੈ |
ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਦਾ ਸਭ ਤੋਂ ਪ੍ਰੇਰਨਾਦਾਇਕ ਪ੍ਰਗਟਾਵਾ ਉਨ੍ਹਾਂ ਦੇ 'ਬੇਗਮਪੁਰਾ' ਦੇ ਸੰਕਲਪ ਵਿਚ ਮਿਲਦਾ ਹੈ | ਗੁਰੂ ਜੀ ਨੇ ਅਜਿਹੇ ਆਦਰਸ਼ ਸਮਾਜ ਦੀ ਕਲਪਨਾ ਕੀਤੀ, ਜਿੱਥੇ ਕੋਈ ਦੁੱਖ, ਡਰ, ਵਿਤਕਰਾ ਜਾਂ ਸ਼ੋਸ਼ਣ ਨਾ ਹੋਵੇ | ਉਨ੍ਹਾਂ ਦੀ ਬਾਣੀ 'ਚ ਇਹ ਸ਼ਬਦ ਦਰਜ ਹੈ:-
ਬੇਗਮ ਪੁਰਾ ਸਹਰ ਕੋ ਨਾਉ¨
ਦੂਖੁ ਅੰਦੋਹੁ ਨਹੀ ਤਿਹਿ ਠਾਉ¨ (ਅੰਗ:345)
ਬੇਗਮਪੁਰਾ ਸਿਰਫ਼ ਇਕ ਅਧਿਆਤਮਿਕ ਕਲਪਨਾ ਨਹੀਂ, ਸਗੋਂ ਇਕ ਸਮਾਜਿਕ ਤੇ ਨੈਤਿਕ ਆਦਰਸ਼ ਹੈ | ਇਹ ਅਜਿਹੇ ਭਾਰਤ ਦੀ ਕਲਪਨਾ ਕਰਦਾ ਹੈ, ਜਿੱਥੇ ਹਰ ਨਾਗਰਿਕ ਨੂੰ  ਸਿੱਖਿਆ, ਰੁਜ਼ਗਾਰ, ਸਮਾਜਿਕ ਸੁਰੱਖਿਆ ਅਤੇ ਸਨਮਾਨ ਦੇ ਬਰਾਬਰ ਮੌਕੇ ਮਿਲਣ | ਸਮਰਸਤਾ ਦਾ ਅਸਲ ਅਰਥ ਵੀ ਇਹੀ ਹੈ ਕਿ ਸਮਾਜ ਦੇ ਹਰ ਵਰਗ ਨੂੰ  ਨਾਲ ਲੈ ਕੇ ਚੱਲਿਆ ਜਾਵੇ | ਗੁਰੂ ਜੀ ਨੇ ਮਨੁੱਖਤਾ ਨੂੰ  ਸਭ ਤੋਂ ਉੱਪਰ ਰੱਖਦਿਆਂ ਪ੍ਰਭੂ ਦੀ ਸਰਬਵਿਆਪਕਤਾ ਦਾ ਸੰਦੇਸ਼ ਦਿੱਤਾ ਹੈ | ਉਹ ਆਖਦੇ ਹਨ:-
ਐਸੀ ਲਾਲ ਤੁਝ ਬਿਨੁ ਕਉਨੁ ਕਰੈ¨
ਗਰੀਬ ਨਿਵਾਜੁ ਗੁਸਈਆ ਮੇਰਾ 
ਮਾਥੈ ਛਤ੍ਰ ਧਰੈ¨ (ਅੰਗ : 1106)
ਇਹ ਸ਼ਬਦ ਉਸ ਪ੍ਰਭੂ ਪ੍ਰਤੀ ਵਿਸ਼ਵਾਸ ਨੂੰ  ਦਰਸਾਉਂਦੇ ਹਨ, ਜੋ ਗਰੀਬਾਂ, ਲੋੜਵੰਦਾਂ ਤੇ ਵਾਂਝੇ ਲੋਕਾਂ ਦਾ ਸਹਾਰਾ ਹੈ | ਗੁਰੂ ਜੀ ਦੀ ਇਹ ਵਿਚਾਰਧਾਰਾ ਸਾਨੂੰ ਸਮਾਜ ਦੇ ਕਮਜ਼ੋਰ ਵਰਗਾਂ ਪ੍ਰਤੀ ਸੰਵੇਦਨਸ਼ੀਲ ਹੋਣ ਤੇ ਉਨ੍ਹਾਂ ਦੀ ਭਲਾਈ ਲਈ ਕਾਰਜ ਕਰਨ ਦੀ ਪ੍ਰੇਰਨਾ ਦਿੰਦੀ ਹੈ | ਇਸੇ ਲਈ ਸਮਰਸਤਾ ਸੰਕਲਪ ਯਾਤਰਾ ਦੌਰਾਨ ਸਫ਼ਾਈ ਮੁਹਿੰਮ, ਸਮਾਜਿਕ ਸੰਵਾਦ, ਸਮਰਸਤਾ ਭੋਜ ਅਤੇ ਵੱਖ-ਵੱਖ ਭਾਈਚਾਰਿਆਂ ਦੀ ਸ਼ਮੂਲੀਅਤ ਵਰਗੀਆਂ ਸਰਗਰਮੀਆਂ ਨੂੰ  ਮਹੱਤਵ ਦਿੱਤਾ ਜਾ ਰਿਹਾ ਹੈ | ਗੁਰੂ ਜੀ ਭਗਤੀ ਨੂੰ  ਮਨੁੱਖੀ ਜੀਵਨ ਦੀ ਸ਼ੁੱਧਤਾ ਤੇ ਨੈਤਿਕਤਾ ਨਾਲ ਜੋੜਦਿਆਂ ਆਖਦੇ ਹਨ- ਮਨ ਚੰਗਾ ਤਾਂ ਕਠੌਤੀ ਵਿਚ ਗੰਗਾ | ਇਹ ਪੰਕਤੀ ਮਨੁੱਖ ਨੂੰ  ਅੰਦਰੂਨੀ ਸ਼ੁੱਧਤਾ ਦਾ ਮਹੱਤਵ ਸਮਝਾਉਂਦੀ ਹੈ | ਗੁਰੂ ਜੀ ਅਨੁਸਾਰ ਸੱਚੀ ਭਗਤੀ ਲਈ ਦਿਖਾਵੇ ਦੀ ਨਹੀਂ, ਸਗੋਂ ਪਵਿੱਤਰ ਮਨ, ਸੱਚੇ ਆਚਰਨ ਤੇ ਨਿਸ਼ਕਾਮ ਸੇਵਾ ਦੀ ਲੋੜ ਹੈ | ਇਹ ਸੰਦੇਸ਼ ਅੱਜ ਦੇ ਸਮਾਜ ਵਿਚ ਵੀ ਬਹੁਤ ਪ੍ਰਸੰਗਿਕ ਹੈ, ਕਿਉਂਕਿ ਸਮਾਜਿਕ ਬਦਲਾਅ ਦੀ ਸ਼ੁਰੂਆਤ ਮਨੁੱਖ ਦੇ ਆਪਣੇ ਵਿਚਾਰਾਂ ਤੇ ਵਿਹਾਰ ਤੋਂ ਹੁੰਦੀ ਹੈ |
ਭਾਜਪਾ ਦੀ ਸਮਰਸਤਾ ਸੰਕਲਪ ਯਾਤਰਾ ਨੂੰ  ਸਿਰਫ਼ ਇਕ ਧਾਰਮਿਕ ਜਾਂ ਰਾਜਨੀਤਕ ਸਮਾਗਮ ਤੱਕ ਸੀਮਤ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ | ਇਸ ਦਾ ਮਹੱਤਵ ਇਸ ਗੱਲ ਵਿਚ ਹੈ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ  ਲੋਕਾਂ ਦੇ ਜੀਵਨ ਤੇ ਸਮਾਜਿਕ ਵਿਹਾਰ ਦਾ ਹਿੱਸਾ ਬਣਾਇਆ ਜਾਵੇ | ਜਲੰਧਰ ਤੋਂ ਵਾਰਾਨਸੀ ਤੱਕ ਦਾ ਇਹ ਸਫ਼ਰ ਪੰਜਾਬ ਦੀ ਸੰਤ ਪਰੰਪਰਾ ਤੇ ਉੱਤਰੀ ਭਾਰਤ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ  ਜੋੜਨ ਦਾ ਮੌਕਾ ਵੀ ਹੈ | ਇਸ ਯਾਤਰਾ ਰਾਹੀਂ ਸਮਾਜਿਕ ਏਕਤਾ, ਭਾਈਚਾਰੇ ਅਤੇ ਮਨੁੱਖੀ ਮਰਿਆਦਾ ਦੇ ਸੰਦੇਸ਼ ਨੂੰ  ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ | ਗੁਰੂ ਰਵਿਦਾਸ ਜੀ ਦੇ 650ਵੇਂ ਆਗਮਨ ਪੁਰਬ ਦਾ ਅਸਲ ਮਹੱਤਵ ਉਨ੍ਹਾਂ ਦੀ ਬਾਣੀ ਨੂੰ  ਪੜ੍ਹਨਾ, ਸਮਝਣਾ ਅਤੇ ਅਮਲ ਵਿਚ ਲਿਆਉਣਾ ਹੈ | ਜੇ ਅਸੀਂ ਜਾਤ-ਪਾਤ, ਛੂਤ-ਛਾਤ, ਸਮਾਜਿਕ ਵਿਤਕਰੇ ਤੇ ਅਸਮਾਨਤਾ ਨੂੰ  ਖ਼ਤਮ ਕਰਨ ਦਾ ਸੰਕਲਪ ਲੈਂਦੇ ਹਾਂ ਤਾਂ ਹੀ ਗੁਰੂ ਜੀ ਪ੍ਰਤੀ ਸਾਡੀ ਸ਼ਰਧਾ ਸਾਰਥਕ ਹੋਵੇਗੀ | ਸਮਰਸਤਾ ਸੰਕਲਪ ਯਾਤਰਾ ਇਸੇ ਦਿਸ਼ਾ ਵਿਚ ਇਕ ਪ੍ਰੇਰਨਾਦਾਇਕ ਕਦਮ ਹੈ | ਗੁਰੂ ਰਵਿਦਾਸ ਜੀ ਦਾ ਬੇਗਮਪੁਰਾ ਵਾਲਾ ਸੁਪਨਾ ਇਕ ਅਜਿਹੇ ਸਮਾਜ ਦੀ ਸਥਾਪਨਾ ਦਾ ਸੰਦੇਸ਼ ਹੈ, ਜਿੱਥੇ ਹਰ ਮਨੁੱਖ ਬਰਾਬਰ ਹੋਵੇ, ਹਰ ਦਿਲ ਵਿਚ ਮਨੁੱਖਤਾ ਵਸੇ ਅਤੇ ਹਰ ਵਿਅਕਤੀ ਨੂੰ  ਸਨਮਾਨ ਨਾਲ ਜਿਊਣ ਦਾ ਅਧਿਕਾਰ ਮਿਲੇ | ਇਹੀ ਗੁਰੂ ਜੀ ਦੀ ਬਾਣੀ ਦਾ ਸਦੀਵੀ ਸੰਦੇਸ਼ ਤੇ ਸਮਰਸਤਾ ਦਾ ਅਸਲ ਸੰਕਲਪ ਹੈ |
-ਲੇਖਕ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਹਨ |
ਪਿਛਲੀ ਖ਼ਬਰ ਕਿੰਨਾ ਕੁ ਪ੍ਰਭਾਵੀ ਰਹੇਗਾ ਓਵੈਸੀ ਤੇ ਚੰਦਰਸ਼ੇਖਰ ਦਾ ਗੱਠਜੋੜ? ਅਗਲੀ ਖ਼ਬਰ ਸੋਨੀਆ ਗਾਂਧੀ ਦੀ ਕਿਤਾਬ ਫ਼ੌਜ ਦੇਰੀ ਨਾਲ ਤਾਇਨਾਤ ਕਰਨ ਦਾ ਸਹੀ ਜਵਾਬ ਨਹੀਂ ਦੇ ਸਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।