ਪਿਛਲੇ ਕੁਝ ਦਿਨਾਂ ਤੋਂ ਆਸਥਾ ਦੇ ਵੱਡੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਲਈ ਈ-ਮੇਲਾਂ ਰਾਹੀਂ ਦਿੱਤੀਆਂ ਜਾ ਰਹੀਆਂ ਲਗਾਤਾਰ ਧਮਕੀਆਂ ਨੇ ਦੇਸ਼-ਵਿਦੇਸ਼ ਵਿਚ ਵਸਦੇ ਸ਼ਰਧਾਲੂਆਂ ਦੇ ਮਨਾਂ ਵਿਚ ਵੱਡੀ ਚਿੰਤਾ ਪੈਦਾ ਕੀਤੀ ਹੈ, ਇਸ ਸੰਬੰਧੀ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅਜਿਹਾ ਕਿਸ ਵਲੋਂ ਅਤੇ ਕਿਸ ਮੰਤਵ ਨਾਲ ਕੀਤਾ ਜਾ ਰਿਹਾ ਹੈ। ਹਰ ਸ਼ਰਧਾਲੂ ਦੇ ਮਨ ਵਿਚ ਅਜਿਹੇ ਸਵਾਲ ਉੱਠਣੇ ਕੁਦਰਤੀ ਹਨ। ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਇਕ ਅਜਿਹਾ ਕੇਂਦਰ ਹੈ, ਜਿਸ ਨਾਲ ਸਦੀਆਂ ਦਾ ਇਤਿਹਾਸ ਜੁੜਿਆ ਹੋਇਆ ਹੈ। ਇਸ ਦੀ ਮਹਾਨਤਾ ਅਧਿਆਤਮਕ ਪੱਖ ਦੇ ਨਾਲ-ਨਾਲ ਇਤਿਹਾਸਕ ਪੱਖੋਂ ਵੀ ਬੜੀ ਅਹਿਮ ਹੈ। ਇਸ ਪਵਿੱਤਰ ਸਥਾਨ ਤੋਂ ਹੀ ਅਨੇਕਾਂ ਅਜਿਹੀਆਂ ਮਾਣਮੱਤੀਆਂ ਲਹਿਰਾਂ ਚੱਲੀਆਂ, ਜਿਨ੍ਹਾਂ ਨੇ ਪੰਜਾਬ ਅਤੇ ਦੇਸ਼ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਸੀ। ਇਸ ਸਥਾਨ ਤੋਂ ਨਵੀਂ ਤੋਂ ਨਵੀਂ ਚੇਤਨਾ ਪੈਦਾ ਹੁੰਦੀ ਰਹੀ, ਜੋ ਸਮਾਜ ਨੂੰ ਵੱਡੀ ਹੱਦ ਤੱਕ ਬਦਲਣ ਦੀ ਸਮਰੱਥਾ ਰੱਖਦੀ ਸੀ। ਇਸੇ ਲਈ ਇਹ ਸਥਾਨ ਸਿੱਖ ਸੰਘਰਸ਼ ਦਾ ਸੋਮਾ ਬਣਿਆ ਰਿਹਾ ਹੈ। ਇਹ ਸਥਾਨ ਹਮੇਸ਼ਾ ਸਮੁੱਚੀ ਮਾਨਵਤਾ ਨੂੰ ਕਲਾਵੇ ਵਿਚ ਲੈਣ ਦਾ ਸੰਦੇਸ਼ ਦਿੰਦਾ ਰਿਹਾ ਹੈ। ਇਥੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਨਿਰੰਤਰ ਚਲਦਾ ਰਹਿੰਦਾ ਹੈ। ਗੁਰਬਾਣੀ ਦਾ ਸੰਦੇਸ਼ ਪੂਰੀ ਮਾਨਵਤਾ ਲਈ ਹੈ। ਇਸੇ ਲਈ ਦੁਨੀਆ ਭਰ 'ਚੋਂ ਲੱਖਾਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਅਤੇ ਆਪਣੀ ਅਕੀਦਤ ਭੇਟ ਕਰਨ ਲਈ ਆਉਂਦੇ ਰਹਿੰਦੇ ਹਨ।
ਅਜਿਹੇ ਪਵਿੱਤਰ ਸਥਾਨ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਜਾਂ ਤਾਂ ਕੋਈ ਸਿਰਫਿਰਿਆ ਦੇ ਸਕਦਾ ਹੈ ਜਾਂ ਇਸ ਪਿੱਛੇ ਕੋਈ ਵੱਡੀ ਸਾਜਿਸ਼ ਦੀ ਸੰਭਾਵਨਾ ਹੋ ਸਕਦੀ ਹੈ। ਧਮਕੀਆਂ ਦੇਣ ਦੀ ਕਾਰਵਾਈ ਲਗਾਤਾਰ ਜਾਰੀ ਰਹਿਣ ਕਾਰਨ ਹਰ ਸੂਰਤ ਵਿਚ ਸਚਾਈ ਨੂੰ ਸਾਹਮਣੇ ਲਿਆਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਸਮਾਜ ਦੇ ਹਰ ਤਬਕੇ ਨੇ ਇਸ ਸੰਬੰਧੀ ਵੱਡੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਬਿਨਾਂ ਸ਼ੱਕ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਵੱਜਦੀ ਹੈ। ਅਜਿਹੇ ਮਾੜੇ ਵਰਤਾਰੇ ਸੰਬੰਧੀ ਸਮੁੱਚੇ ਪ੍ਰਸ਼ਾਸਨ ਅਤੇ ਸਮਾਜ ਦਾ ਸੁਚੇਤ ਹੋਣਾ ਕੁਦਰਤੀ ਹੈ। ਅੰਮ੍ਰਿਤਸਰ ਦੇ ਪੁਲਿਸ ਮੁਖੀ ਨੇ ਤਾਮਿਲਨਾਡੂ ਨਾਲ ਸੰਬੰਧਿਤ ਇਕ ਵਿਅਕਤੀ ਨੂੰ ਇਸ ਸੰਬੰਧੀ ਫੜ ਕੇ ਲਿਆਉਣ ਦਾ ਖ਼ੁਲਾਸਾ ਕੀਤਾ ਹੈ ਅਤੇ ਇਹ ਵੀ ਭਰੋਸਾ ਦਿੱਤਾ ਹੈ ਕਿ ਇਸ ਸੰਬੰਧੀ ਛੇਤੀ ਹੀ ਸਚਾਈ ਲੋਕਾਂ ਸਾਹਮਣੇ ਲਿਆਂਦੀ ਜਾਏਗੀ ਅਤੇ ਦੋਸ਼ੀਆਂ ਵਿਰੁੱਧ ਪ੍ਰਭਾਵੀ ਢੰਗ ਨਾਲ ਕਾਰਵਾਈ ਵੀ ਕੀਤੀ ਜਾਏਗੀ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸੰਬੰਧਿਤ ਵਿਅਕਤੀ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਵੀ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਧਮਕੀਆਂ ਦੇਣ ਦੇ ਅਮਲ ਪਿੱਛੇ ਇਕ ਤੋਂ ਵੱਧ ਵਿਅਕਤੀ ਹੋ ਸਕਦੇ ਹਨ। ਇਸ ਹਰਕਤ ਵਿਚ ਸ਼ਾਮਿਲ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨਾ ਅਤੇ ਉਨ੍ਹਾਂ ਦੇ ਅਸਲੀ ਇਰਾਦਿਆਂ ਦਾ ਪਤਾ ਲਾਉਣ ਲਈ ਬਿਨਾਂ ਸ਼ੱਕ ਪੁਲਿਸ ਪ੍ਰਸ਼ਾਸਨ ਨੂੰ ਅਜੇ ਹੋਰ ਸਖ਼ਤ ਮਿਹਨਤ ਕਰਨੀ ਪਵੇਗੀ। ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਅਤੇ ਆਪਣੀ ਸ਼ਰਧਾ ਪ੍ਰਗਟ ਕਰਨ ਆਉਣ ਵਾਲੇ ਹਰ ਵਿਅਕਤੀ ਵਿਚ ਸੁਰੱਖਿਆ ਦੀ ਭਾਵਨਾ ਕਾਇਮ ਰਹਿਣੀ ਚਾਹੀਦੀ ਹੈ। ਸ਼ਰਾਰਤੀ ਅਨਸਰਾਂ ਨੂੰ ਇਸ ਸਥਾਨ ਅਤੇ ਇਥੇ ਆਉਣ ਵਾਲੇ ਸ਼ਰਧਾਲੂਆਂ ਦੇ ਮਨ ਵਿਚ ਅਸੁਰੱਖਿਅਤਾ ਦੀ ਭਾਵਨਾ ਪੈਦਾ ਕਰਨ ਦੀ ਇਜਾਜ਼ਤ ਹਰਗਿਜ਼ ਨਹੀਂ ਦਿੱਤੀ ਜਾ ਸਕਦੀ।
ਬਿਨਾਂ ਸ਼ੱਕ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਲਈ ਵੀ ਇਹ ਮਸਲਾ ਇਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਇਆ ਹੈ, ਜਿਸ ਦੇ ਹੱਲ ਅਤੇ ਇਸ ਪਿੱਛੇ ਛੁਪੀ ਸਾਜਿਸ਼ ਨੂੰ ਸਾਹਮਣੇ ਲਿਆਉਣਾ, ਉਨ੍ਹਾਂ ਦਾ ਵੀ ਵੱਡਾ ਫਰਜ਼ ਬਣ ਜਾਂਦਾ ਹੈ ਤਾਂ ਜੋ ਕਰੋੜਾਂ ਸ਼ਰਧਾਲੂਆਂ ਦੇ ਮਨਾਂ ਦੀ ਚਿੰਤਾ ਨੂੰ ਦੂਰ ਕੀਤਾ ਜਾ ਸਕੇ।
-ਬਰਜਿੰਦਰ ਸਿੰਘ ਹਮਦਰਦ